
ਨਵੀਂ ਦਿੱਲੀ, 15 ਮਾਰਚ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨਾਲ ਕਲ ਰਾਤ ਮੁਲਾਕਾਤ ਕੀਤੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੁਧ ਵਿਰੋਧੀ ਧਿਰ ਦੇ ਸਾਂਝੇ ਮੋਰਚੇ ਲਈ ਯਤਨਾਂ ਨੂੰ ਮਜ਼ਬੂਤੀ ਦੇਣ ਵਾਸਤੇ ਇਹ ਮੁਲਾਕਾਤ ਹੋਈ ਹੈ। ਸੂਤਰਾਂ ਨੇ ਦਸਿਆ ਕਿ ਰਾਹੁਲ ਨੇ ਕਲ ਰਾਤ ਪਵਾਰ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਵਿਚਕਾਰ ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦ ਕਾਂਗਰਸ ਦਾ ਯੂਪੀ ਅਤੇ ਬਿਹਾਰ ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ ਕਾਫ਼ੀ ਖ਼ਰਾਬ ਪ੍ਰਦਰਸ਼ਨ ਰਿਹਾ ਹੈ।
ਸੂਤਰਾਂ ਮੁਤਾਬਕ ਸੱਤਾਧਿਰ ਵਿਰੁਧ ਸਾਂਝਾ ਮੋਰਚਾ ਬਣਾਉਣ ਬਾਰੇ ਹੋ ਰਹੇ ਯਤਨਾਂ ਬਾਰੇ ਚਰਚਾ ਕੀਤੀ ਗਈ। ਇਸ ਬੈਠਕ ਤੋਂ ਇਕ ਦਿਨ ਪਹਿਲਾਂ ਹੀ ਸੋਨੀਆ ਗਾਂਧੀ ਨੇ ਵਿਰੋਧੀ ਧਿਰ ਦੇ ਆਗੂਆਂ ਨੂੰ ਰਾਤ ਦੇ ਖਾਣੇ 'ਤੇ ਸੱਦਿਆ ਸੀ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਛੇਤੀ ਹੀ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰ ਸਕਦੇ ਹਨ। ਮਮਤਾ ਰਾਤ ਦੇ ਖਾਣੇ ਮੌਕੇ ਨਹੀਂ ਪੁੱਜੀ ਸੀ। ਵਿਰੋਧੀ ਧਿਰ ਦੀ ਏਕਤਾ ਦੇ ਯਤਨ ਅਜਿਹੇ ਸਮੇਂ ਤੇਜ਼ ਹੋ ਰਹੇ ਹਨ ਜਦ ਤਾਜ਼ਾ ਚੋਣਾਂ ਵਿਚ ਕਾਂਗਰਸ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ। ਰਾਹੁਲ ਗਾਂਧੀ ਨੇ ਅੱਜ ਟਵਿਟਰ 'ਤੇ ਬਸਪਾ ਮੁਖੀ ਕਾਂਸ਼ੀਰਾਮ ਨੂੰ ਵੀ ਯਾਦ ਕੀਤਾ। (ਏਜੰਸੀ)