
ਦੋ ਵਾਰ ਲੋਕ ਸਭਾ ਮੈਂਬਰ ਅਤੇ ਸਾਬਕਾ ਮੰਤਰੀ ਰਹੇ ਬੋਰਦੋਲੋਈ ਮੀਟਿੰਗ ਛੱਡ ਕੇ ਅਪਣੀ ਗੱਡੀ ’ਚ ਚਲੇ ਗਏ
ਗੁਹਾਟੀ : ਅਸਾਮ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੈਰ-ਭਾਜਪਾ ਪਾਰਟੀਆਂ ਨੂੰ ਇਕੱਠੇ ਕਰਨ ਦੀਆਂ ਕੋਸ਼ਿਸ਼ਾਂ ’ਚ ਰੁਕਾਵਟ ਆਉਂਦੀ ਨਜ਼ਰ ਆ ਰਹੀ ਹੈ ਕਿਉਂਕਿ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨੇ ਸੰਕੇਤ ਦਿਤਾ ਹੈ ਕਿ ਮੁੱਖ ਵਿਰੋਧੀ ਪਾਰਟੀ ਇਕੱਲੇ ਚੋਣ ਲੜ ਸਕਦੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਭੂਪੇਨ ਬੋਰਾ ਨੇ ਐਤਵਾਰ ਨੂੰ ਇਕ ਫੇਸਬੁੱਕ ਪੋਸਟ ਵਿਚ ਪਾਰਟੀ ਦੇ ਇਕੱਲੇ ਚੋਣ ਲੜਨ ਦੀ ਸੰਭਾਵਨਾ ਦਾ ਸੰਕੇਤ ਦਿਤਾ, ਜਦਕਿ ਇਕ ਦਿਨ ਪਹਿਲਾਂ ਵਿਰੋਧੀ ਪਾਰਟੀਆਂ ਦੀ ਬੈਠਕ ਤੋਂ ਪਾਰਟੀ ਦੇ ਸੰਸਦ ਮੈਂਬਰ ਪ੍ਰਦਿਊਤ ਬਾਰਦੋਲੋਈ ਦੇ ਅਚਾਨਕ ਬਾਹਰ ਨਿਕਲਣ ਨਾਲ ਵੀ ਭਾਜਪਾ ਵਿਰੋਧੀ ਮੋਰਚਾ ਬਣਾਉਣ ਦੀ ਸਹਿਮਤੀ ’ਤੇ ਸ਼ੱਕ ਪੈਦਾ ਹੋ ਗਿਆ ਹੈ।
ਕਾਂਗਰਸ, ਖੱਬੇਪੱਖੀ ਪਾਰਟੀਆਂ, ਰਾਏਜੋਰ ਦਲ ਅਤੇ ਅਸਾਮ ਜਾਤੀਆ ਪ੍ਰੀਸ਼ਦ (ਏ.ਜੇ.ਪੀ.) ਸਮੇਤ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਨਿਚਰਵਾਰ ਸ਼ਾਮ ਨੂੰ ਗੁਹਾਟੀ ਦੇ ਬਾਹਰੀ ਇਲਾਕੇ ਸੋਨਾਪੁਰ ਦੇ ਇਕ ਰਿਜ਼ੋਰਟ ਵਿਚ ਬੈਠਕ ਕੀਤੀ। ਇਹ ਬੈਠਕ ਉੱਘੇ ਨਾਗਰਿਕਾਂ ਨੇ ਸੂਬੇ ’ਚ ਚੋਣਾਂ ਲਈ ਗੈਰ-ਭਾਜਪਾ ਪਾਰਟੀਆਂ ਨੂੰ ਇਕ ਮੰਚ ’ਤੇ ਇਕੱਠੇ ਕਰਨ ਲਈ ਬੁਲਾਈ ਸੀ।
ਦੋ ਵਾਰ ਲੋਕ ਸਭਾ ਮੈਂਬਰ ਅਤੇ ਸਾਬਕਾ ਮੰਤਰੀ ਰਹੇ ਬੋਰਦੋਲੋਈ ਮੀਟਿੰਗ ਛੱਡ ਕੇ ਅਪਣੀ ਗੱਡੀ ’ਚ ਚਲੇ ਗਏ। ਉਸ ਨੇ ਮੀਟਿੰਗ ਤੋਂ ਅਚਾਨਕ ਜਾਣ ’ਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ। ਬੈਠਕ ’ਚ ਮੌਜੂਦ ਬੋਰਾ ਨੇ ਬੈਠਕ ’ਚ ਕੀ ਹੋਇਆ, ਇਸ ਦਾ ਵੇਰਵਾ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਪ੍ਰਬੰਧਕ ਇਸ ਫੈਸਲੇ ਬਾਰੇ ਲੋਕਾਂ ਨੂੰ ਸੂਚਿਤ ਕਰਨਗੇ।
ਹਾਲਾਂਕਿ, ਐਤਵਾਰ ਸਵੇਰੇ ਫੇਸਬੁੱਕ ’ਤੇ ਉਨ੍ਹਾਂ ਦੀ ਪੋਸਟ ਨੇ ਵੱਡੇ ਸੰਭਾਵਤ ਮਤਭੇਦਾਂ ਦਾ ਸੰਕੇਤ ਦਿਤਾ। ‘ਐਕਸ’ ’ਤੇ ਇਕ ਪੋਸਟ ਵਿਚ ਬੋਰਾ ਨੇ ਕਿਹਾ, ‘‘ਇਕਲਾ ਚਲੋ ਰੇ।’’ ਉਨ੍ਹਾਂ ਨੇ ਇਹ ਵੀ ਲਿਖਿਆ, ‘‘ਚੋਣਾਂ ਤੋਂ ਪਹਿਲਾਂ/ਚੋਣਾਂ ਤੋਂ ਬਾਅਦ।’’ ਸੋਸ਼ਲ ਮੀਡੀਆ ਪੋਸਟ ’ਤੇ ਟਿਪਣੀ ਜਾਂ ਸਪਸ਼ਟੀਕਰਨ ਲਈ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਸੰਪਰਕ ਨਹੀਂ ਹੋ ਸਕਿਆ।
ਉੱਘੇ ਲੇਖਕ ਅਤੇ ਸਾਬਕਾ ਡੀ.ਜੀ.ਪੀ. ਹਰੇਕ੍ਰਿਸ਼ਨ ਡੇਕਾ, ਜੋ ਮੀਟਿੰਗ ਦੇ ਪ੍ਰਬੰਧਕਾਂ ’ਚੋਂ ਇਕ ਸਨ, ਨੇ ਦਾਅਵਾ ਕੀਤਾ ਕਿ ਪਾਰਟੀਆਂ ਨੇ ਇਕਜੁੱਟ ਰਹਿਣ ਦਾ ਫੈਸਲਾ ਕੀਤਾ ਹੈ। ਡੇਕਾ ਨੇ ਸਨਿਚਰਵਾਰ ਸ਼ਾਮ ਨੂੰ ਕਿਹਾ, ‘‘ਵਿਚਾਰ ਵਟਾਂਦਰੇ ਅਤੇ ਬਹਿਸ ਹੋਈ। ਪਰ ਅੰਤ ’ਚ ਇਹ ਫੈਸਲਾ ਕੀਤਾ ਗਿਆ ਕਿ ਸਾਰੀਆਂ ਗੈਰ-ਭਾਜਪਾ ਪਾਰਟੀਆਂ ਇਕ ਵੱਡੇ ਉਦੇਸ਼ ਲਈ ਇਕੱਠੀਆਂ ਹੋਣਗੀਆਂ।’’ ਅਸਾਮ ਗਣ ਪ੍ਰੀਸ਼ਦ ਦੇ ਪ੍ਰਧਾਨ ਲੁਰਿਨਜੋਤੀ ਗੋਗੋਈ ਨੇ ਵੀ ਕਿਹਾ ਕਿ ਇਕਜੁੱਟ ਰਹਿਣ ਦਾ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ, ‘‘ਲੋਕਤੰਤਰ ’ਚ ਬਹਿਸਾਂ ਹੁੰਦੀਆਂ ਹਨ। ਸੰਸਦ ਮੈਂਬਰ ਨਿੱਜੀ ਕਾਰਨਾਂ ਕਰ ਕੇ ਮੀਟਿੰਗ ਤੋਂ ਬਾਹਰ ਚਲੇ ਗਏ। ਫੈਸਲਾ ਇਹ ਸੀ ਕਿ ਅਸੀਂ ਇਕਜੁੱਟ ਹੋ ਕੇ ਅੱਗੇ ਵਧਾਂਗੇ।’’ ਰਾਏਜੋਰ ਦਲ ਦੇ ਮੁਖੀ ਅਤੇ ਵਿਧਾਇਕ ਅਖਿਲ ਗੋਗੋਈ ਨੇ ਵੀ ਕਿਹਾ ਕਿ ਮੀਟਿੰਗ ਸਰਬਸੰਮਤੀ ਨਾਲ ਸਮਾਪਤ ਹੋਈ। ਉਨ੍ਹਾਂ ਕਿਹਾ, ‘‘ਕੋਈ ਵੀ ਗੁੱਸੇ ’ਚ ਨਹੀਂ ਗਿਆ। ਬਹਿਸ ਹੋ ਰਹੀ ਸੀ। ਪਰ ਅੰਤ ’ਚ, ਫੈਸਲਾ ਸਰਬਸੰਮਤੀ ਨਾਲ ਲਿਆ ਗਿਆ।’’
ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਸੂਬੇ ’ਚ 16 ਵਿਰੋਧੀ ਪਾਰਟੀਆਂ ਦਾ ਗਠਜੋੜ ਬਣਿਆ ਸੀ ਪਰ ਸੀਟਾਂ ਦੀ ਵੰਡ ਨੂੰ ਲੈ ਕੇ ਪੰਜ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਦੇ ਸਮੇਂ ਗਠਜੋੜ ਟੁੱਟ ਗਿਆ ਸੀ। ਅਸਾਮ ਸੋਨੋਮਿਲੀਟੋ ਮੋਰਚਾ (ਏ.ਐਸ.ਓ.ਐਮ.) ਨੇ ਕਾਂਗਰਸ ਦੇ ਸਮਰਥਨ ਤੋਂ ਬਿਨਾਂ ਉਪ ਚੋਣ ਲੜੀ ਸੀ। ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੇ ਸਾਰੀਆਂ ਪੰਜ ਸੀਟਾਂ ਜਿੱਤੀਆਂ ਸਨ ਅਤੇ ਵਿਰੋਧੀ ਧਿਰ ਕੋਈ ਸੀਟ ਨਹੀਂ ਜਿੱਤ ਸਕੀ ਸੀ।