
ਦੋਦਾ: ਪਿੰਡ ਗੁੜ੍ਹੀ ਸੰਘਰ ਤੋਂ ਧੂਲਕੋਟ ਰੋਡ ਨੇੜਿਉਂ ਦੋਦਾ ਰਾਜਵਾਹਾ 'ਚ 35 ਫੁੱਟ ਚੌੜਾ ਪਾੜ ਪੈਣ ਕਾਰਨ ਲਗਭਗ 150 ਏਕੜ ਕਣਕ ਦੀ ਫ਼ਸਲ ਪਾਣੀ 'ਚ ਡੁਬ ਗਈ ਹੈ।
ਮੌਕੇ 'ਤੇ ਜਾ ਕੇ ਕਿਸਾਨਾਂ ਅੰਗਰੇਜ ਸਿੰਘ, ਮਹਿਕਮ ਸਿੰਘ, ਜਗਤਾਰ ਸਿੰਘ, ਲਾਭ ਸਿੰਘ, ਬਲਜੀਤ ਸਿੰਘ, ਤਾਰਾ ਸਿੰਘ, ਕਬਾਲ ਸਿੰਘ, ਚੰਦ ਸਿੰਘ, ਕਾਕਾ ਸਿੰਘ ਸਰਬਣ ਸਿੰਘ ਆਦਿ ਆਦਿ ਨਾਲ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਦਸਿਆ ਕਿ ਬੀਤੀ ਰਾਤ ਇਹ ਸੂਆ (ਰਾਜਵਾਹਾ) ਟੁੱਟਣ ਕਾਰਨ ਨਾਲ ਲਗਦੇ ਖੇਤਾਂ ਕਣਕ ਦੀ ਫ਼ਸਲ ਵਿਚ ਪਾਣੀ ਭਰਨ ਨਾਲ ਭਾਰੀ ਨੁਕਸਾਨ ਹੋ ਗਿਆ। ਇਕੱਤਰ ਕਿਸਾਨਾਂ ਨੇ ਸਬੰਧਤ ਵਿਭਾਗ ਤੇ ਦੋਸ਼ ਲਾਉਦਿਆਂ ਦਸਿਆ ਕਿ ਇਸ ਰਾਜਵਾਹੇ 'ਚ ਪਾਣੀ ਜ਼ਿਆਦਾ ਹੋਣ ਦੀ ਸਾਰੀ ਜਾਣਕਾਰੀ ਬੀਤੇ ਕੱਲ ਹੀ ਵਿਭਾਗ ਨੂੰ ਦਿਤੀ ਗਈ ਸੀ ਪਰ ਸਮਾਂ ਰਹਿੰਦਿਆਂ ਕੋਈ ਧਿਆਨ ਨਾ ਦੇਣ ਕਾਰਨ ਅਤੇ ਇਸ ਰਾਜਵਾਹੇ ਦੀ ਹੋਈ ਮੁਰੰਮਤ 'ਚ ਠੇਕੇਦਾਰ ਵਲੋਂ ਘਟੀਆ ਮਟੀਰੀਅਲ ਵਰਤਨ ਕਾਰਨ ਹੀ ਅਜਿਹਾ ਵਾਪਰਿਆ।
ਉਨ੍ਹਾਂ ਅੱਗੇ ਦਸਿਆ ਕਿ ਰਾਜਵਾਹਾ ਕਈ ਵਾਰ ਪਹਿਲਾਂ ਵੀ ਇਥੋਂ ਟੁੱਟ ਚੁੱਕਾ, ਪਰ ਸਬੰਧਤ ਮਹਿਕਮੇ ਵਲੋਂ ਖਾਨਪੂਰਤੀ ਕਰ ਕੇ ਡੰਗ ਟਪਾਇਆ ਜਾ ਰਿਹਾ। ਉਨ੍ਹਾਂ ਅੱਗੇ ਦਸਿਆ ਕਿ ਇਸ ਦਾ ਦੂਸਰਾ ਕਾਰਨ ਰਾਜਵਾਹੇ ਦੀ ਪਿਛਲੇ ਲੰਮੇ ਸਮੇਂ ਤੋਂ ਸਫਾਈ ਨਹੀਂ ਕੀਤੀ ਗਈ, ਜਿਸ ਕਾਰਨ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਮਹਿਕਮੇ ਤੋਂ ਪੁਰਜੋਰ ਮੰਗ ਕੀਤੀ ਕਿ ਉਨਾਂ ਦੀਆਂ ਫ਼ਸਲਾਂ ਨੂੰ ਧਿਆਨ 'ਚ ਰਖਦਿਆਂ ਇਸ ਦੀ ਵਿਸ਼ੇਸ਼ ਤੌਰ 'ਤੇ ਗਰਦਾਵਰੀ ਕਰਵਾ ਯੋਗ ਮੁਆਵਜਾ ਦਿਤਾ ਜਾਵੇ ਅਤੇ ਇਸ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।
ਇਸ ਸਬੰਧੀ ਮੌਕੇ 'ਤੇ ਪਹੁੰਚੇ ਜੇਈ ਰੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਪਿਛਲੇ ਪਿੰਡਾ ਦੇ ਮੋਘੇ ਬੰਦ ਹੋਣ ਕਾਰਨ ਪਾਣੀ ਵਧਣ ਕਾਰਨ ਰਾਜਬਾਹਾ ਟੁੱਟਿਆ ਹੈ। ਮੌਕੇ 'ਤੇ ਪਹੁੰਚੀ ਨਾਇਬ ਤਹਿਸੀਲਦਾਰ ਦੋਦਾ ਸ੍ਰੀਮਤੀ ਚਰਨਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਸਾਰੀ ਰੀਪੋਰਟ ਉਚ ਅਧਿਕਾਰੀਆਂ ਭੇਜ ਕੇ ਕਿਸਾਨਾਂ ਦੇ ਹੋਏ ਫ਼ਸਲਾਂ ਦੇ ਨੁਕਸਾਨ ਦੇ ਮੁਆਵਜੇ ਲਈ ਸ਼ਿਫਾਰਸ਼ ਕੀਤੀ ਜਾਵੇਗੀ।