
ਨਵੀਂ ਦਿੱਲੀ, 11 ਦਸੰਬਰ: ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਦੀ ਗੁਜਰਾਤ ਦੀਆਂ ਚੋਣਾਂ 'ਚ ਪਾਕਿਸਤਾਨ ਨਾਲ ਮਿਲ ਕੇ ਸਾਜ਼ਸ਼ ਦੀ
ਟਿਪਣੀ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਤਿੱਖਾ ਪਲਟਵਾਰ ਕਰਦਿਆਂ
ਕਿਹਾ ਕਿ ਮੋਦੀ ਇਤਰਾਜ਼ਯੋਗ ਉਦਾਹਰਣ ਸਥਾਪਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਦੇਸ਼ ਤੋਂ ਮਾਫ਼ੀ
ਮੰਗਣੀ ਚਾਹੀਦੀ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ
ਲਛਮਣ ਰੇਖਾ ਨੂੰ ਬਿਨਾਂ ਵਿਚਾਰੇ ਲੰਘਣ ਕਰ ਕੇ ਗ਼ਲਤ ਪਰੰਪਰਾ ਕਾਇਮ ਕਰ ਰਹੇ ਹਨ। ਉਨ੍ਹਾਂ
ਇਸ ਦੋਸ਼ ਨੂੰ ਮਨਘੜਤ ਅਤੇ ਝੂਠ ਕਹਿ ਕੇ ਖ਼ਾਰਜ ਕਰ ਦਿਤਾ। ਉਨ੍ਹਾਂ ਕਿਹਾ ਕਿ ਮਣੀਸ਼ੰਕਰ
ਅਈਅਰ ਵਲੋਂ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਕਸੂਰੀ ਲਈ ਦਿਤੇ ਰਾਤਰੀਭੋਜ 'ਚ
ਉਨ੍ਹਾਂ ਨੇ ਕਿਸੇ ਨਾਲ ਵੀ ਗੁਜਰਾਤ ਚੋਣਾਂ ਬਾਰੇ ਵਿਚਾਰ-ਵਟਾਂਦਰਾ ਨਹੀਂ ਕੀਤਾ ਸੀ।
ਉਨ੍ਹਾਂ
ਦੋਸ਼ ਲਾਇਆ ਕਿ ਗੁਜਰਾਤ ਚੋਣ 'ਚ ਦਿਸ ਰਹੀ ਅਪਣੀ ਪਾਰਟੀ ਦੀ ਹਾਰ ਨੂੰ ਵੇਖਦਿਆਂ ਪ੍ਰਧਾਨ
ਮੰਤਰੀ ਹਰ ਤਰ੍ਹਾਂ ਦੇ ਹੋਛੇ ਸ਼ਬਦਾਂ ਦਾ ਪ੍ਰਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ
ਮੰਤਰੀ ਵਲੋਂ ਸਿਆਸੀ ਲਾਭ ਲੈਣ ਲਈ ਜੋ ਝੂਠ ਅਤੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਉਸ
ਤੋਂ ਉਹ ਪੀੜਤ ਅਤੇ ਨਿਰਾਸ਼ ਹਨ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ
ਇਹ ਪੂਰੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਗ਼ਲਤ ਢੰਗ ਨਾਲ ਵਿਚਾਰ ਕੀਤੇ ਬੇਤੁਕੇ ਬਿੰਦੂਆਂ
'ਤੇ ਅਪਣੀ ਪੂਰੀ ਊਰਜਾ ਲਾਉਣ ਦੀ ਬਜਾਏ ਅਪਣੇ ਉੱਚ ਅਹੁਦੇ ਦੇ ਅਨੁਸਾਰ ਸੰਜੀਦਗੀ
ਵਿਖਾਉਣਗੇ।
ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ ਪਾਰਟੀ ਅਤੇ ਨਾ ਹੀ ਉਨ੍ਹਾਂ ਨੂੰ
ਦੇਸ਼ਭਗਤੀ 'ਤੇ ਅਜਿਹੇ ਪ੍ਰਧਾਨ ਮੰਤਰੀ ਜਾਂ ਇਕ ਅਜਿਹੀ ਪਾਰਟੀ ਤੋਂ ਉਪਦੇਸ਼ ਚਾਹੀਦਾ ਹੈ
ਜਿਨ੍ਹਾਂ ਦਾ ਅਤਿਵਾਦ ਨਾਲ ਲੜਨ ਦਾ ਰੀਕਾਰਡ ਢਿੱਲਾ-ਮੱਠਾ ਰਿਹਾ ਹੋਵੇ। ਉਨ੍ਹਾਂ ਕਿਹਾ ਕਿ
ਨਰਿੰਦਰ ਮੋਦੀ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਉਹ ਊਧਮਪੁਰ ਅਤੇ ਗੁਰਦਾਸਪੁਰ ਦੇ
ਅਤਿਵਾਦੀ ਹਮਲਿਆਂ ਦੇ ਬਾਵਜੂਦ ਬਿਨਾਂ ਸੱਦੇ ਪਾਕਿਸਤਾਨ ਗਏ ਸਨ। ਉਨ੍ਹਾਂ ਕਿਹਾ, ''ਕੀ
ਮੋਦੀ ਜੀ ਦੇਸ਼ ਨੂੰ ਦੱਸਣਗੇ ਕਿ ਕਿਨ੍ਹਾਂ ਕਾਰਨਾਂ ਕਰ ਕੇ ਉਨ੍ਹਾਂ ਪਾਕਿਸਤਾਨ 'ਚ ਰਚੇ ਗਏ
ਪਠਾਨਕੋਟ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਨੂੰ
ਸੁਰੱਖਿਆ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਪਠਾਨਕੋਟ ਹਵਾਈ ਅੱਡੇ 'ਤੇ ਜਾਂਚ ਲਈ ਸਦਿਆ
ਸੀ?''
ਇਸ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਅਤੇ ਮੋਦੀ ਦੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ
ਮਨਮੋਹਨ ਸਿੰਘ ਨੇ ਕਿਹਾ, ''ਸ੍ਰੀ ਮਣੀਸ਼ੰਕਰ ਅਈਅਰ ਵਲੋਂ ਦਿਤੇ ਰਾਤਰੀਭੋਜ 'ਚ ਮੈਂ
ਗੁਜਰਾਤ ਚੋਣਾਂ ਬਾਰੇ ਨਾ ਤਾਂ ਕਿਸੇ ਵਿਅਕਤੀ ਨਾਲ ਚਰਚਾ ਕੀਤੀ ਅਤੇ ਨਾ ਹੀ ਗੁਜਰਾਤ ਦਾ
ਮੁੱਦਾ ਕਿਸੇ ਤਰ੍ਹਾਂ ਨਾਲ ਚਰਚਾ 'ਚ ਆਇਆ। ਚਰਚਾ ਸਿਰਫ਼ ਭਾਰਤ-ਪਾਕਿ ਰਿਸ਼ਤਿਆਂ ਤਕ ਸੀਮਤ
ਰਹੀ।''
ਜ਼ਿਕਰਯੋਗ ਹੈ ਕਿ ਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਚੋਣ ਸਭਾ ਨੂੰ
ਸੰਬੋਧਨ ਕਰਦਿਆਂ ਸੁਝਾਅ ਦਿਤਾ ਸੀ ਕਿ ਪਾਕਿਸਤਾਨ, ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਨੂੰ
ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਪਾਕਿਸਤਾਨੀ
ਅਧਿਕਾਰੀ ਅਤੇ ਮਨਮੋਹਨ ਸਿੰਘ ਦੀ ਕਾਂਗਰਸ ਆਗੂ ਮਣੀਸ਼ੰਕਰ ਅਈਅਰ ਦੇ ਘਰ ਛੇ ਦਸੰਬਰ ਨੂੰ
ਬੈਠਕ ਹੋਈ ਸੀ। ਇਸ ਤੋਂ ਇਕ ਦਿਨ ਬਾਅਦ ਹੀ ਅਈਅਰ ਨੇ ਮੋਦੀ ਨੂੰ ਅਪਣੀ ਟਿਪਣੀ 'ਚ ਨੀਚ
ਆਦਮੀ ਕਿਹਾ ਸੀ।
ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਅਤੇ ਸਾਬਕਾ ਉਪ-ਰਾਸ਼ਟਰਪਤੀ
ਹਾਮਿਦ ਅੰਸਾਰੀ ਤੋਂ ਇਲਾਵਾ ਅਈਅਰ ਵਲੋਂ ਕਸੂਰੀ ਦੇ ਮਾਣ 'ਚ ਦਿਤੇ ਰਾਤਰੀਭੋਜ 'ਚ
ਪਾਕਿਸਤਾਨ ਦੇ ਸਫ਼ੀਰ, ਨਟਵਰ ਸਿੰਘ, ਕੇ.ਐਸ. ਵਾਜਪਾਈ, ਅਜੈ ਸ਼ੁਕਲਾ, ਸ਼ਰਦ ਸੱਭਰਵਾਲ, ਜਨਰਲ
ਦੀਪਕ ਕਪੂਰ, ਟੀ.ਸੀ.ਏ. ਰਾਘਵਨ, ਸਤਿੰਦਰ ਕੇ. ਲਾਂਬਾ, ਐਮ.ਕੇ. ਭੱਦਰਕੁਮਾਰ, ਸੀ.ਆਰ.
ਗਰੇਖਾਨ, ਪ੍ਰੇਮਸ਼ੰਕਰ ਝਾ, ਸਲਮਾਨ ਹੈਦਰ ਅਤੇ ਰਾਹੁਲ ਸਿੰਘ ਹਾਜ਼ਰ ਸਨ। ਉਨ੍ਹਾਂ ਕਿਹਾ ਕਿ
ਇਨ੍ਹਾਂ 'ਚੋਂ ਕਿਸੇ 'ਤੇ ਵੀ ਦੇਸ਼ਧ੍ਰੋਹ ਦਾ ਇਲਜ਼ਾਮ ਲਾਉਣਾ ਸਰਾਸਰ ਝੂਠ ਅਤੇ ਅਧਰਮ
ਹੋਵੇਗਾ।
ਸਾਬਕਾ ਸਫ਼ੀਰ ਲਾਂਬਾ ਅਤੇ ਸਾਬਕਾ ਸਫ਼ੀਰ ਗਰੇਖਾਨ ਨੇ ਕਿਹਾ ਕਿ ਉਸ
ਰਾਤਰੀਭੋਜ 'ਚ ਭਾਰਤ-ਪਾਕਿ ਰਿਸ਼ਤਿਆਂ 'ਤੇ ਆਮ ਚਰਚਾ ਹੋਈ ਸੀ। ਗਰੇਖਾਨ ਨੇ ਇਕ ਸਮਾਚਾਰ
ਚੈਨਲ ਨੂੰ ਕਿਹਾ ਕਿ ਇਸ 'ਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਚਰਚਾ ਨਹੀਂ ਹੋਈ। ਸਾਬਕਾ ਫ਼ੌਜ
ਮੁਖੀ ਜਨਰਲ ਕਪੂਰ ਦੇ ਹਵਾਲੇ ਨਾਲ ਵੀ ਕਿਹਾ ਗਿਆ ਕਿ ਇਸ ਰਾਤਰੀਭੋਜ 'ਚ ਗੁਜਰਾਤ ਚੋਣਾਂ
ਬਾਰੇ ਬਿਲਕੁਲ ਚਰਚਾ ਨਹੀਂ ਹੋਈ। ਇਸ ਦੌਰਾਨ ਕਾਂਗਰਸ ਦੇ ਬੁਲਾਰੇ ਆਨੰਦ ਸ਼ਰਮਾ ਅਤੇ
ਸੀਨੀਅਰ ਆਗੂ ਪੀ. ਚਿਦੰਬਰਮ ਨੇ ਵੀ ਪ੍ਰਧਾਨ ਮੰਤਰੀ ਵਲੋਂ ਮਾਫ਼ੀ ਮੰਗਣ ਦੀ ਮੰਗ ਕੀਤੀ।
(ਪੀਟੀਆਈ)