
ਨਵੀਂ ਦਿੱਲੀ, 16 ਅਕਤੂਬਰ: ਜੇ.ਐਨ.ਯੂ. ਦੇ ਲਾਪਤਾ ਵਿਦਿਆਰਥੀ ਨਜੀਬ ਅਹਿਮਦ ਦੇ ਮਾਮਲੇ 'ਚ ਦਿਲਚਸਪੀ ਨਾ ਲੈਣ ਅਤੇ ਕਿਸੇ ਨਤੀਜੇ ਤੇ ਨਾ ਪੁੱਜਣ ਨੂੰ ਲੈ ਕੇ ਸੀ.ਬੀ.ਆਈ. ਦੀ ਅੱਜ ਦਿੱਲੀ ਹਾਈ ਕੋਰਟ ਨੇ ਝਾੜਝੰਬ ਕੀਤੀ। ਜ਼ਿਕਰਯੋਗ ਹੈ ਕਿ ਮਾਮਲੇ ਦੀ ਜਾਂਚ ਪੰਜ ਮਹੀਨੇ ਪਹਿਲਾਂ ਸੀ.ਬੀ.ਆਈ. ਨੂੰ ਸੌਂਪ ਦਿਤੀ ਗਈ ਸੀ।
ਐਮ. ਐਸ. ਸੀ. ਬਾਇਉਟੈਕਨਾਲੋਜੀ ਦਾ ਵਿਦਿਆਰਥੀ ਨਜੀਬ (27) ਜੇ.ਐਨ.ਯੂ. ਦੇ ਮਾਹੀ-ਮਾਂਡਵੀ ਹੋਸਟਲ ਤੋਂ 15 ਅਕਤੂਬਰ, 2016 ਨੂੰ ਲਾਪਤਾ ਹੋ ਗਿਆ ਸੀ। ਘਟਨਾ ਤੋਂ ਇਕ ਰਾਤ ਪਹਿਲਾਂ ਨਜੀਬ ਦੀ ਆਰ.ਐਸ.ਐਸ. ਨਾਲ ਜੁੜੇ ਸੰਘ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਵਿਦਿਆਰਥੀਆਂ ਨਾਲ ਝੜੱਪ ਹੋ ਗਈ ਸੀ।
ਜਸਟਿਸ ਜੀ.ਐਸ. ਸਿਸਤਾਨੀ ਅਤੇ ਜਸਟਿਸ ਚੰਦਰਸ਼ੇਖਰ ਦੀ ਬੈਂਚ ਨੇ ਦਲੀਲਾਂ ਦੌਰਾਨ ਕਿਹਾ ਕਿ ਸੀ.ਬੀ.ਆਈ. ਵਲੋਂ ਦਿਤੀ ਜਾਣਕਾਰੀ ਅਤੇ ਸੌਂਪੀ ਸਥਿਤੀ ਰੀਪੋਰਟ 'ਚ ਆਪਾ-ਵਿਰੋਧੀ ਗੱਲਾਂ ਨਾਲ ਉਹ ਬਹੁਤ ਨਾਖ਼ੁਸ਼ ਹੈ। ਇਹ ਆਪਾ-ਵਿਰੋਧੀ ਗੱਲਾਂ ਮਾਮਲੇ 'ਚ ਸ਼ੱਕੀ ਵਿਦਿਆਰਥੀਆਂ ਦੇ ਫ਼ੋਨ ਕਾਲ ਅਤੇ ਸੰਦੇਸ਼ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਸੀ.ਬੀ.ਆਈ. ਵਲੋਂ ਦਿਤੀ ਸਥਿਤੀ ਰੀਪੋਰਟ 'ਚ ਹਨ।
ਜਦੋਂ ਅਦਾਲਤ ਨੂੰ ਦਸਿਆ ਗਿਆ ਕਿ ਸਥਿਤੀ ਰੀਪੋਰਟ ਸੀ.ਬੀ.ਆਈ. ਦੇ ਇੰਸਪੈਕਟਰ ਵਲੋਂ ਤਿਆਰ ਕੀਤੀ ਗਈ ਸੀ ਤਾਂ ਅਦਾਲਤ ਨੇ ਕਿਹਾ ਕਿ ਜਾਂਚ ਦੀ ਜ਼ਿੰਮੇਵਾਰੀ ਏਜੰਸੀ ਨੂੰ ਸੌਂਪਣ ਵਾਲੇ 16 ਮਈ ਦੇ ਉਸ ਦੇ ਹੁਕਮ ਅਨੁਸਾਰ ਘੱਟ ਤੋਂ ਘੱਟ ਡੀ.ਆਈ.ਜੀ. ਰੈਂਕ ਦੇ ਅਧਿਕਾਰੀ ਨੂੰ ਜਾਂਚ ਦੀ ਨਿਗਰਾਨੀ ਕਰਨੀ ਚਾਹੀਦੀ ਸੀ। ਅਦਾਲਤ ਨੇ ਸੀ.ਬੀ.ਆਈ. ਨੂੰ ਚੇਤਾਵਨੀ ਦਿਤੀ ਕਿ ਉਹ ਏਜੰਸੀ ਦੇ ਡੀ.ਆਈ.ਜੀ. ਨੂੰ ਅਦਾਲਤ 'ਚ ਪੇਸ਼ ਹੋਣ ਨੂੰ ਕਹੇਗੀ।
ਅਦਾਲਤ ਲਾਪਤਾ ਵਿਦਿਆਰਥੀ ਨਜੀਬ ਦੀ ਮਾਂ ਫ਼ਾਤਿਮਾ ਨਫ਼ੀਸ ਦੀ ਅਪੀਲ 'ਤੇ ਸੁਣਵਾਈ ਕਰ ਰਹੀ ਸੀ। ਫ਼ਾਤਿਮਾ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹ ਜੇ.ਐਨ.ਯੂ. ਦੇ ਮਾਹੀ-ਮਾਂਡਵੀ ਹੋਸਟਲ ਨੂੰ 15 ਅਕਤੂਬਰ, 2016 ਨੂੰ ਲਾਪਤਾ ਪੁੱਤਰ ਦਾ ਪਤਾ ਕਰਨ ਲਈ ਹੁਕਮ ਜਾਰੀ ਕਰੇ। ਇਸ ਦੌਰਾਨ ਨਜੀਬ ਅਹਿਮਦ ਦੀ ਮਾਂ ਅਤੇ 20 ਹੋਰਾਂ ਨੂੰ ਦਿੱਲੀ ਪੁਲਿਸ ਨੇ ਅੱਜ ਹਾਈ ਕੋਰਟ ਬਾਹਰ ਪ੍ਰਦਰਸ਼ਨ ਦੌਰਾਨ ਹਿਰਾਸਤ 'ਚ ਲੈ ਲਿਆ। ਫ਼ਤਿਮਾ ਨਫ਼ੀਸ ਅਤੇ ਜੇ.ਐਨ.ਯੂ. ਦੇ ਵਿਦਿਆਰਥੀ ਹਾਈ ਕੋਰਟ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਅਤੇ ਅੰਦਰ ਵੜਨ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਵਿਦਿਆਰਥੀਆਂ ਨੇ ਪੁਲਿਸ 'ਤੇ ਨਫ਼ੀਸ ਅਤੇ ਹੋਰ ਵਿਦਿਆਰਥੀਆਂ ਨਾਲ ਧੱਕਾ-ਮੁੱਕੀ ਕਰਨ ਦਾ ਦੋਸ਼ ਲਾਇਆ।