
ਗੜਚਿਰੋਲੀ
(ਮਹਾਰਾਸ਼ਟਰ), 29 ਸਤੰਬਰ: ਭਾਰਤ ਨੂੰ ਆਜ਼ਾਦ ਹੋਇਆਂ ਭਾਵੇਂ 70 ਸਾਲ ਹੋ ਚੁਕੇ ਹਨ ਪਰ
ਭਾਰਤ ਵਿਚ ਅੱਜ ਵੀ ਕਈ ਥਾਵਾਂ ਅਜਿਹੀਆਂ ਹਨ ਜਿਥੇ ਬਿਜਲੀ ਸਣੇ ਕਈ ਮੁਢਲੀਆਂ ਸਹੂਲਤਾਂ ਦੀ
ਘਾਟ ਹੈ। ਅਜਿਹਾ ਹੀ ਇਕ ਪਿੰਡ ਹੈ ਅਮਡੇਲੀ ਜਿਥੇ ਅੱਜ 70 ਸਾਲ ਬਾਅਦ ਲੋਕਾਂ ਨੂੰ ਬਿਜਲੀ
ਅਤੇ ਬਸਾਂ ਦੀ ਸਹੂਲਤ ਮਿਲੀ ਹੈ।
ਜੰਗਲਾਂ ਨਾਲ ਘਿਰੇ ਹੋਏ ਇਸ ਪਿੰਡ
ਵਿਚ ਲਗਭਗ 200 ਲੋਕ ਰਹਿੰਦੇ ਹਨ ਅਤੇ ਇਹ ਸਾਰੇ ਤੇਲਗੂ ਬੋਲਦੇ ਹਨ। ਕੁੱਝ ਦਿਨ ਪਹਿਲਾਂ
ਤਕ ਇਸ ਪਿੰਡ ਵਿਚ ਨਾ ਤਾਂ ਬਿਜਲੀ ਅਤੇ ਨਾ ਹੀ ਲੋਕਾਂ ਦੀ ਸਹੂਲਤ ਲਈ ਬਸਾਂ ਦਾ ਕੋਈ
ਪ੍ਰਬੰਧ ਸੀ। ਜ਼ਿਲ੍ਹੇ ਦੇ ਮੰਤਰੀ ਰਾਜੇ ਅੰਬ੍ਰਿਸ਼ਰਾਓ ਅਤਰਮ ਨੇ ਇਸ ਪਿੰਡ ਨੂੰ ਮੁਢਲੀਆਂ
ਸਹੂਲਤਾਂ ਦੇਣ ਦਾ ਫ਼ੈਸਲਾ ਕਰਦਿਆਂ ਜ਼ਿਲ੍ਹਾ ਯੋਜਨਾ ਕੌਂਸਲ ਨੂੰ 45 ਲੱਖ ਰੁਪਏ ਦੀ ਤਜਵੀਜ਼
ਕੀਤੀ। ਬੀਤੇ ਕਲ ਭਾਜਪਾ ਦੇ ਮੰਤਰੀ ਨੇ ਪਿੰਡ ਵਿਚ ਬਿਜਲੀ ਅਤੇ ਬਸਾਂ ਦੀ ਸਹੂਲਤ ਦੀ
ਸ਼ੁਰੂਆਤ ਕੀਤੀ। ਉਹ ਬੱਸ ਵਿਚ ਯਾਤਰਾ ਕਰ ਕੇ ਇਸ ਪਿੰਡ ਪੁੱਜੇ। ਪਿੰਡ ਤਕ ਬੱਸ ਨੂੰ
ਪਹੁੰਚਾਉਣ ਲਈ ਜ਼ਿਲ੍ਹਾ ਪੁਲਿਸ ਦੇ ਮੁਲਾਜ਼ਮਾਂ ਨੇ ਨਦੀ ਉਪਰ ਪੁਲ ਬਣਵਾਇਆ। (ਪੀ.ਟੀ.ਆਈ.)