
ਪਟਿਆਲਾ, 14 ਮਾਰਚ (ਬਲਵਿੰਦਰ ਸਿੰਘ ਭੁੱਲਰ): ਅੱਜ ਦੀ ਸਮੁੱਚੀ ਨੌਜਵਾਨ ਪੀੜ੍ਹੀ ਦੇ ਹਰ ਸਮੇਂ ਹੱਥਾਂ ਵਿਚ ਫੜ੍ਹੇ ਸਮਾਰਟ ਮੋਬਾਈਲ ਫ਼ੋਨਾਂ 'ਤੇ ਚਲਦਾ ਸੋਸ਼ਲ ਮੀਡੀਆ ਅਤੇ ਫ਼ੇਸਬੁੱਕ ਕਿਸੇ ਵੀ ਤਾਜ਼ਾ ਤਰੀਨ ਸੂਬਾਈ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਮਸਲਿਆਂ ਸਬੰਧੀ ਨਾ ਹੀ ਆਮ ਗਿਆਨ ਵਿਚ ਵਾਧਾ ਕਰਨ ਵਾਲਾ ਹੈ ਅਤੇ ਨਾ ਹੀ ਕੋਈ ਗੰਭੀਰ ਗੱਲ ਕਰਦਾ ਹੈ ਸਗੋਂ ਇਸ ਉੱਪਰ ਪਰੋਸੀ ਜਾ ਰਹੀ ਸਮੱਗਰੀ ਨਿਰੋਲ ਮਨੋਰੰਜਨ ਭਰਪੂਰ ਅਤੇ ਕੀਮਤੀ ਸਮਾਂ ਨਸ਼ਟ ਕਰਨ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ। ਇਹ ਉਹ ਨਸ਼ਾ ਹੈ ਜਿਸ ਨੂੰ ਦਿਨ ਰਾਤ ਵਰਤਣ ਵਾਲਾ ਲਗਭਗ ਹਰ ਸ਼ਖ਼ਸ ਅਪਣੇ ਆਪ ਨੂੰ ਕਦੇ ਵੀ ਅਮਲੀ ਜਾਂ ਨਸ਼ਈ ਮੰਨਣ ਲਈ ਤਿਆਰ ਨਹੀਂ ਹੁੰਦਾ ਬਲਕਿ ਬੜੇ ਹੀ ਫ਼ਖ਼ਰ ਨਾਲ ਅਪਣੇ ਆਪ ਨੂੰ 21ਵੀਂ ਸਦੀ ਦਾ ਅਗਾਂਹਵਧੂ ਇਨਸਾਨ ਦੱਸਣ ਵਿਚ ਅਪਣੀ ਸ਼ਾਨ ਸਮਝਦਾ ਹੈ। ਨੌਜਵਾਨ ਪੀੜ੍ਹੀ ਦੇ ਹੱਥ ਆਇਆ ਇਹ ਮੋਬਾਈਲ ਮੀਡੀਆ ਇਕ ਸਾਧਾਰਨ ਔਰਤ ਦੇ ਘਰ ਜੰਮੇ ਉਸ ਪੁੱਤਰ ਵਾਂਗ ਹੈ ਜਿਸ ਨੂੰ ਉਸ ਔਰਤ ਨੇ ਚਾਅ ਲਾਡ ਅਤੇ ਪਿਆਰ ਨਾਲ ਚੁੰਮ ਚੁੰਮ ਕੇ ਹੀ ਮਾਰ ਦਿਤਾ ਸੀ।
ਭਾਰਤ ਦੇ ਗੁਆਂਢੀ ਮੁਲਕ ਚੀਨ ਵਿਚ ਨੌਜਵਾਨਾਂ ਅੰਦਰ ਇਸ ਮੋਬਾਈਲ ਮੀਡੀਆ ਦੀ ਦੁਰਵਰਤੋਂ ਇਸ ਖ਼ਤਰਨਾਕ ਹੱਦ ਤਕ ਜਾ ਪਹੁੰਚੀ ਸੀ ਕਿ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਵਾਂਗ ਚੀਨ ਵਿਚ ਸਰਕਾਰ ਨੂੰ ਮਜਬੂਰਨ ਮੋਬਾਈਲ ਨਸ਼ਾ ਛੁਡਾਊ ਕੇਂਦਰ ਸਥਾਪਤ ਕਰਨੇ ਪਏ ਹਨ। ਇਹ ਬਹੁਤ ਲਾਇਲਾਜ ਬੀਮਾਰੀ ਹੈ ਅਤੇ ਇਸ ਨੂੰ ਵਰਤਣ ਵਾਲਾ ਰੋਟੀ ਤੋਂ ਬਗ਼ੈਰ ਰਹਿ ਸਕਦਾ ਹੈ ਪਰ ਮੋਬਾਈਲ ਇੰਟਰਨੈੱਟ ਬਗ਼ੈਰ ਜ਼ਿੰਦਾ ਨਹੀਂ ਰਹਿ ਸਕਦਾ। ਫ਼ੇਸਬੁੱਕ ਵਰਤਣ ਵਾਲੇ ਇਕ ਵਿਅਕਤੀ ਨੇ ਐਕਸੀਡੈਂਟ ਦੌਰਾਨ ਅਪਣੀ ਟੁੱਟੀ ਲੱਤ 'ਤੇ ਲੱਗੇ ਪਲੱਸਤਰ ਦੀ ਫ਼ੋਟੋ ਸੋਸ਼ਲ ਮੀਡੀਆ ਤੋ ਪੋਸਟ ਕਰ ਦਿਤੀ ਅਤੇ ਸ਼ਾਮ ਤਕ 1500 ਇੰਟਰਨੈਟ ਯੂਜਰਜ਼ ਨੇ ਟੁੱਟੀ ਲੱਤ 'ਤੇ ਪਲੱਸਤਰ ਲਗਿਆ ਵੇਖ ਕੇ ਹਮਦਰਦੀ ਜਾਹਰ ਕਰਦਿਆਂ 'ਲਾਈਕ' ਦਾ ਕੁਮੈਂਟ ਲਿਖ ਕੇ ਭੇਜਿਆ। ਚੌਥੀ ਜਮਾਤ ਵਿਚੋਂ ਪੰਜ ਪੰਜ ਵਾਰ ਫ਼ੇਲ ਹੋਏ ਵਿਅਕਤੀ ਜਦੋਂ ਕਦੇ ਕਿਸੇ ਮਾਮਲੇ ਸਬੰਧੀ ਅਪਣੇ ਕੁਮੈਂਟ ਕਰ ਕੇ ਭੇਜਦੇ ਹਨ ਤਾਂ ਸਮਝਦਾਰ ਅਤੇ ਬੁੱਧੀਜੀਵੀ ਵਰਗ ਅਜਿਹੇ ਕੁਮੈਂਟ ਪੜ੍ਹ ਕੇ ਇਹ ਸਮਝਣੋਂ ਅਸਮਰਥ ਹੋ ਜਾਂਦਾ ਹੈ ਕਿ ਹੁਣ ਰੋਇਆ ਜਾਵੇ ਜਾਂ ਹੱਸਿਆ ਜਾਵੇ। ਕੋਈ ਵਰਗ ਇਸ ਤੋਂ ਅਛੂਤਾ ਨਹੀਂ ਬਚਿਆ। ਇਸ ਮੀਡੀਆ ਦੀ ਵਰਤੋਂ ਨਾਲੋਂ ਦੁਰਵਰਤੋਂ 200 ਗੁਣਾ ਵਧ ਗਈ ਹੈ। ਅੱਜ ਦੀ ਤਾਰੀਖ ਵਿਚ ਕੋਈ ਕਰਮਾਂ ਵਾਲਾ ਵਿਅਕਤੀ ਹੀ ਹੋਵੇਗਾ ਜਿਹੜਾ ਗੰਭੀਰ ਨਸ਼ੇ ਦੀ ਇਸ ਅਲਾਮਤ ਤੋਂ ਬਚਿਆ ਹੋਵੇਗਾ ਵਰਨਾ ਹਰ ਸ਼ਖ਼ਸ ਇਸ ਲਾਇਲਾਜ ਬੀਮਾਰੀ ਤੋਂ ਪੀੜਤ ਹੀ ਮਿਲੇਗਾ।