
ਪਟਨਾ, 1 ਅਗੱਸਤ : ਬਿਹਾਰ ਵਿਚ ਮਹਾਂਗਠਜੋੜ ਦੀ ਸਰਕਾਰ ਟੁੱਟਣ ਤੋਂ ਬਾਅਦ ਕਲ ਨਿਤੀਸ਼ ਕੁਮਾਰ ਨੇ ਅਪਣੇ ਉਪਰ ਲੱਗ ਰਹੇ ਦੋਸ਼ਾਂ ਦਾ ਜਵਾਬ ਦਿਤਾ ਸੀ ਅਤੇ ਠੀਕਰਾ ਲਾਲੂ ਪ੍ਰਸਾਦ ਉਤੇ ਭੰਨਿਆ ਸੀ।
ਪਟਨਾ, 1 ਅਗੱਸਤ : ਬਿਹਾਰ ਵਿਚ ਮਹਾਂਗਠਜੋੜ ਦੀ ਸਰਕਾਰ ਟੁੱਟਣ ਤੋਂ ਬਾਅਦ ਕਲ ਨਿਤੀਸ਼ ਕੁਮਾਰ ਨੇ ਅਪਣੇ ਉਪਰ ਲੱਗ ਰਹੇ ਦੋਸ਼ਾਂ ਦਾ ਜਵਾਬ ਦਿਤਾ ਸੀ ਅਤੇ ਠੀਕਰਾ ਲਾਲੂ ਪ੍ਰਸਾਦ ਉਤੇ ਭੰਨਿਆ ਸੀ।
ਅੱਜ ਲਾਲੂ ਪ੍ਰਸਾਦ ਨੇ ਜਵਾਬ ਦਿੰਦਿਆਂ ਨਿਤੀਸ਼ ਨੂੰ ਰਾਜਨੀਤੀ ਦਾ ਪਲਟੂਰਾਮ ਦਸਿਆ ਅਤੇ ਕਿਹਾ ਕਿ ਉਹ ਸੱਤਾ ਲਈ ਕੁੱਝ ਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਦ ਯਾਦਵ ਨੇ ਨਿਤੀਸ਼ ਕੁਮਾਰ ਨੂੰ ਅੱਗੇ ਵਧਾਇਆ, ਅੱਜ ਉਸ ਦੀ ਵੀ ਕਦਰ ਨਹੀਂ ਕੀਤੀ ਜਾ ਰਹੀ। ਲਾਲੂ ਨੇ ਕਿਹਾ, 'ਨਿਤੀਸ਼ ਨੇ ਅਪਣੇ ਸਵਾਰਥ ਲਈ ਮੇਰੇ ਬੇਟਿਆਂ ਦੀ ਰਾਜਨੀਤਕ ਬਲੀ ਦੇਣ ਦੀ ਕੋਸ਼ਿਸ਼ ਕੀਤੀ।'
ਪੱਤਰਕਾਰ ਸੰਮੇਲਨ ਵਿਚ ਲਾਲੂ ਪ੍ਰਸਾਦ ਯਾਦਵ ਪੂਰੇ ਰੌਂਅ ਵਿਚ ਦਿਸੇ। ਲਾਲੂ ਨੇ ਕਿਹਾ ਕਿ ਉਹ ਨਿਤੀਸ਼ ਨੂੰ ਬਚਪਨ ਤੋਂ ਜਾਣਦੇ ਹਨ। ਉਸ ਦਾ ਕੋਈ ਜਨ ਆਧਾਰ ਨਹੀਂ ਹੈ।
ਉਹ ਸੱਤਾ ਦਾ ਲਾਲਚੀ ਨੇਤਾ ਹੈ। ਲਾਲੂ ਨੇ ਕਿਹਾ, 'ਮੈਂ 1970-71 ਵਿਚ ਵਿਦਿਆਰਥੀ ਯੂਨੀਅਨ ਦਾ ਸਕੱਤਰ ਬਣਿਆ। ਉਸ ਵਕਤ ਨਿਤੀਸ਼ ਕੁਮਾਰ ਕਿਤੇ ਵੀ ਨਹੀਂ ਸੀ। ਮੈਨੂੰ 1977 ਵਿਚ ਜੈਪ੍ਰਕਾਸ਼ ਨਾਰਾਇਣ ਨੇ ਛਪਰਾ ਤੋਂ ਟਿਕਟ ਦਿਤੀ ਸੀ। ਉਸ ਸਮੇਂ ਤਿੰਨ ਲੱਖ ਵੋਟਾਂ ਨਾਲ ਮੈਂ ਜਿੱਤਿਆ ਸੀ। ਉਸ ਵਕਤ ਨਿਤੀਸ਼ ਵਿਦਿਆਰਥੀ ਨੇਤਾ ਸੀ ਅਤੇ ਮੈਂ ਵਿਦਿਆਰਥੀਆਂ ਨੂੰ ਨੇਤਾ ਬਣਾ ਰਿਹਾ ਸੀ।'
ਲਾਲੂ ਨੇ ਕਿਹਾ ਕਿ ਨਿਤੀਸ਼ ਦੇਸ਼ ਦੀ ਰਾਜਨੀਤੀ ਦੇ ਇਤਿਹਾਸ ਦਾ ਪਲਟੂਰਾਮ ਹੈ। ਉਸ ਦੇ ਚਰਿੱਤਰ ਤੋਂ ਅੱਜ ਹਰ ਕੋਈ ਵਾਕਫ਼ ਹੋ ਗਿਆ ਹੈ। ਲਾਲੂ ਨੇ ਕਿਹਾ, 'ਮੈਂ ਨਹੀਂ ਚਾਹੁੰਦਾ ਸੀ ਕਿ ਮਹਾਂਗਠਜੋੜ ਵਿਚ ਉਸ ਨੂੰ ਅੱਗੇ ਕੀਤਾ ਜਾਵੇ ਪਰ ਮੁਲਾਇਮ ਸਿੰਘ ਦੇ ਕਹਿਣ 'ਤੇ ਨਿਤੀਸ਼ ਨੂੰ ਅੱਗੇ ਕੀਤਾ ਗਿਆ। ਫਿਰ ਨਿਤੀਸ਼ ਸਾਡੇ ਘਰ ਆਇਆ ਤਾਂ ਤੇਜਪ੍ਰਤਾਪ ਅਤੇ ਤੇਜੱਸਵੀ ਨੇ ਉਸ ਦਾ ਸਤਿਕਾਰ ਕੀਤਾ। ਉਸ ਸਮੇਂ ਨਿਤੀਸ਼ ਨੇ ਕਿਹਾ ਸੀ ਕਿ ਅਸੀਂ ਤਾਂ ਬੁੱਢੇ ਹੋ ਗਏ ਹਾਂ। ਬਸ ਇਕ ਟਰਮ ਦੋ ਦਿਉ। ਇਨ੍ਹਾਂ ਮੁੰਡਿਆਂ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਜਦ ਤੇਜੱਸਵੀ ਤੇ ਤੇਜਪ੍ਰਤਾਪ ਅੱਗੇ ਵਧਣ ਲੱਗੇ ਤਾਂ ਸੱਤਾ ਦੇ ਲਾਲਚੀ ਨਿਤੀਸ਼ ਨੇ ਮੇਰੇ ਦੋਵੇਂ ਬੇਟਿਆਂ ਦੀ ਬਲੀ ਲੈਣ ਦੀ ਕੋਸ਼ਿਸ਼ ਕੀਤੀ।'
ਲਾਲੂ ਨੇ ਕਿਹਾ, 'ਨਿਤੀਸ਼ ਨੂੰ ਅੱਗੇ ਵਧਾਉਣ 'ਚ ਜਿੰਨਾ ਮੇਰਾ ਹੱਥ ਹੈ, ਉਸ ਬਾਰੇ ਹਰ ਕੋਈ ਜਾਣਦਾ ਹੈ। ਨਿਤੀਸ਼ ਹੁਣ ਭਗਵੇਂ ਕਪੜੇ ਪਾ ਕੇ ਜੈ ਸ੍ਰੀ ਰਾਮ, ਜੈ ਸ੍ਰੀ ਰਾਮ ਕਰਦਾ ਰਹੇ।' ਲਾਲੂ ਨੇ ਕਿਹਾ ਕਿ ਨਿਤੀਸ਼ ਦਾ ਕੋਈ ਜਨ ਆਧਾਰ ਨਹੀਂ। ਉਹ ਭੁੱਲ ਗਿਆ ਕਿ ਉਸ ਦੀ ਹੈਸੀਅਤ ਕੀ ਹੈ। ਲਾਲੂ ਨੇ ਕਿਹਾ ਕਿ ਨਿਤੀਸ਼ ਜਦ ਵੀ ਸੰਕਟ ਵਿਚ ਫਸਦਾ ਹੈ ਤਾਂ ਵੱਡਾ ਭਾਈ, ਵੱਡਾ ਭਾਈ ਕਰਦਾ ਹੋਇਆ ਆਉਂਦਾ ਹੈ। ਮਾਂਝੀ ਨੂੰ ਕਠਪੁਤਲੀ ਸਮਝ ਕੇ ਮੁੱਖ ਮੰਤਰੀ ਬਣਾ ਦਿਤਾ ਤੇ ਜਦ ਉਸ ਨੇ ਰੰਗ ਵਿਖਾਉਣਾ ਸ਼ੁਰੂ ਕੀਤਾ, ਫਿਰ ਨਿਤੀਸ਼ ਮੇਰੇ ਕੋਲ ਆਇਆ। ਲਾਲੂ ਨੇ ਕਿਹਾ ਕਿ ਉਨ੍ਹਾਂ ਦੇ ਪਰਵਾਰ ਵਿਰੁਧ ਕੇਸ ਕਰਾਉਣ ਵਿਚ ਨਿਤੀਸ਼ ਦਾ ਹੀ ਹੱਥ ਹੈ। (ਏਜੰਸੀ)