
Election 2024: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਅਮੇਠੀ ਜ਼ਿਲੇ 'ਚ ਬਣਾਇਆ ਆਪਣਾ ਘਰ
Election 2024: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ (Smriti Irani) ਹੁਣ ਆਪਣੀ ਸੰਸਦੀ ਸੀਟ ਅਮੇਠੀ ਦੀ ਵੋਟਰ ਬਣ ਗਈ ਹੈ। ਇਸ ਵਾਰ ਲੋਕ ਸਭਾ ਚੋਣਾਂ (Loksabha Election) ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਸਮ੍ਰਿਤੀ ਇਰਾਨੀ ਆਪਣੇ ਲਈ ਵੋਟ ਪਾਉਣਗੇ। ਉਨ੍ਹਾਂ ਨੇ ਅਮੇਠੀ ਜ਼ਿਲੇ 'ਚ ਆਪਣਾ ਘਰ ਬਣਾਇਆ ਹੈ, ਜਿਸ ਦਾ ਹਾਲ ਹੀ 'ਚ ਗ੍ਰਹਿ ਪ੍ਰਵੇਸ਼ ਕਰਵਾਇਆ ਸੀ।
ਸਮ੍ਰਿਤੀ ਇਰਾਨੀ ਨੇ ਅਮੇਠੀ ਦੀ ਗੌਰੀਗੰਜ ਤਹਿਸੀਲ ਦੇ ਮੇਦਨ ਮਵਈ ਪਿੰਡ ਵਿੱਚ ਆਪਣਾ ਘਰ ਬਣਾਇਆ ਹੈ, ਜਿਸ ਦਾ 22 ਫਰਵਰੀ ਨੂੰ ਗ੍ਰਹਿ ਪ੍ਰਵੇਸ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਇਰਾਨੀ ਇਸ ਪਿੰਡ ਦੇ ਬੂਥ ਨੰਬਰ 347 ਦੀ ਵੋਟਰ ਬਣ ਗਈ ਹੈ। ਆਪਣਾ ਵੋਟਰ ਫਾਰਮ ਨੰਬਰ 6 ਭਰਨ ਤੋਂ ਬਾਅਦ ਉਨ੍ਹਾਂ ਨੂੰ ਅਮੇਠੀ ਦਾ ਵੋਟਰ ਬਣਾ ਦਿੱਤਾ ਗਿਆ ਹੈ। ਹੁਣ ਜਲਦੀ ਹੀ ਉਨ੍ਹਾਂ ਨੂੰ ਅਮੇਠੀ ਦਾ ਵੋਟਰ ਆਈਡੀ ਕਾਰਡ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਮੁੰਬਈ ਦੇ ਉੱਤਰ ਪੱਛਮੀ ਖੇਤਰ ਦੀ ਵੋਟਰ ਸੀ।
ਅਮੇਠੀ ਤੋਂ ਦੋ ਸੰਸਦ ਮੈਂਬਰ ਸੀ ਸਥਾਨਕ ਵੋਟਰ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮੇਠੀ ਦੇ ਦੋ ਸਾਬਕਾ ਸੰਸਦ ਮੈਂਬਰ ਸਥਾਨਕ ਵੋਟਰ ਸਨ। ਰਵਿੰਦਰ ਸਿੰਘ ਅਤੇ ਸੰਜੇ ਸਿੰਘ ਵੋਟਰ ਵਜੋਂ ਸੰਸਦ ਮੈਂਬਰ ਬਣੇ। ਇਨ੍ਹਾਂ ਤੋਂ ਇਲਾਵਾ ਅਮੇਠੀ ਤੋਂ ਚੁਣੇ ਗਏ ਸਾਰੇ ਸੰਸਦ ਮੈਂਬਰ ਬਾਹਰੀ ਸਨ ਪਰ ਹੁਣ ਪਹਿਲੀ ਵਾਰ ਕੋਈ ਬਾਹਰੀ ਸਾਂਸਦ ਅਮੇਠੀ ਦਾ ਵੋਟਰ ਬਣਿਆ ਹੈ।
ਸਮ੍ਰਿਤੀ ਇਰਾਨੀ ਨੇ 2021 ਵਿੱਚ ਖਰੀਦੀ ਸੀ ਜ਼ਮੀਨ
ਦੱਸਣਯੋਗ ਹੈ ਕਿ 2019 'ਚ ਅਮੇਠੀ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਸਮ੍ਰਿਤੀ ਇਰਾਨੀ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਜਲਦ ਹੀ ਜ਼ਿਲੇ 'ਚ ਆਪਣਾ ਘਰ ਬਣਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੇ 2021 ਵਿੱਚ ਘਰ ਲਈ 11 ਬਿਸਵਾ ਜ਼ਮੀਨ ਖਰੀਦੀ। ਹੁਣ ਇਸ ਜ਼ਮੀਨ 'ਤੇ ਘਰ ਬਣਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ਦੇ ਸਮਰਥਕਾਂ ਅਤੇ ਭਾਜਪਾ ਵਾਲਿਆਂ 'ਚ ਭਾਰੀ ਉਤਸ਼ਾਹ ਹੈ।
ਸਮ੍ਰਿਤੀ ਨੇ 2014 ਵਿੱਚ ਪਹਿਲੀ ਵਾਰ ਅਮੇਠੀ ਤੋਂ ਲੜੀ ਸੀ ਚੋਣ
ਤੁਹਾਨੂੰ ਦੱਸ ਦੇਈਏ ਕਿ ਸਮ੍ਰਿਤੀ ਇਰਾਨੀ ਤੀਜੀ ਵਾਰ ਅਮੇਠੀ ਤੋਂ ਚੋਣ ਲੜਨ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2014 'ਚ ਅਮੇਠੀ ਤੋਂ ਚੋਣ ਲੜੀ ਸੀ ਪਰ ਹਾਰ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 2019 'ਚ ਰਾਹੁਲ ਗਾਂਧੀ ਖਿਲਾਫ ਲੋਕ ਸਭਾ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਇਸੇ ਚੋਣ ਵਿੱਚ ਰਾਹੁਲ ਗਾਂਧੀ ਨੇ ਵਾਇਨਾਡ ਤੋਂ ਵੀ ਚੋਣ ਲੜੀ ਸੀ, ਜਿੱਥੋਂ ਉਹ ਜਿੱਤੇ ਸਨ ਪਰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਅਮੇਠੀ ਦੇ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਸਭ ਤੋਂ ਵੱਡਾ ਰਾਜਨੀਤਿਕ ਫੇਰਬਦਲ ਮੰਨਿਆ ਜਾ ਰਿਹਾ ਸੀ ਕਿਉਂਕਿ ਗਾਂਧੀ ਪਰਿਵਾਰ ਦੀ ਵਿਰਾਸਤ ਮੰਨੀ ਜਾਂਦੀ ਅਮੇਠੀ ਵਿੱਚ ਰਾਹੁਲ ਗਾਂਧੀ 50 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। .