
ਜੈਪੁਰ, 9 ਸਤੰਬਰ : ਜੈਪੁਰ
'ਚ ਕਲ ਰਾਤ ਮਾਮੂਲੀ ਗੱਲ 'ਤੇ ਭੜਕੀ ਹਿੰਸਾ ਵਿਚ ਇਕ ਜਣੇ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ
ਹੋ ਗਏ। ਕਲ ਰਾਤ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਚਾਰ ਥਾਣਾ ਇਲਾਕਿਆਂ ਵਿਚ ਕਰਫ਼ੀਊ
ਲਾ ਦਿਤਾ ਗਿਆ ਅਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਜਿਹੜੀਆਂ ਅੱਜ ਚਲਾ
ਦਿਤੀਆਂ ਗਈਆਂ।
ਕਲ ਰਾਤ ਮਾਮੂਲੀ ਵਿਵਾਦ ਕਾਰਨ ਭੜਕੇ ਲੋਕਾਂ ਨੇ ਪੁਲਿਸ ਥਾਣੇ 'ਤੇ ਹਮਲਾ ਕਰ ਦਿਤਾ ਅਤੇ ਵਾਹਨਾਂ ਨੂੰ ਅੱਗ ਲਾ ਦਿਤੀ। ਸੱਤ ਪੁਲਿਸ ਵਾਲੇ ਵੀ ਜ਼ਖ਼ਮੀ ਹੋਏ ਹਨ। ਹਿੰਸਕ ਘਟਨਾਵਾਂ ਮਗਰੋਂ ਰਾਮਗੰਜ ਸਮੇਤ ਸ਼ਹਿਰ ਦੇ ਚਾਰ ਇਲਾਕਿਆਂ ਵਿਚ ਕਰਫ਼ੀਊ ਲਾ ਦਿਤਾ ਗਿਆ। ਹਾਲਾਤ ਹੁਣ ਤਣਾਅਪੂਰਨ ਪਰ ਕਾਬੂ ਹੇਠ ਹਨ। ਜੈਪੁਰ ਦੇ ਪੁਲਿਸ ਕਮਿਸ਼ਨਰ ਸੰਜੇ ਅਗਰਵਾਲ ਨੇ ਅੱਜ ਦਸਿਆ ਕਿ ਕਲ ਰਾਤ ਹੋਈ ਹਿੰਸਾ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਹੋ ਗਈ ਹੈ।
ਪੁਲਿਸ ਸੂਤਰਾਂ ਮੁਤਾਬਕ ਵਿਵਾਦ ਉਦੋਂ ਸ਼ੁਰੂ ਹੋਇਆ ਜਦ ਪੁਲਿਸ ਮੁਲਾਜ਼ਮ ਨੇ
ਦੁਪਹੀਆ ਵਾਹਨ 'ਤੇ ਜਾ ਰਹੇ ਜੋੜੇ ਵਿਚੋਂ ਮਰਦ ਨੂੰ ਹੈਲਮਟ ਨਾ ਪਾਉਣ ਦਾ ਕਾਰਨ ਪੁਛਿਆ ਤੇ
ਡੰਡਾ ਮਾਰ ਦਿਤਾ। ਇਸ ਕਾਰਨ ਜੋੜਾ ਪੁਲਿਸ ਮੁਲਾਜ਼ਮ ਵਿਰੁਧ ਪਰਚਾ ਦਰਜ ਕਰਾਉਣ ਥਾਣੇ
ਪਹੁੰਚਿਆ। ਇਸ ਤੋਂ ਬਾਅਦ ਜੋੜੇ ਦੇ ਜਾਣਕਾਰ ਥਾਣੇ ਪਹੁੰਚ ਗਏ ਅਤੇ ਅਚਾਨਕ ਪਥਰਾਅ ਸ਼ੁਰੂ
ਕਰ ਦਿਤਾ ਤੇ ਤਿੰਨ ਵਾਹਨਾਂ ਨੂੰ ਅੱਗ ਲਾ ਦਿਤੀ। ਪੁਲਿਸ ਨੇ ਲਾਠੀਚਾਰਜ ਕਰ ਕੇ ਲੋਕਾਂ
ਨੂੰ ਖਦੇੜਨ ਦਾ ਯਤਨ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਛੱਡੇ। ਲੋਕਾਂ ਨੇ ਪੁਲਿਸ ਮੁਲਾਜ਼ਮਾਂ
ਅਤੇ ਪੱਤਰਕਾਰਾਂ ਨੂੰ ਵੀ ਨਿਸ਼ਾਨਾ ਬਣਾਇਆ। ਹਿੰਸਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।
ਮੌਤ ਦੇ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰੀਪੋਰਟ ਅਤੇ ਜਾਂਚ ਨਾਲ ਹੋਵੇਗੀ।
(ਏਜੰਸੀ)