
ਨੰਦੇੜ (ਮਹਾਂਰਾਸ਼ਟਰ), 8 ਸਤੰਬਰ : ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ ਵਿਚ ਰਹਿਣ ਵਾਸਤੇ ਸਮਾਜ ਨੂੰ ਵੰਡਣ 'ਚ ਲੱਗੇ ਹੋਏ ਹਨ। ਪਾਰਟੀ ਦੀ ਰੈਲੀ 'ਚ ਉਨ੍ਹਾਂ ਕਿਹਾ ਕਿ ਕੇਵਲ ਕਾਂਗਰਸ ਦੀ ਵਿਚਾਰਧਾਰਾ ਨਾਲ ਭਾਜਪਾ ਅਤੇ ਆਰਐਸਐਸ ਦਾ ਟਾਕਰਾ ਕੀਤਾ ਜਾ ਸਕਦਾ ਹੈ। ਗਾਂਧੀ ਨੇ ਨੋਟਬੰਦੀ ਸਬੰਧੀ ਮੋਦੀ ਦੀ ਅਗਵਾਈ ਵਾਲੀ ਸਰਕਾਰ 'ਤੇ ਹਮਲਾ ਕਰਦਿਆ ਕਿਹਾ ਕਿ ਇਹ ਤਜਰਬਾ ਪੂਰੀ ਤਰ੍ਹਾਂ ਅਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਝ ਨਹੀਂ ਆਉਂਦੀ ਕਿ ਨੋਟਬੰਦੀ ਦਾ ਵਿਚਾਰ ਮੋਦੀ ਦੇ ਮਨ ਵਿਚ ਕਿਵੇਂ ਆ ਗਿਆ? ਉਨ੍ਹਾਂ ਕਿਹਾ, 'ਕੋਈ ਨਹੀਂ ਜਾਣਦਾ ਕਿ ਮੋਦੀ ਦੇ ਮਨ ਵਿਚ ਇਹ ਵਿਚਾਰ ਕਿਵੇਂ ਆਇਆ। ਆਰਬੀਆਈਨਹੀਂ ਜਾਣਦਾ, ਅਰਥਸ਼ਾਸਤਰੀ ਨਹੀਂ ਜਾਣਦੇ ਤੇ ਨਾ ਹੀ ਰਘੂਰਾਮ ਰਾਜਨ ਜਾਣਦਾ ਹੈ।'
ਕਾਂਗਰਸ ਨੇਤਾ ਨੇ ਕਿਹਾ ਕਿ ''ਪੂਰਾ ਭਾਰਤ ਜਾਣਦਾ ਹੈ
ਕਿ ਨੋਟਬੰਦੀ ਨਾਲ ਸਿਰਫ਼ ਦੇਸ਼ ਦੇ ਚੋਰਾਂ ਦਾ ਕਾਲਾਧਨ ਸਫ਼ੈਦ ਹੋਇਆ।'' ਗਾਂਧੀ ਨੇ ਕਿਹਾ,
''ਮੋਦੀ ਨੇ ਕਿਹਾ ਕਿ ਨੋਟਬੰਦੀ ਨਾਲ ਅਤਿਵਾਦ 'ਤੇ ਲਗਾਮ ਲੱਗੇਗੀ। ਇਸ ਤੋਂ ਬਾਅਦ ਉਨ੍ਹਾਂ
ਕਿਹਾ ਕਿ ਇਸ ਨਾਲ ਕਾਲੇ ਧਨ 'ਤੇ ਵੀ ਰੋਕ ਲੱਗੇਗੀ। ਭਾਰਤ ਵਿਚ ਹਰ ਬੰਦਾ ਇਸ ਸਚਾਈ ਤੋਂ
ਵਾਕਫ਼ ਹੈ ਕਿ 90 ਫ਼ੀ ਸਦੀ ਕਾਲਾ ਧਨ ਰੀਅਲ ਅਸਟੇਟ ਵਿਚ ਲੱਗਾ ਹੈ।''
ਰਾਹੁਲ ਨੇ ਕਿਹਾ, ''ਮੈਨੂੰ ਇਹ ਨਹੀਂ ਪਤਾ ਕਿ ਮੋਦੀ ਕਿਸਾਨਾਂ, ਗ਼ਰੀਬਾਂ, ਮਿਹਨਤੀ ਲੋਕਾਂ ਅਤੇ ਘਰੇਲੂ ਔਰਤਾਂ ਦੀ ਨਕਦੀ ਪਿੱਛੇ ਕਿਉਂ ਪਏ ਹੋਏ ਹਨ।''
ਉਨ੍ਹਾਂ
ਰਿਜ਼ਰਵ ਬੈਂਕ ਬਾਰੇ ਕਈ ਸਵਾਲ ਕਰਦਿਆਂ ਕਿਹਾ ਕਿ ਬੈਂਕ ਨੇ ਇਸ ਗੱਲ ਦੇ ਪ੍ਰਗਟਾਵੇ ਵਿਚ
ਇਕ ਸਾਲ ਦਾ ਸਮਾਂ ਲਾ ਦਿਤਾ ਕਿ ਇਸ ਮੁਹਿੰਮ ਦੁਆਰਾ 99 ਫ਼ੀ ਸਦੀ ਨੋਟ ਸਰਕਾਰ ਕੋਲ ਵਾਪਸ ਆ
ਗਏ ਹਨ। ਉਨ੍ਹਾਂ ਜੀਡੀਪੀ ਦੇ ਅੰਕੜਿਆਂ ਵਿਚ ਗਿਰਾਵਟ ਲਈ ਕੇਂਦਰ ਨੂੰ ਜ਼ਿੰਮੇਵਾਰ
ਠਹਿਰਾਇਆ। ਰਾਹੁਲ ਨੇ ਕਿਹਾ, ''ਇਸ ਦੀ ਜ਼ਿੰਮੇਵਾਰੀ ਕੌਣ ਲਏਗਾ? ਇਸ ਲਈ ਪ੍ਰਧਾਨ ਮੰਤਰੀ
ਮੋਦੀ ਜ਼ਿੰਮੇਵਾਰ ਹੈ।'' ਕਾਂਗਰਸ ਦੇ ਉਪ-ਪ੍ਰਧਾਨ ਅਨੁਸਾਰ ਭਾਜਪਾ ਅਤੇ ਮੋਦੀ ਦੀ ਸਮਾਜ
ਨੂੰ ਵੰਡਣ ਵਾਲੀ ਕੋਸ਼ਿਸ਼ ਕਾਰਨ ਸਮਾਜ ਵਿਚ ਰੋਸ ਅਤੇ ਰੋਹ ਦਾ ਮਾਹੌਲ ਬਣਿਆ ਹੋਇਆ ਹੈ।