
ਗੁਹਾਟੀ,
1 ਅਕਤੂਬਰ : ਆਸਾਮ ਦੇ ਸੇਵਾਮੁਕਤ ਫ਼ੌਜੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼
ਮੰਤਰਾਲੇ ਨੇ ਉਸ ਨੂੰ ਨੋਟਿਸ ਭੇਜ ਕੇ ਇਹ ਸਾਬਤ ਕਰਨ ਲਈ ਕਿਹਾ ਹੈ ਕਿ ਉਹ ਗ਼ੈਰ-ਕਾਨੂੰਨੀ
ਬੰਗਲਾਦੇਸ਼ੀ ਪ੍ਰਵਾਸੀ ਨਹੀਂ ਹੈ ਸਗੋਂ ਭਾਰਤੀ ਨਾਗਰਿਕ ਹੈ।
ਜੂਨੀਅਰ ਕਮਿਸ਼ਨਡ ਅਫ਼ਸਰ
ਯਾਨੀ ਜੇਸੀਓ ਮੁਹੰਮਦ ਹਕ 30 ਸਤੰਬਰ 2016 ਨੂੰ ਸੇਵਾਮੁਕਤ ਹੋਇਆ ਸੀ। ਉਸ ਨੇ ਕਲ
ਪੱਤਰਕਾਰਾਂ ਨੂੰ ਕਿਹਾ ਕਿ ਉਸ ਨੂੰ ਨੋਟਿਸ ਮਿਲਿਆ ਹੈ ਜਿਸ ਵਿਚ ਉਸ ਨੂੰ ਸ਼ੱਕੀ ਵੋਟਰ
ਸੂਚੀ ਵਿਚ ਰਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਵਿਰੁਧ ਇਹ ਦੋਸ਼ ਵੀ ਲਾਇਆ ਗਿਆ ਹੈ ਕਿ
ਉਹ ਯੋਗ ਦਸਤਾਵੇਜ਼ਾਂ ਤੋਂ ਬਿਨਾਂ 1971 ਵਿਚ ਭਾਰਤ ਆਇਆ ਸੀ। ਹਕ ਨੇ ਕਿਹਾ, 'ਮੈਂ 30 ਸਾਲ
ਤਕ ਭਾਰਤੀ ਫ਼ੌਜ ਦੀ ਸੇਵਾ ਕੀਤੀ ਹੈ।' ਉਨ੍ਹਾਂ ਕਿਹਾ ਕਿ ਨੋਟਿਸ ਵਿਚ ਉਸ ਨੂੰ 13
ਅਕਤੂਬਰ ਨੂੰ ਸਬੰਧਤ ਦਸਤਾਵੇਜ਼ ਲੈ ਕੇ ਸਥਾਨਕ ਦਫ਼ਤਰ ਵਿਚ ਪੇਸ਼ ਹੋਣ ਅਤੇ ਅਪਣੀ ਭਾਰਤੀ
ਨਾਗਰਿਕਤਾ ਸਾਬਤ ਕਰਨ ਲਈ ਕਿਹਾ ਗਿਆ ਹੈ। ਸੇਵਾਮੁਕਤ ਜੇਸੀਓ ਨੇ ਕਿਹਾ ਕਿ ਉਹ 11 ਸਤੰਬਰ
ਨੂੰ ਪੇਸ਼ ਨਹੀਂ ਹੋ ਸਕਿਆ ਸੀ ਕਿਉਂਕਿ ਉਸ ਨੂੰ ਨੋਟਿਸ ਬਾਅਦ ਵਿਚ ਮਿਲਿਆ। ਉਹ ਹੁਣ 13
ਤਰੀਕ ਨੂੰ ਪੇਸ਼ ਹੋਵੇਗਾ। (ਏਜੰਸੀ)