
ਨਵੀਂ ਦਿੱਲੀ, 15 ਮਾਰਚ : ਅਪਣੇ ਸਫ਼ਾਰਤੀ ਸਟਾਫ਼ ਨੂੰ ਪ੍ਰੇਸ਼ਾਨ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਪਾਕਿਸਤਾਨ ਨੇ ਅੱਜ ਭਾਰਤ ਵਿਚ ਅਪਣੇ ਰਾਜਦੂਤ ਸੁਹੈਲ ਮਹਿਮੂਦ ਨੂੰ ਸਲਾਹ-ਮਸ਼ਵਰੇ ਲਈ ਵਾਪਸ ਬੁਲਾ ਲਿਆ ਤੇ ਨਾਲ ਹੀ ਹੋਰ ਮੁਲਾਜ਼ਮਾਂ ਨੂੰ ਵਾਪਸ ਪਾਕਿਸਤਾਨ ਬੁਲਾ ਲਿਆ ਗਿਆ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫ਼ੈਸਲੇ ਨੇ ਦਸਿਆ ਕਿ ਭਾਰਤ ਸਰਕਾਰ ਪਾਕਿਸਤਾਨੀ ਸਫ਼ਾਰਤਖ਼ਾਨੇ ਦੇ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਵਾਰ ਨੂੰ ਏਜੰਸੀਆਂ ਦੁਆਰਾ ਧਮਕੀਆਂ ਦਿਤੇ ਜਾਣ ਦੀਆਂ ਵਧਦੀਆਂ ਘਟਨਾਵਾਂ ਦਾ ਨੋਟਿਸ ਲੈਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਵੀਂ ਦਿੱਲੀ ਵਿਚ ਤੈਨਾਤ ਪਾਕਿਸਤਾਨੀ ਰਾਜਦੂਤ ਨੂੰ ਇਸਲਾਮਾਬਾਦ ਆਉਣ ਲਈ ਕਿਹਾ ਹੈ। ਉਧਰ ਭਾਰਤ ਨੇ ਕਿਹਾ ਕਿ ਪਾਕਿਸਤਾਨੀ ਰਾਜਦੂਤ ਨੂੰ ਵਾਪਸ ਨਹੀਂ ਬੁਲਾਇਆ ਗਿਆ ਸਗੋਂ ਇਹ ਇਕ ਆਮ ਪ੍ਰਕ੍ਰਿਆ ਹੈ। ਪਾਕਿਸਤਾਨੀ ਹਾਈ ਕਮਿਸ਼ਨ ਨੂੰ ਸਲਾਹ ਲਈ ਬੁਲਾਇਆ ਗਿਆ ਅਤੇ ਇਹ ਆਮ ਗੱਲ ਹੈ।
ਵਿਦੇਸ਼ ਮੰਤਰਾਲੇ ਨੇ ਗਢਾਂਢੀ ਦੇਸ਼ ਦੁਆਰਾ ਅਪਣੇ ਦੂਤ ਨੂੰ ਵਾਪਸ ਇਸਲਾਮਾਬਾਦ ਬੁਲਾਏ ਜਾਣ ਦੇ ਫ਼ੈਸਲੇ 'ਤੇ ਇਹ ਗੱਲ ਕਹੀ। ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਸੀਂ ਇਥੇ ਪਾਕਿਸਤਾਨ ਹਾਈ ਕਮਿਸ਼ਨ ਦੁਆਰਾ ਚੁਕੇ ਗਏ ਮੁੱਦਿਆਂ ਨੂੰ ਵੇਖ ਰਹੇ ਹਾਂ। ਪਾਕਿਸਤਾਨ ਨੇ ਅੱਜ ਕਿਹਾ ਕਿ ਨਵੀਂ ਦਿੱਲੀ ਵਿਚ ਉਸ ਦੇ ਰਾਜਦੂਤਾਂ, ਮੁਲਾਜ਼ਮਾਂ ਨਾਲ ਦੁਰਵਿਹਾਰ ਦੀਆਂ ਘਟਨਾਵਾਂ ਮਗਰੋਂ ਉਸ ਨੇ ਭਾਰਤ ਵਿਚ ਅਪਣੇ ਰਾਜਦੂਤ ਸੋਹੇਲੇ ਮੁਹੰਮਦ ਨੂੰ ਸਲਾਹ-ਮਸ਼ਵਰੇ ਲਈ ਵਾਪਸ ਬੁਲਾਇਆ ਹੈ। ਕੁਮਾਰ ਨੇ ਕਿਹਾ ਕਿ ਇਹ ਆਮ ਗੱਲ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਦਾ ਦਾਅਵਾ ਹੈ ਕਿ ਰਾਜਦੂਤਾਂ ਦੇ ਪਰਵਾਰਾਂ ਅਤੇ ਮੁਲਾਜ਼ਮਾਂ ਨੂੰ ਹਾਲ ਹੀ ਵਿਚ ਭਾਰਤੀ ਏਜੰਸੀਆਂ ਨੇ ਧਮਕਾਇਆ ਅਤੇ ਪਰੇਸ਼ਾਨ ਕੀਤਾ। (ਏਜੰਸੀ)