
ਭਾਜਪਾ ਵਿਚ ਸ਼ਾਮਲ ਹੋਏ ਰਾਜ ਕੁਮਾਰ ਵੇਰਕਾ, ਸ਼ਾਮ ਸੁੰਦਰ ਅਰੋੜਾ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ ਤੇ ਕੇਵਲ ਢਿੱਲੋਂ
ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਨੇ ਪੰਜਾਬ ਕਾਂਗਰਸ ਵਿਚ ਹਲਚਲ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪੰਜਾਬ ਦੇ ਚਾਰ ਸਾਬਕਾ ਕਾਂਗਰਸੀ ਮੰਤਰੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਹਨਾਂ ਵਿਚ ਰਾਜ ਕੁਮਾਰ ਵੇਰਕਾ, ਸ਼ਾਮ ਸੁੰਦਰ ਅਰੋੜਾ, ਗੁਰਪ੍ਰੀਤ ਕਾਂਗੜ ਅਤੇ ਬਲਬੀਰ ਸਿੱਧੂ ਸ਼ਾਮਲ ਹਨ। ਇਹਨਾਂ ਤੋਂ ਇਲਾਵਾ ਮਹਿੰਦਰ ਕੌਰ ਜੋਸ਼ ਅਤੇ ਕੇਵਲ ਢਿੱਲੋਂ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ।
Former Punjab Congress ministers and Mla join BJP
ਮੁਹਾਲੀ ਤੋਂ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਬਠਿੰਡਾ ਤੋਂ ਅਕਾਲੀ ਦਲ ਦੇ ਵਿਧਾਇਕ ਰਹੇ ਸਰੂਪ ਚੰਦ ਸਿੰਗਲਾ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਉਹਨਾਂ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਦਿਵਾਈ। ਇਸ ਤੋਂ ਪਹਿਲਾਂ ਇਹਨਾਂ ਆਗੂਆਂ ਨੂੰ ਸਾਬਕਾ ਕਾਂਗਰਸੀ ਆਗੂ ਸੁਨੀਲ ਜਾਖੜ ਨਾਲ ਦੇਖਿਆ ਗਿਆ ਸੀ। ਇਸ ਦਾ ਇਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿਚ ਕਾਂਗਰਸ ਦੇ ਸਾਰੇ ਮੰਤਰੀ ਖੁਸ਼ੀ ਦੇ ਮੂਡ ਵਿਚ ਨਜ਼ਰ ਆ ਰਹੇ ਸਨ। ਸੁਨੀਲ ਜਾਖੜ ਨੇ ਹਾਲ ਹੀ ਵਿਚ ਕਾਂਗਰਸ ਛੱਡ ਦਿੱਤੀ ਸੀ।
Former Punjab Congress ministers and Mla join BJP
ਇਸ ਦੇ ਨਾਲ ਕਾਂਗਰਸ ਨੂੰ ਮਾਲਵਾ, ਮਾਝਾ ਅਤੇ ਦੋਆਬਾ ਵਿਚ ਵੱਡਾ ਝਟਕਾ ਲੱਗਿਆ ਹੈ। ਰਾਜਕੁਮਾਰ ਵੇਰਕਾ ਪੰਜਾਬ ਦੇ ਮਾਝਾ ਖੇਤਰ ਵਿਚ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਦੂਜੇ ਪਾਸੇ ਗੁਰਪ੍ਰੀਤ ਕਾਂਗੜ ਮਾਲਵੇ ਤੋਂ ਕਾਂਗਰਸੀ ਦਿੱਗਜ ਹਨ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਹਨ। ਬਲਬੀਰ ਸਿੱਧੂ ਮੁਹਾਲੀ ਦੇ ਰਹਿਣ ਵਾਲੇ ਹਨ, ਜਦਕਿ ਸ਼ਾਮ ਸੁੰਦਰ ਅਰੋੜਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਅਤੇ ਪਿਛਲੀ ਕਾਂਗਰਸ ਸਰਕਾਰ ਵਿਚ ਮੰਤਰੀ ਸਨ।
ਸ਼ੁਕਰਗੁਜ਼ਾਰ ਹਾਂ ਕਿ ਨੌਜਵਾਨ ਲੀਡਰਸ਼ਿਪ ਲਈ ਥਾਂ ਖਾਲੀ ਹੋਈ-ਰਾਜਾ ਵੜਿੰਗ
ਇਸ ਸਬੰਧੀ ਜਾਣਕਾਰੀ ਮਿਲਣ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ, “ਭਾਜਪਾ ਵਿਚ ਸ਼ਾਮਲ ਹੋਣ ਲਈ ਸ਼ੁਭਕਾਮਨਾਵਾਂ। ਸ਼ੁਕਰਗੁਜ਼ਾਰ ਹਾਂ ਕਿ ਪਾਰਟੀ ਵਿਚ ਸਾਰੀਆਂ ਸਹੂਲਤਾਂ ਦਾ ਆਨੰਦ ਲੈਣ ਵਾਲੇ ਆਗੂਆਂ ਨੇ ਆਮ ਪਿਛੋਕੜ ਵਾਲੀ ਨੌਜਵਾਨ ਲੀਡਰਸ਼ਿਪ ਲਈ ਥਾਂ ਖਾਲੀ ਕਰ ਦਿੱਤੀ ਹੈ”।
ਇਹ ਤਾਂ ਸਿਰਫ਼ ਟ੍ਰੇਲਰ ਹੈ- ਤਰੁਣ ਚੁੱਘ
ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਇਹ ਸਿਰਫ਼ ਇਕ ਟ੍ਰੇਲਰ ਹੈ। ਅਸਲੀ ਫ਼ਿਲਮ ਅਜੇ ਆਉਣੀ ਬਾਕੀ ਹੈ। ਉਹਨਾਂ ਸੰਕੇਤ ਦਿੱਤਾ ਕਿ ਕਈ ਹੋਰ ਕਾਂਗਰਸੀ ਆਗੂ ਭਾਜਪਾ ਵਿਚ ਸ਼ਾਮਲ ਹੋਣਗੇ। ਚੁੱਘ ਨੇ ਕਿਹਾ ਕਿ ਲੋਕਾਂ ਦਾ ਕਾਂਗਰਸ ਤੋਂ ਵਿਸ਼ਵਾਸ ਉੱਠ ਗਿਆ ਹੈ। ਲੋਕ ਆਮ ਆਦਮੀ ਪਾਰਟੀ ਦੇ ਕੰਮ ਨੂੰ ਵੀ ਦੇਖ ਰਹੇ ਹਨ। ਇਸ ਲਈ ਪੰਜਾਬ ਦੀ ਬਿਹਤਰੀ ਲਈ ਲੋਕਾਂ ਦੀ ਆਸ ਹੁਣ ਭਾਜਪਾ 'ਤੇ ਟਿਕ ਗਈ ਹੈ। ਭਾਜਪਾ ਯਕੀਨੀ ਤੌਰ 'ਤੇ ਉਹਨਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ।