
ਨਵੀਂ ਦਿੱਲੀ, 16 ਅਕਤੂਬਰ (ਅਮਨਦੀਪ ਸਿੰਘ): ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਲਕ ਨਗਰ ਵਿਧਾਨ ਸਭਾ ਹਲਕੇ ਅਧੀਨ ਵਿਸ਼ਨੂੰ ਗਾਰਡਨ ਵਿਖੇ ਨਵੀਂ ਸੀਵਰ ਲਾਈਨ ਵਿਛਾਉਣ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਖ਼ੁਸ਼ੀ ਦਾ ਦਿਹਾੜਾ ਹੈ ਕਿ 40 ਸਾਲ ਬਾਅਦ ਇਸ ਹਲਕੇ ਦੇ ਲੋਕਾਂ ਨੂੰ ਸੀਵਰ ਦੀ ਸਹੂਲਤ ਮਿਲ ਸਕੇਗੀ । ਉਨ੍ਹਾਂ ਕਿਹਾ ਕਿ ਲਾਈਨ ਵਿਛਾਉਣ ਲਈ ਤਕਰੀਬਨ ਇਕ ਸਾਲ ਦਾ ਸਮਾਂ ਲੱਗੇਗਾ ਤੇ ਉਹ ਖ਼ੁਦ ਇਸ ਸਾਰੇ ਪ੍ਰਾਜੈਕਟ ਦੀ ਨਿਗਰਾਨੀ ਕਰਨਗੇ। ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਇਲਾਕੇ ਦੇ ਵਿਧਾਇਕ ਸ.ਜਰਨੈਲ ਸਿੰਘ ਨੇ ਕਿਹਾ ਕਿ ਸੀਵਰ ਲਾਈਨ 'ਤੇ ਤਕਰੀਬਨ ਢਾਈ ਕਰੋੜ ਰੁਪਏ ਖਰਚ ਹੋਣਗੇ । ਇਹ ਇਲਾਕੇ ਦੇ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ ਹੈ।ਇਥੋਂ ਦੇ ਵਿਸ਼ਨੂੰ ਗਾਰਡਨ ਵਿਖੇ ਹੋਏ ਸਮਾਗਮ ਦੌਰਾਨ ਭਰਵੀਂ ਤਾਦਾਦ ਵਿਚ ਇਲਾਕਾ ਵਾਸੀ ਸ਼ਾਮਲ ਹੋਏ।
ਕੇਜਰੀਵਾਲ ਨੇ ਭਰੋਸਾ ਦਿਤਾ ਕਿ ਵੱਖ-ਵੱਖ ਇਲਾਕਿਆਂ ਵਿਚ ਬਿਜਲੀ, ਪਾਣੀ, ਸੀਵਰ ਤੇ ਸਫ਼ਾਈ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਛੇਤੀ ਤੋਂ ਛੇਤੀ ਠੀਕ ਠਾਕ ਕਰ ਦਿਤਾ ਜਾਵੇਗਾ ਤੇ ਆਉਂਦੇ 5 ਮਹੀਨਿਆਂ ਤੱਕ ਪੂਰੀ ਦਿੱਲੀ ਵਿਚ ਸੀਸੀਟੀਵੀ ਲਾ ਦਿਤੇ ਜਾਣਗੇ । ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਪਹਿਲਾਂ ਇਸ ਇਲਾਕੇ ਵਿਚ ਪੀਣ ਦਾ ਮਿੱਠਾ ਪਾਣੀ ਮੁਹਈਆ ਕਰਵਾਇਆ ਜਾ ਚੁਕਾ ਹੈ, ਹੁਣ ਲੋਕਾਂ ਦੀ ਪੁਰਾਣੀ ਮੰਗ ਪੂਰੀ ਕਰ ਕੇ ਸੀਵਰ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਦਿੱਲੀ ਜਲ ਬੋਰਡ ਦੇ ਸੀਈਓ ਕੇਸ਼ਵ ਚੰਦਰਾ ਤੇ ਹੋਰ ਅਫ਼ਸਰ ਹਾਜ਼ਰ ਸਨ।ਪੰਜਾਬੀ ਅਕਾਦਮੀ ਵਲੋਂ ਗਾਇਕ ਦਿਲਬਾਗ ਸਿੰਘ ਨੇ ਸਭਿਆਚਾਰਕ ਗੀਤਾਂ ਨਾਲ ਲੋਕਾਂ ਨੂੰ ਬਾਗ਼ੋ ਬਾਗ਼ ਕਰ ਦਿਤਾ। ਕੋਂਲਸਰ ਸ.ਗੁਰਮੁਖ ਸਿੰਘ ਬਿੱਟੂ, ਆਪ ਦੇ ਤਿਲਕ ਨਗਰ ਪ੍ਰਧਾਨ ਰਾਜਾ ਛਾਬੜਾ, ਸੁਰਿੰਦਰ ਸਿੰਘ ਵਾਲੀਆ, ਅਮਰਜੀਤ ਸਿੰਘ ਸੇਠੀ, ਅਜੀਤ ਸਿੰਘ ਸਿਹਰਾ, ਹਰਜੀਤ ਸਿੰਘ ਰਿੰਕੂ, ਐਮ ਏ ਮੰਨਸੂਰੀ, ਅਸ਼ੋਕ ਮਾਣੂ ਅਤੇ ਜਤਿੰਦਰ ਸਿੰਘ ਪ੍ਰਧਾਨ ਆਦਿ ਸ਼ਾਮਲ ਹੋਏ।