
ਜੰਮੂ, 29
ਸਤੰਬਰ : ਬੀਐਸਐਫ਼ ਅਤੇ ਪਾਕਿਸਤਾਨੀ ਰੇਂਜਰਾਂ ਦੇ ਸੈਕਟਰ ਕਮਾਂਡਰਾਂ ਦੀ ਫ਼ਲੈਗ ਮੀਟਿੰਗ
ਅੱਜ ਇਥੇ ਸੁਚੇਤਗੜ੍ਹ ਸੈਕਟਰ ਵਿਚ ਹੋਈ। ਹਾਲ ਹੀ ਵਿਚ ਸਰਹੱਦ ਪਾਰੋਂ ਗੋਲੀਬਾਰੀ ਦੀਆਂ
ਘਟਨਾਵਾਂ ਤੋਂ ਬਾਅਦ ਹੋਈ ਇਹ ਬੈਠਕ ਛੇ ਮਹੀਨੇ ਤੋਂ ਜ਼ਿਆਦਾ ਸਮੇਂ ਬਾਅਦ ਹੋਈ ਹੈ।
ਬੀਐਸਐਫ਼
ਦੇ ਬੁਲਾਰੇ ਨੇ ਦਸਿਆ ਕਿ ਦੋਹਾਂ ਧਿਰਾਂ ਨੇ ਅੰਤਰਰਾਸ਼ਟਰੀ ਸਰਹੱਦ 'ਤੇ ਅਮਨ ਸ਼ਾਂਤੀ ਕਾਇਮ
ਰੱਖਣ ਬਾਬਤ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਕਿਹਾ, 'ਹਾਂਪੱਖੀ ਅਤੇ ਸੁਖਾਵੇਂ ਮਾਹੌਲ
ਵਿਚ ਬੈਠਕ ਹੋਈ ਅਤੇ ਦੋਹਾਂ ਧਿਰਾਂ ਨੇ ਪਹਿਲਾਂ ਵਾਲੀ ਬੈਠਕ ਵਿਚ ਲਏ ਗਏ ਫ਼ੈਸਲਿਆਂ ਨੂੰ
ਲਾਗੂ ਕਰਨ 'ਤੇ ਰਜ਼ਾਮੰਦੀ ਪ੍ਰਗਟ ਕੀਤੀ।' ਹਾਲਾਂਕਿ ਉਨ੍ਹਾਂ ਇਹ ਵੀ ਦਸਿਆ ਕਿ ਭਾਰਤੀ
ਧਿਰਾਂ ਨੇ ਪਾਕਿਸਤਾਨੀ ਧਿਰਾਂ ਨੂੰ ਸਪੱਸ਼ਟ ਕਰ ਦਿਤਾ ਕਿ ਕਿਸੇ ਵੀ ਭੜਕਾਊ ਕਾਰਵਾਈ ਦਾ
ਬਰਾਬਰ ਅਤੇ ਠੋਕਵਾਂ ਜਵਾਬ ਦਿਤਾ ਜਾਵੇਗਾ। ਬੁਲਾਰੇ ਨੇ ਦਸਿਆ ਕਿ ਪਾਕਿਸਤਾਨੀ ਰੇਂਜਰਾਂ
ਦੇ ਕਹਿਣ 'ਤੇ ਬੈਠਕ 105 ਮਿੰਟ ਤਕ ਹੋਈ। ਉਨ੍ਹਾਂ ਕਿਹਾ ਕਿ ਦੋ ਮਹੀਨੇ ਪਹਿਲਾਂ ਸਰਹੱਦ
ਪਾਰ ਤੋਂ ਹਮਲੇ ਤੇਜ਼ ਹੋਣ ਤੋਂ ਬਾਅਦ ਦੋਹਾਂ ਬਲਾਂ ਵਿਚਕਾਰ ਇਹ ਪਹਿਲੀ ਸੈਕਟਰ ਕਮਾਂਡਰ
ਪਧਰੀ ਬੈਠਕ ਹੈ।
ਬੀਐਸਐਫ਼ ਦੇ ਵਫ਼ਦ ਵਿਚ 17 ਅਧਿਕਾਰੀ ਸਨ ਜਿਨ੍ਹਾਂ ਦੀ ਅਗਵਾਈ
ਬੀਐਸਐਫ਼ ਦੇ ਡੀਆਈਜੀ ਪੀ ਐਸ ਧੀਮਾਨ ਨੇ ਕੀਤੀ। ਸਿਆਲਕੋਟ ਪੰਜਾਬ ਦੇ ਚਿਨਾਬ ਰੇਂਜਰਾਂ ਦੇ
ਸੈਕਟਰ ਕਮਾਂਡਰ ਬ੍ਰਿਗੇਡੀਅਨ ਅਮਜਦ ਹੁਸੈਨ ਨੇ ਪਾਕਿਸਤਾਨ ਦੇ 14 ਅਫ਼ਸਰਾਂ ਦੇ ਵਫ਼ਦ ਦੀ
ਅਗਵਾਈ ਕੀਤੀ। ਪਿਛਲੀ ਸੈਕਟਰ ਕਮਾਂਡਰ ਪਧਰੀ ਬੈਠਕ 9 ਮਾਰਚ 2017 ਨੂੰ ਹੋਈ ਸੀ। ਬੁਲਾਰੇ
ਨੇ ਦਸਿਆ ਕਿ ਬੀਐਸਐਫ਼ ਨੇ ਅੱਜ ਦੀ ਬੈਠਕ ਵਿਚ ਦੋ ਜਵਾਨਾਂ ਕਾਂਸਟੇਬਲ ਬ੍ਰਿਜੇਂਦਰ ਬਹਾਦਰ
ਅਤੇ ਕੇ ਕੇ ਅੱਪਾ ਰਾਉ ਦੀ ਹਤਿਆ 'ਤੇ ਵਿਰੋਧ ਪ੍ਰਗਟ ਕੀਤਾ।
ਭਾਰਤ ਨੇ ਕਈ ਸਰਹੱਦੀ
ਪਿੰਡਾਂ ਵਿਚ ਪਾਕਿਸਤਾਨੀ ਰੇਂਜਰਾਂ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਦਾ ਵੀ ਮੁੱਦਾ
ਚੁਕਿਆ। ਬੁਲਾਰੇ ਮੁਤਾਬਕ ਰਾਤ ਵਿਚ ਘੁਸਪੈਠ ਦੇ ਯਤਨਾਂ 'ਤੇ ਚਰਚਾ ਹੋਈ। ਪਾਕਿਸਤਾਨੀ
ਰੇਂਜਰਾਂ ਨੇ ਸਰਹੱਦ 'ਤੇ ਅਮਨ ਸ਼ਾਂਤੀ ਕਾਇਮ ਰੱਖਣ ਦਾ ਭਰੋਸਾ ਦਿਤਾ ਅਤੇ ਕਿਹਾ ਕਿ
ਬੀਐਸਐਫ਼ ਨੂੰ ਸੰਜਮ ਵਰਤਣਾ ਚਾਹੀਦਾ ਹੈ ਤਾਕਿ ਪਾਕਿਸਤਾਨੀ ਲੋਕਾਂ ਦੀ ਵੀ ਜਾਨ ਨਾ ਜਾਏ।
(ਏਜੰਸੀ)