
ਮੁੰਬਈ, 29 ਅਗੱਸਤ : ਮੁੰਬਈ
ਅਤੇ ਨਵੀਂ ਮੁੰਬਈ 'ਚ ਲਗਾਤਾਰ ਕਈ ਘੰਟੇ ਭਾਰੀ ਮੀਂਹ ਪੈਣ ਕਾਰਨ ਚਾਰੇ ਪਾਸੇ ਜਲ ਥਲ ਹੋ
ਗਈ ਹੈ। ਸਾਰੇ ਹੀ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ। ਕਈ ਥਾਈਂ ਤਾਂ ਪੰਜ ਪੰਜ ਫ਼ੁੱਟ ਪਾਣੀ
ਭਰ ਗਿਆ ਹੈ। 2005 ਤੋਂ ਬਾਅਦ ਏਨਾ ਭਾਰੀ ਮੀਂਹ ਪਿਆ ਹੈ ਜਿਸ ਕਾਰਨ ਸਾਰਾ ਸ਼ਹਿਰ ਬੇਹਾਲ
ਹੋ ਗਿਆ ਹੈ। ਸੜਕਾਂ 'ਤੇ ਵਾਹਨ ਪਾਣੀ ਵਿਚ ਤੈਰਦੇ ਨਜ਼ਰ ਆਏ ਅਤੇ ਕਈ ਰੇਲ ਗੱਡੀਆਂ ਦੇਰ
ਨਾਲ ਚਲੀਆਂ। ਸੜਕਾਂ ਉਤੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਅਤੇ ਕਈ ਘਰਾਂ ਵਿਚ ਵੀ ਪਾਣੀ
ਵੜ ਗਿਆ। ਲੋਕਾਂ ਨੂੰ ਘਰਾਂ ਵਿਚੋਂ ਨਾ ਨਿਕਲਣ ਲਈ ਕਹਿ ਦਿਤਾ ਗਿਆ ਹੈ ਕਿਉਂਕਿ ਹੋਰ ਮੀਂਹ
ਪੈਣ ਦੀ ਪੂਰੀ ਸੰਭਾਵਨਾ ਹੈ। ਬੀਤੀ ਰਾਤ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਪੂਰਬੀ ਅਤੇ
ਪਛਮੀ ਐਕਸਪ੍ਰੈਸ ਰਾਜਮਾਰਗ, ਸਾਇਨ-ਪਨਬੇਲ ਰਾਜਮਾਰਗ ਅਤੇ ਐਲਬੀਐਸ ਮਾਰਗ ਸਮੇਤ ਸਾਰੇ
ਪ੍ਰਮੁੱਖ ਮਾਰਗਾਂ ਉਤੇ ਆਵਾਜਾਈ ਠੱਪ ਹੋ ਗਈ।
ਹਵਾਈ ਆਵਾਜਾਈ ਵੀ ਠੱਪ ਹੋ ਗਈ ਹੈ।
ਪਰੇਲ
ਅਤੇ ਸਾਇਨ ਦੇ ਹੇਠਲੇ ਇਲਾਕਿਆਂ 'ਚ ਸੱਤ ਰਸਤਾ ਮਾਰਗ 'ਤੇ ਇਕ ਦਰੱਖ਼ਤ ਦੇ ਡਿੱਗ ਜਾਣ ਨਾਲ
ਸੜਕੀ ਆਵਾਜਾਈ ਪ੍ਰਭਾਵਤ ਰਹੀ। ਤਿੰਨਾਂ ਹੀ ਰੇਲਵੇ ਲਾਈਨਾਂ, ਪੱਛਮ, ਮੱਧ ਮਾਰਗ ਅਤੇ
ਹਾਰਬਰ 'ਤੇ ਟ੍ਰੇਨਾਂ ਦੇਰੀ ਨਾਲ ਚਲੀਆਂ ਜਿਸ ਨਾਲ ਕਈ ਸੇਵਾਵਾਂ ਬੰਦ ਰਹੀਆਂ।
ਅਧਿਕਾਰੀਆਂ ਨੇ ਦਸਿਆ ਕਿ ਅੰਧੇਰੀ ਅਤੇ ਬਾਂਦਰਾ 'ਚ ਰੇਲ ਪਟੜੀ ਪਾਣੀ ਵਿਚ ਡੁੱਬ ਗਈ।
ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨੇ ਮੁੱਖ ਮਤਰੀ ਦਵਿੰਦਰ ਫੜਨਵੀਸ ਨਾਲ
ਗੱਲਬਾਤ ਕਰ ਕੇ ਹਾਲਾਤ ਦੀ ਜਾਣਕਾਰੀ ਲਈ। ਉਨ੍ਹਾਂ ਹਰ ਸੰਭਵ ਮਦਦ ਦਾ ਭਰੋਸਾ ਦਿਤਾ।
ਮੁੱਖ ਮੰਤਰੀ ਨੇ ਭਲਕੇ ਜਨਤਕ ਛੁੱਟੀ ਦਾ ਐਲਾਨ ਕਰ ਦਿਤਾ ਹੈ। ਕਈ ਰੇਲਗੱਡੀਆਂ ਰੱਦ ਕਰ
ਦਿਤੀਆਂ ਗਈਆਂ ਹਨ।
ਨਗਰਪਾਲਿਕਾ ਅਧਿਕਾਰੀ ਸੁਧੀਰ ਨਾਇਕ ਨੇ ਦਸਿਆ ਕਿ
ਸ਼ਹਿਰ 'ਚ ਬੀਤੀ ਰਾਤ ਤੋਂ ਭਾਰੀ ਬਾਰਸ਼ ਹੋਈ ਹੈ। ਅੱਜ ਸਵੇਰੇ ਸਾਢੇ ਅੱਠ ਵਜੇ ਅਤੇ ਦੁਪਿਹਰ
12 ਵਜੇ ਤਕ ਸ਼ਹਿਰ 'ਚ 85 ਮਿਲੀਮੀਟਰ ਬਾਰਸ਼ ਹੋਈ। ਉਨ੍ਹਾਂ ਕਿਹਾ ਜਦ ਬਹੁਤ ਜ਼ਰੂਰੀ ਹੋਵੇ,
ਤਦ ਹੀ ਘਰਾਂ 'ਚੋਂ ਲੋਕ ਬਾਹਰ ਨਿਕਲਣ ਕਿਉਂਕਿ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਣੀ ਖੜਾ
ਹੋਣ ਦੀ ਖ਼ਬਰ ਮਿਲੀ ਹੈ। ਅਧਿਕਾਰੀ ਨੇ ਦਸਿਆ ਕਿ ਭਾਰੀ ਬਾਰਸ਼ ਹੋਣ ਦੇ ਬਾਵਜੂਦ ਹੁਣ ਤਕ
ਕਿਸੇ ਤਰ੍ਹਾਂ ਦੀ ਦੁਰਘਟਨਾ ਹੋਣ ਦੀ ਖ਼ਬਰ ਜਾਂ ਰੀਪੋਰਟ ਪ੍ਰਾਪਤ ਨਹੀਂ ਹੋਈ।
ਅਭਿਨੇਤਰੀ ਤੋਂ ਉਦਯੋਗਪਤੀ ਬਣੀ ਗੁਲ ਪਨਾਗ ਨੇ ਅਪਣੇ ਟਵੀਟ 'ਚ ਕਿਹਾ ਮੁੰਬਈ ਖ਼ੁਦ ਨੂੰ
ਤਿਆਰ ਕਰੇ ਕਿਉਂਕਿ ਭਾਰੀ ਬਾਰਸ਼ ਹੋਣ ਵਾਲੀ ਹੈ ਅਤੇ ਅਗਲੇਰੀਆਂ ਯੋਜਨਾਵਾਂ ਬਣਾਉਣ।
(ਏਜੰਸੀ)