
ਨਵੀਂ ਦਿੱਲੀ, 29 ਦਸੰਬਰ : ਸਕੂਲਾਂ ਵਿਚ ਫ਼ੌਜੀ ਸਿਖਲਾਈ ਅਤੇ ਖੇਡ ਸਿਖਿਆ ਲਾਜ਼ਮੀ ਕਰਨ, ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਨਵੇਂ ਬੁੰਦੇਲਖੰਡ ਰੈਜੀਮੈਂਟ ਬਣਾਉਣ ਅਤੇ ਹਿੰਸਾ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਆਨਲਾਈਨ ਖੇਡਾਂ ਦੀ ਵਿਕਰੀ ਅਤੇ ਇਸ਼ਤਿਹਾਰਬਾਜ਼ੀ ਰੋਕਣ ਜਿਹੀਆਂ ਤਜਵੀਜ਼ਾਂ ਵਾਲੇ ਨਿਜੀ ਬਿਲ ਅੱਜ ਲੋਕ ਸਭਾ ਵਿਚ ਪੇਸ਼ ਕੀਤੇ ਗਏ। ਸਦਨ ਵਿਚ ਸ਼ੁਕਰਵਾਰ ਨੂੰ ਗ਼ੈਰ-ਸਰਕਾਰੀ ਕੰਮਕਾਜ ਤਹਿਤ ਮੈਂਬਰਾਂ ਨੇ 98 ਨਿਜੀ ਬਿਲ ਪੇਸ਼ ਕੀਤੇ। ਸ਼ਿਵ ਸੈਨਾ ਦੇ ਸ੍ਰੀਰੰਗ ਅੱਪਾ ਬਾਰਣੇ ਨੇ ਦੇਸ਼ ਦੇ ਸਕੂਲਾਂ ਅਤੇ ਕਾਲਜਾਂ ਵਿਚ ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਫ਼ੌਜੀ ਸਿਖਲਾਈ ਦੀ ਤਜਵੀਜ਼ ਵਾਲਾ ਨਿਜੀ ਬਿਲ ਪੇਸ਼ ਕੀਤਾ।
ਸੰਸਦ ਮੈਂਬਰ ਧਨੰਜੇ ਮਹਾਡੀਕ ਨੇ ਸਾਰੇ ਸਰਕਾਰੀ ਅਤੇ ਨਿਜੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਖੇਡ ਸਿਖਿਆ ਦੀ ਤਜਵੀਜ਼ ਵਾਲਾ ਬਿਲ ਪੇਸ਼ ਕੀਤਾ। ਭਾਜਪਾ ਦੇ ਕੁੰਵਰ ਸਿੰਘ ਚੰਦੇਲ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਬੁੰਦੇਲਖੰਡ ਰੈਜੀਮੈਂਟ ਨਾਮਕ ਨਵੀਂ ਫ਼ੌਜੀ ਰੈਜੀਮੈਂਟ ਬਣਾਉਣ ਦੀ ਤਜਵੀਜ਼ ਵਾਲਾ ਬਿਲ ਸਦਨ ਵਿਚ ਪੇਸ਼ ਕੀਤਾ। ਸ਼ਿਵ ਸੈਨਾ ਦੇ ਸ੍ਰੀਕਾਂਤ ਸ਼ਿੰਦੇ ਨੇ ਨਿਜੀ ਬਿਲ ਰਖਿਆ ਜਿਸ ਵਿਚ ਦੇਸ਼ ਵਿਚ ਆਨਲਾਈਨ ਖੇਡਾਂ ਜਿਹੜੀਆਂ ਹਿੰਸਾ ਨੂੰ ਹੱਲਾਸ਼ੇਰੀ ਦਿੰਦੀਆਂ ਹਨ, ਦੀ ਵਿਕਰੀ ਅਤੇ ਇਸ਼ਤਿਹਾਰਬਾਜ਼ੀ 'ਤੇ ਰੋਕ ਦੀ ਤਜਵੀਜ਼ ਵਾਲਾ ਬਿਲ ਰਖਿਆ। ਕਾਂਗਰਸ ਦੇ ਦੀਪੇਂਦਰ ਸਿੰਘ ਹੁੱਡਾ ਨੇ ਬਰਾਬਰ ਸੇਵਾ ਸਮੇਂ ਨਾਲ ਬਰਾਬਰ ਰੈਂਕ ਦੇ ਸੇਵਾਮੁਕਤ ਹੋ ਰਹੇ ਫ਼ੌਜੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ ਦੀ ਤਰੀਕ ਵਲ ਧਿਆਨ ਨਾ ਦਿੰਦੇ ਹੋਏ ਬਰਾਬਰ ਪੈਨਸ਼ਨ ਦੇਣ ਦੀ ਤਜਵੀਜ਼ ਵਾਲਾ ਬਿਲ ਪੇਸ਼ ਕੀਤਾ। (ਏਜੰਸੀ)