
ਲਖਨਊ: ਉੱਤਰ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਿਰੁਧ 22 ਸਾਲ ਪੁਰਾਣੇ ਇਕ ਮਾਮਲੇ ਨੂੰ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਦੇ ਨਾਲ ਹੀ 12 ਹੋਰ ਵਿਅਕਤੀਆਂ 'ਤੇ ਲੱਗੇ 22 ਸਾਲ ਪੁਰਾਣੇ ਪਾਬੰਦੀ ਦੇ ਹੁਕਮ ਖ਼ਤਮ ਕਰਨ ਬਾਬਤ ਮਾਮਲਾ ਵੀ ਵਾਪਸ ਲਿਆ ਜਾਵੇਗਾ।
ਗੋਰਖਪੁਰ ਦੇ ਅਪਰ ਜ਼ਿਲ੍ਹਾ ਅਧਿਕਾਰੀ ਰਜਨੀਸ਼ ਚੰਦਰ ਨੇ ਕਿਹਾ ਕਿ ਸੂਬਾ ਹੈੱਡਕੁਆਰਟਰ ਤੋਂ ਹੁਕਮ ਮਿਲਿਆ ਹੈ ਅਤੇ ਇਸ ਲਈ ਉਨ੍ਹਾਂ ਵਲੋਂ ਅਦਾਲਤ 'ਚ ਬਿਨੈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸਤਗਾਸਾ ਅਧਿਕਾਰੀ ਨੂੰ ਕਿਹਾ ਗਿਆ ਹੈ ਕਿ ਉਹ ਸਬੰਧਤ ਅਦਾਲਤ 'ਚ ਮਾਮਲੇ ਵਾਪਸ ਲੈਣ ਲਈ ਪ੍ਰਾਰਥਨਾ ਪੱਤਰ ਦਾਖ਼ਲ ਕਰਨ।
ਯੋਗੀ ਆਦਿਤਿਆਨਾਥ, ਕੇਂਦਰੀ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ, ਭਾਜਪਾ ਵਿਧਾਇਕ ਸ਼ੀਤਲ ਪਾਂਡੇ ਸਮੇਤ 10 ਲੋਕਾਂ ਵਿਰੁਧ 27 ਮਈ, 1995 ਨੂੰ ਗੋਰਖਪੁਰ ਦੇ ਪੀਪੀਗੰਜ ਪੁਲਿਸ ਸਟੇਸ਼ਨ 'ਚ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਇਕ ਰੈਲੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸਰਕਾਰ ਨੇ ਯੋਗੀ ਵਿਰੁਧ ਮਾਮਲਾ ਹਟਾਉਣ ਦਾ ਹੁਕਮ ਪਿਛਲੇ ਹਫ਼ਤੇ ਦਿਤਾ ਸੀ।