
ਮੋਡਸਟੋਨ ਵਿਖੇ ਇਕ ਰੋਮਾਨੀ ਬੰਦੇ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਮੋਟਰਵੇਅ 'ਤੇ ਇਕ ਦੌਲਤਮੰਦ ਪੰਜਾਬੀ ਪਰਵਾਰ ਦੀ ਧੀ ਨੂੰ ਮੌਤ ਦੇ ਮੂੰਹ ਵਿਚ ਪਹੁੰਚਾਉਣ ਦੇ ਕੇਸ...
ਲੰਡਨ, 29 ਜੁਲਾਈ (ਹਰਜੀਤ ਸਿੰਘ ਵਿਰਕ): ਮੋਡਸਟੋਨ ਵਿਖੇ ਇਕ ਰੋਮਾਨੀ ਬੰਦੇ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਮੋਟਰਵੇਅ 'ਤੇ ਇਕ ਦੌਲਤਮੰਦ ਪੰਜਾਬੀ ਪਰਵਾਰ ਦੀ ਧੀ ਨੂੰ ਮੌਤ ਦੇ ਮੂੰਹ ਵਿਚ ਪਹੁੰਚਾਉਣ ਦੇ ਕੇਸ 'ਚ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਗਈ, ਜਿਸ 'ਤੇ ਅੱਠ ਸਾਲ ਲਈ ਡਰਾਈਵਿੰਗ ਦੀ ਪਾਬੰਦੀ ਤੋਂ ਇਲਾਵਾ ਉਸ ਨੂੰ ਸਜ਼ਾ ਪੂਰੀ ਹੋਣ 'ਤੇ ਡਿਪੋਰਟ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ ਗਈ। ਮੇਡਸਟੋਨ ਕਰਾਊਨ ਕੋਰਟ ਵਿਚ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਦਸਿਆ ਗਿਆ ਸੀ ਕਿ ਈਅਨ ਰੂਸੋ (25) ਵਾਸੀ ਜਿਲਿੰਘਮ ਕੈਂਟ ਨੇ ਪਿਛਲੇ ਸਾਲ ਨਵੰਬਰ ਵਿਚ ਕੈਂਟ ਵਿਖੇ ਮੋਟਰਵੇਅ ਅੋਮ 20 'ਤੇ ਗੱਡੀ ਚਲਾਉਂਦਿਆਂ ਮੋਹਿਨੀ ਅਰੋੜਾ (25) ਦੀ ਕਨਵਰਟੀਕਲ ਬੀ. ਐਮ. ਡਬਲਯੂ. ਕਾਰ ਵਿਚ ਗੱਡੀ ਮਾਰ ਦਿਤੀ ਸੀ, ਜਿਸ ਕਾਰਨ ਮੋਹਿਨੀ ਦੀ ਕਾਰ ਉਲਟ ਗਈ ਸੀ ਅਤੇ ਉਸ ਦੀ ਮੌਤ ਹੋ ਗਈ ਸੀ। ਰੂਸੋ ਹਾਦਸੇ ਉਪਰੰਤ ਜ਼ਰਾ ਕੁ ਠਹਿਰਿਆ ਸੀ ਪਰ ਫਿਰ ਗੱਡੀ ਭਜਾ ਕੇ ਲੈ ਗਿਆ ਸੀ। ਰੂਸੋ ਕੁੱਝ ਘੰਟੇ ਬਾਅਦ ਅਪਣੇ ਸਾਥੀ ਨੂੰ ਲੈਣ ਲਈ ਉਸ ਥਾਂ 'ਤੇ ਆਇਆ ਸੀ ਪਰ ਪੁਲਿਸ ਨੇ ਉਸ ਦੀ ਕਾਰ ਵੇਖ ਕੇ ਉਸ ਨੂੰ ਸ਼ੱਕ ਵਜੋਂ ਕਾਬੂ ਕਰ ਲਿਆ ਸੀ ਜਿਸ ਦੇ ਸਾਹ ਟੈਸਟਾਂ ਤੋਂ ਪਤਾ ਚਲਿਆ ਸੀ ਕਿ ਉਸ ਨੇ ਵੱਧ ਸ਼ਰਾਬ ਪੀਤੀ ਹੋਈ ਸੀ। ਰੂਸੋ, ਜਿਸ 'ਤੇ ਪਹਿਲਾਂ ਵੀ ਅਦਾਲਤੀ ਸ਼ਰਤਾਂ ਲਾਗੂ ਸਨ, ਨੇ ਖ਼ਤਰਨਾਕ ਢੰਗ ਨਾਲ ਗੱਡੀ ਚਲਾਉਣ, ਅਣਗਹਿਲੀ ਨਾਲ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਮੰਨ ਲਏ ਜਿਨ੍ਹਾਂ ਦੇ ਤਹਿਤ ਉਸ ਨੂੰ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਉਸ 'ਤੇ ਅੱਠ ਸਾਲ ਲਈ ਡਰਾਈਵਿੰਗ ਦੀ ਪਾਬੰਦੀ ਵੀ ਲਗਾਈ ਗਈ। ਇਹ ਵੀ ਦਸਿਆ ਗਿਆ ਕਿ ਉਸ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਦੇ ਮੁਲਕ ਰੋਮਾਨੀਆ ਭੇਜ ਦਿਤਾ ਜਾਵੇਗਾ। ਕੈਂਟ ਪੁਲਿਸ ਦੇ ਸੀਰੀਅਸ ਕੋਲੀਯਨ ਜਾਂਚ ਟੀਮ ਦੇ ਇਕ ਅਫ਼ਸਰ ਨੇ ਕਿਹਾ ਕਿ ਈਅਨ ਰੂਸੋ ਨੇ ਕਈ ਸ਼ਰਮਨਾਕ ਕਾਰੇ ਕੀਤੇ, ਉਸ ਨੇ ਕਈ ਵਾਰ ਅਪਣੀਆਂ ਜ਼ਮਾਨਤੀ ਸ਼ਰਤਾਂ ਦੀ ਉਲੰਘਣਾ ਕੀਤੀ ਅਤੇ ਇਕ ਵਾਰ ਅਦਾਲਤੀ ਪੇਸ਼ੀ ਵਿਚ ਵੀ ਹਾਜ਼ਰ ਨਹੀਂ ਹੋਇਆ ਸੀ। ਉਸ ਨੂੰ ਸੁਣਾਈ ਗਈ ਕੈਦ ਦੀ ਸਜ਼ਾ ਬਿਲਕੁਲ ਸਹੀ ਹੈ।