
ਮੁੰਬਈ/ਪੁਣੇ/ਨਾਗਪੁਰ, 3 ਜਨਵਰੀ : ਮਹਾਰਾਸ਼ਟਰ ਦੇ ਪੁਣੇ ਵਿਚ ਦੋ ਦਿਨ ਪਹਿਲਾਂ ਵਾਪਰੀਆਂ ਹਿੰਸਕ ਘਟਨਾਵਾਂ ਅਤੇ ਫਿਰ ਵੱਖ ਵੱਖ ਥਾਈਂ ਹੋਏ ਵਿਰੋਧ ਪ੍ਰਦਰਸ਼ਨਾਂ ਮਗਰੋਂ ਅੱਜ ਦਿਤੇ ਗਏ ਬੰਦ ਦੇ ਸੱਦੇ ਦੌਰਾਨ ਮੁੰਬਈ ਵਿਚ ਬਸਾਂ 'ਤੇ ਹਮਲਾ ਕੀਤਾ ਗਿਆ ਅਤੇ ਨਾਗਪੁਰ ਵਿਚ ਹਾਲਾਤ ਤਣਾਅਪੂਰਨ ਰਹੇ। ਸਰਕਾਰੀ ਬਸਾਂ 'ਤੇ ਪੱਥਰ ਸੁੱਟੇ ਜਾਣ ਦੀਆਂ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਬਾਕੀ ਥਾਈਂ ਹਾਲਾਤ ਆਮ ਵਾਂਗ ਰਹੇ। ਬੰਦ ਕਾਰਨ ਕਈ ਸਕੂਲਾਂ ਅਤੇ ਬਾਜ਼ਾਰਾਂ ਨੂੰ ਅੱਜ ਬੰਦ ਰਖਿਆ ਗਿਆ। ਬਾਅਦ ਵਿਚ ਦਲਿਤ ਜਥੇਬੰਦੀਆਂ ਨੈ ਬੰਦ ਦਾ ਸੱਦਾ ਵਾਪਸ ਲੈ ਲਿਆ। ਰਾਜ ਵਿਚ ਦਲਿਤ ਨੇਤਾਵਾਂ ਦੇ ਬੰਦ ਦੇ ਸੱਦੇ ਕਾਰਨ ਅੱਜ ਮੁੰਬਈ ਵਿਚ ਇਕ ਵਾਰ ਫਿਰ ਬਸਾਂ ਨੂੰ ਨਿਸ਼ਾਨਾ
ਬਣਾਇਆ ਗਿਆ ਹੈ। ਦਲਿਤ ਨੇਤਾ ਭੀਮਾ-ਕੋਰੇਗਾਂਵ ਦੀ ਲੜਾਈ ਦੀ 200ਵੀਂ ਵਰ੍ਹੇਗੰਢ ਦੌਰਾਨ ਭੜਕੀ ਹਿੰਸਾ ਦਾ ਵਿਰੋਧ ਕਰ ਰਹੇ ਹਨ। ਅਧਿਕਾਰੀਆਂ ਨੇ ਦਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਮੁੰਬਈ ਵਿਚ ਕਈ ਥਾਈਂ 13 ਬਸਾਂ ਵਿਚ ਭੰਨਤੋੜ ਕੀਤੀ। ਅੱਜ ਸਵੇਰੇ ਦਲਿਤ ਕਾਰਕੁਨਾਂ ਨੇ ਮੁੰਬਈ ਦੇ ਘਾਟਕੋਪਰ ਰੇਲਵੇ ਸਟੇਸ਼ਲ 'ਤੇ ਰੇਲ ਸੇਵਾ ਵਿਚ ਅੜਿੱਕਾ ਪਾਇਆ ਜਿਸ ਕਾਰਨ ਦਫ਼ਤਰਾਂ ਨੂੰ ਜਾਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੰਦ ਕਾਰਨ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਮੁੰਬਈ ਦੇ ਮਸ਼ਹੂਰ ਡੱਬੇ ਵਾਲਿਆਂ ਨੇ ਵੀ ਅੱਜ ਅਪਣੀਆਂ ਸੇਵਾਵਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਸੀ। 99 ਫ਼ੀ ਸਦੀ ਸਕੂਲ ਬਸਾਂ ਵੀ ਸੜਕਾਂ 'ਤੇ ਨਹੀਂ ਆਈਆਂ। ਪ੍ਰਦਰਸ਼ਨਕਾਰੀਆਂ ਨੇ ਕੁੱਝ ਸਕੂਲ ਬਸਾਂ ਨੂੰ ਵੀ ਨੁਕਸਾਨ ਪਹੁੰਚਾਇਆ। (ਏਜੰਸੀ)