
ਗੌਰੀ ਲੰਕੇਸ਼ ਦੇ ਕਤਲ ਲਈ ਦੱਸਿਆ ਸੀ ਆਰਐਸਐਸ ਦਾ ਹੱਥ
ਮੁੰਬਈ: ਸਾਲ 2017 ਵਿਚ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਨੂੰ ਭਾਜਪਾ-ਆਰਐਸਐਸ ਦੀ ਵਿਚਾਰਧਾਰਾ ਨਾਲ ਜੋੜਨ ਦੇ ਇਲਜ਼ਾਮ ਵਿਚ ਮਾਣਹਾਨੀ ਦੇ ਮਾਮਲੇ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੁੰਬਈ ਦੀ ਕੋਰਟ ਵਿਚ ਖ਼ੁਦ ਨੂੰ ਬੇਕਸੂਰ ਦੱਸਿਆ। ਕੋਰਟ ਨੇ ਉਹਨਾਂ ਨੂੰ 15 ਹਜ਼ਾਰ ਰੁਪਏ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਗਈ ਹੈ। ਜ਼ਮਾਨਤ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ, ‘ਇਹ ਵਿਚਾਰਧਾਰਾ ਦੀ ਲੜਾਈ ਹੈ, ਵਾਰ ਹੋ ਰਿਹਾ ਹੈ ਮਜ਼ਾ ਆ ਰਿਹਾ ਹੈ’। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਗਰੀਬਾਂ ਅਤੇ ਕਿਸਾਨਾਂ ਨਾਲ ਖੜ੍ਹੇ ਹਨ ਅਤੇ ਲੜਾਈ ਜਾਰੀ ਰਹੇਗੀ।
Rahul Gandhi
ਦੱਸ ਦਈਏ ਕਿ ਰਾਹੁਲ ਗਾਂਧੀ ਨੇ ਇਕ ਦਿਨ ਪਹਿਲਾਂ ਭਾਵੂਕ ਪੱਤਰ ਲਿਖ ਕੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਾਂਗਰਸ ਆਗੂ ‘ਤੇ ਆਰਐਸਐਸ ਦੇ ਇਕ ਕਰਚਮਚਾਰੀ ਨੇ 2017 ਵਿਚ ਬੰਗਲੁਰੂ ਦੀ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਨੂੰ ਆਰਐਸਐਸ ਨਾਲ ਜੋੜਨ ਨੂੰ ਲੈ ਕੇ ਮਾਣਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ। ਸ਼ਿਕਾਇਤ ਕਰਤਾ ਧਰੂਤਿਮਨ ਜੋਸ਼ੀ ਨੇ ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ਅਤੇ ਮਾਕਪਾ ਆਗੂ ਸੀਤਾਰਾਮ ਯੇਚੁਰੀ ‘ਤੇ ਵੀ ਅਜਿਹੇ ਮਾਮਲੇ ਦਰਜ ਕੀਤੇ ਸਨ, ਜਿਨ੍ਹਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ।
Gauri Lankesh
ਜੋਸ਼ੀ ਨੇ ਅਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਲੰਕੇਸ਼ ਦੀ ਹੱਤਿਆ ਤੋਂ 24 ਘੰਟੇ ਬਾਅਦ ਹੀ ਰਾਹੁਲ ਗਾਂਧੀ ਨੇ ਹੱਤਿਆ ਲਈ ਆਰਐਸਐਸ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਮਹਾਰਾਸ਼ਟਰ ਵਿਚ ਰਾਹੁਲ ਗਾਂਧੀ ਵਿਰੁੱਧ ਕਿਸੇ ਆਰਐਸਐਸ ਕਰਮਚਾਰੀ ਵੱਲੋਂ ਦਾਖ਼ਲ ਕੀਤੀ ਗਈ ਇਹ ਦੂਜੀ ਪਟੀਸ਼ਨ ਹੈ। ਇਸ ਤੋਂ ਪਹਿਲਾਂ 2014 ਵਿਚ ਇਕ ਸਥਾਨਕ ਕਰਮਚਾਰੀ ਰਾਜੇਸ਼ ਕੁੰਤੇ ਨੇ ਮਹਾਤਮਾ ਗਾਂਧੀ ਦੀ ਹੱਤਿਆ ਲਈ ਕਥਿਤ ਤੌਰ ‘ਤੇ ਆਰਐਸਐਸ ‘ਤੇ ਇਲਜ਼ਾਮ ਲਗਾਉਣ ਲਈ ਰਾਹੁਲ ਵਿਰੁੱਧ ਪਟੀਸ਼ਨ ਦਰਜ ਕੀਤੀ ਸੀ ਉਹ ਮਾਮਲਾ ਠਾਣੇ ਦੇ ਕੋਰਟ ਵਿਚ ਹਾਲੇ ਵੀ ਬਾਕੀ ਹੈ।