
ਜੰਮੂ, 22 ਜਨਵਰੀ : ਬੀਐਸਐਫ਼ ਨੇ ਕਿਹਾ ਕਿ ਪਾਕਿਸਤਾਨ ਦੁਆਰਾ ਕੀਤੀ ਜਾ ਰਹੀ ਗੋਲੀਬੰਦੀ ਦੀ ਉਲੰਘਣਾ ਦੇ ਜਵਾਬ ਵਿਚ ਅੱਜ ਅੰਤਰਰਾਸ਼ਟਰੀ ਸਰਹੱਦ 'ਤੇ ਕਈ ਥਾਈਂ ਪਾਕਿਸਤਾਨ ਦੀਆਂ ਚੌਕੀਆਂ 'ਤੇ ਭਾਰੀ ਗੋਲੀਬਾਰੀ ਕਰ ਕੇ ਤਬਾਹ ਕਰ ਦਿਤੀਆਂ। ਬੁਲਾਰੇ ਮੁਤਾਬਕ ਗੋਲੀਬਾਰੀ ਵਿਚ ਕਈ ਟਿਕਾਣਿਆਂ, ਗੋਲਾਬਾਰੂਦ ਅਤੇ ਤੇਲ ਡਿਪੋ ਨੂੰ ਤਬਾਹ ਕਰ ਦਿਤਾ ਗਿਆ। ਬੁਲਾਰੇ ਨੇ ਦੋ ਛੋਟੇ ਵੀਡੀਉ ਕਲਿਪਸ ਵੀ ਜਾਰੀ ਕੀਤੇ ਜਿਨ੍ਹਾਂ ਵਿਚ ਡਿਪੋ ਨੂੰ ਤਬਾਹ ਹੁੰਦੇ ਵਿਖਾਇਆ ਗਿਆ ਹੈ।
ਉਧਰ, ਪਾਕਸਿਤਾਨੀ ਫ਼ੌਜ ਨੇ ਜੰਮੂ ਅਤੇ ਰਾਜੌਰੀ ਜ਼ਿਲ੍ਹਿਆਂ ਦੇ ਤਿੰਨ ਸੈਕਟਰਾਂ ਵਿਚ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਭਾਰਤੀ ਟਿਕਾਣਿਆਂ 'ਤੇ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗ਼ੇ। ਬੀਐਸਐਫ਼ ਦੇ ਅਧਿਕਾਰੀ ਨੇ ਦਸਿਆ ਕਿ ਕਲ ਜੰਮੂ ਜ਼ਿਲ੍ਹੇ ਦੇ ਕਾਂਚਕ ਇਲਾਕੇ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨੀ ਗੋਲੀਬਾਰੀ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਗੋਲੀਬੰਦੀ ਦੀ ਉਲੰਘਣਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 12 ਹੋ ਗਈ ਅਤੇ 60 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਜੰਮੂ ਖੇਤਰ ਵਿਚ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ 'ਤੇ ਸਕੂਲ ਲਗਾਤਾਰ ਬੰਦ ਹਨ। (ਏਜੰਸੀ)