
ਨਵੀਂ ਦਿੱਲੀ, 8 ਫ਼ਰਵਰੀ : ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਵਿਚ ਇਲਾਹਾਬਾਦ ਹਾਈ ਕੋਰਟ ਸਾਹਮਣੇ ਰਹੀਆਂ ਸਾਰੀਆਂ ਧਿਰਾਂ ਨੂੰ ਅੱਜ ਕਿਹਾ ਕਿ ਉਹ ਅਪਣੀ ਅਪੀਲ ਤੋਂ ਇਲਾਵਾ ਹੋਰ ਦਾਖ਼ਲ ਦਸਤਾਵੇਜ਼ਾਂ ਦਾ ਅੰਗਰੇਜ਼ੀ ਅਨੁਵਾਦ ਦੋ ਹਫ਼ਤਿਆਂ ਅੰਦਰ ਦਾਖ਼ਲ ਕਰਨ। ਮੁੱਖ ਜੱਜ ਦੀਪਕ ਮਿਸ਼ਰਾ, ਜੱਜ ਅਸ਼ੋਕ ਭਾਨ ਅਤੇ ਜੱਜ ਐਸ ਏ ਨਜ਼ੀਰ ਦੇ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਦਾਖ਼ਲ ਅਪੀਲਾਂ 'ਤੇ 14 ਮਾਰਚ ਨੂੰ ਸੁਣਵਾਈ ਕੀਤੀ ਜਾਵੇਗੀ। ਨਾਲ ਹੀ ਬੈਂਚ ਨੇ ਸਪੱਸ਼ਟ ਕੀਤਾ ਕਿ ਉਸ ਦਾ ਇਰਾਦਾ ਇਸ ਮਾਮਲੇ ਨੂੰ ਕਦੇ ਵੀ ਰੋਜ਼ਾਨਾ ਸੁਣਨ ਦਾ ਨਹੀਂ ਰਿਹਾ। ਜੱਜਾਂ ਨੇ ਕਿਹਾ ਕਿ ਉਹ ਮਾਮਲੇ ਨੂੰ 'ਨਿਰੋਲ ਜ਼ਮੀਨ ਵਿਵਾਦ' ਵਜੋਂ ਸੁਣਨਗੇ ਅਤੇ ਉਨ੍ਹਾਂ ਸੰਕੇਤ ਦਿਤਾ ਕਿ ਹਾਈ ਕੋਰਟ ਸਾਹਮਣੇ ਜਿਹੜੇ ਲੋਕ ਨਹੀਂ ਸਨ, ਉਨ੍ਹਾਂ ਦੀਆਂ ਧਿਰਾਂ ਬਣਨ ਲਈ ਦਾਖ਼ਲ ਅਰਜ਼ੀਆਂ ਨੂੰ ਬਾਅਦ ਵਿਚ ਵੇਖਿਆ ਜਾਵੇਗਾ।
ਜੱਜਾਂ ਨੇ ਕਿਹਾ ਕਿ ਉਨ੍ਹਾਂ ਭਾਸ਼ਾਈ ਕਿਤਾਬਾਂ ਜਿਨ੍ਹਾਂ ਨੂੰ ਇਸ ਮਾਮਲੇ ਵਿਚ ਆਧਾਰ ਬਣਾਇਆ ਗਿਆ ਹੈ, ਦਾ ਅੰਗਰੇਜ਼ੀ ਵਿਚ ਅਨੁਵਾਦ ਕਰਾਇਆ ਜਾਏ ਅਤੇ ਦੋ ਹਫ਼ਤਿਆਂ ਅੰਦਰ ਅਨੁਵਾਦ ਦਾਖ਼ਲ ਕੀਤਾ ਜਾਵੇ। ਜੱਜ ਨੇ ਅਦਾਲਤ ਦੀ ਰਜਿਸਟਰੀ ਨੂੰ ਨਿਰਦੇਸ਼ ਦਿਤਾ ਕਿ ਹਾਈ ਕੋਰਟ ਦੇ ਰੀਕਾਰਡ ਦਾ ਹਿੱਸਾ ਰਹੀ ਵੀਡੀਉ ਕੈਸੇਟ ਦੀਆਂ ਕਾਪੀਆਂ ਸਬੰਧਤ ਧਿਰਾਂ ਨੂੰ ਅਸਲ ਮੁਲ 'ਤੇ ਉਲਲਭਧ ਕਰਾਈਆਂ ਜਾਣ। ਹਾਈ ਕੋਰਟ ਨੇ 2010 ਵਿਚ ਬਹੁਮਤ ਦੇ ਫ਼ੈਸਲੇ ਵਿਚ ਵਿਵਾਦਤ ਜ਼ਮੀਨ ਨੂੰ ਤਿੰਨ ਬਰਾਬਰ ਹਿਸਿਆਂ ਵਿਚ ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲੱਲਾ ਵਿਚਕਾਰ ਵੰਡਣ ਦਾ ਹੁਕਮ ਦਿਤਾ ਸੀ।
(ਏਜੰਸੀ)