
ਸੰਸਦ ਦੇ ਮਾਨਸੂਨ ਇਜਲਾਸ ਦੇ ਦੂਜੇ ਦਿਨ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਨੂੰ ਪੂਰੇ ਦਿਨ ਲਈ ਉਠਾਉਣਾ ਪਿਆ। ਰਾਜ ਸਭਾ ਵਿਚ ਅੱਜ ਕਾਂਗਰਸ ਦੀ ਅਗਵਾਈ
ਨਵੀਂ ਦਿੱਲੀ, 18 ਜੁਲਾਈ : ਸੰਸਦ ਦੇ ਮਾਨਸੂਨ ਇਜਲਾਸ ਦੇ ਦੂਜੇ ਦਿਨ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਲੋਕ ਸਭਾ ਅਤੇ ਰਾਜ ਸਭਾ ਨੂੰ ਪੂਰੇ ਦਿਨ ਲਈ ਉਠਾਉਣਾ ਪਿਆ। ਰਾਜ ਸਭਾ ਵਿਚ ਅੱਜ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰ ਨੇ ਸਰਕਾਰ 'ਤੇ ਦਲਿਤਾਂ, ਕਿਸਾਨਾਂ, ਘੱਟ ਗਿਣਤੀਆਂ ਅਤੇ ਕਮਜ਼ੋਰ ਵਰਗ ਦੇ ਲੋਕਾਂ ਨਾਲ ਸਬੰਧਤ ਮਸਲਿਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦਿਆਂ ਜ਼ੋਰਦਾਰ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਵਾਰ-ਵਾਰ ਪ੍ਰਭਾਵਤ ਹੋਈ ਅਤੇ ਤਿੰਨ ਵਾਰ ਮੁਲਤਵੀ ਕੀਤੇ ਜਾਣ ਪਿੱਛੋਂ ਬਾਅਦ ਦੁਪਹਿਰ 3.05 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਉਧਰ ਲੋਕ ਸਭਾ ਵਿਚ ਵੱਖ-ਵੱਖ ਮੁੱਦਿਆਂ 'ਤੇ ਕੀਤੇ ਗਏ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਕੀਤੇ ਜਾਣ ਪਿੱਛੋਂ ਸਵੇਰੇ 11.15 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ।
ਰਾਜ ਸਭਾ ਵਿਚ ਹੰਗਾਮੇ ਦਰਮਿਆਨ ਸਰਕਾਰ ਨੇ ਵਿਰੋਧੀ ਧਿਰ 'ਤੇ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਉਹ ਵਿਰੋਧੀ ਧਿਰ ਦੁਆਰਾ ਉਠਾਏ ਗਏ ਮਸਲਿਆਂ 'ਤੇ ਚਰਚਾ ਵਾਸਤੇ ਤਿਆਰ ਹੈ। ਸਦਨ ਦੇ ਆਗੂ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਰਕਾਰ ਚਰਚਾ ਲਈ ਰਾਜ਼ੀ ਹੈ ਅਤੇ ਇਹ ਤੁਰਤ ਸ਼ੁਰੂ ਕੀਤੀ ਜਾਵੇ।
ਇਸ ਤੋਂ ਪਹਿਲਾਂ ਸਵੇਰੇ ਸੰਸਦ ਦੇ ਦੋਹਾਂ ਸਦਨਾਂ ਵਿਚ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਮੈਂਬਰਾਂ ਨੇ ਗਊ ਰਖਿਆ ਦੇ ਨਾਮ 'ਤੇ ਹਿੰਸਕ ਘਟਨਾਵਾਂ, ਕਿਸਾਨ ਖ਼ੁਦਕੁਸ਼ੀਆਂ ਅਤੇ ਦਲਿਤਾਂ ਨਾਲ ਸਬੰਧਤ ਮਸਲਿਆਂ 'ਤੇ ਜ਼ੋਰਦਾਰ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਮੈਂਬਰ ਲੋਕ ਸਭਾ ਵਿਚ ਸਪੀਕਰ ਅਤੇ ਰਾਜ ਸਭਾ ਵਿਚ ਚੇਅਰਪਰਸਨ ਦੀ ਕੁਰਸੀ ਸਾਹਮਣੇ ਆ ਕੇ ਨਾਹਰੇਬਾਜ਼ੀ ਕਰਦੇ ਰਹੇ।
ਰਾਜ ਸਭਾ ਵਿਚ ਮਾਇਆਵਤੀ ਨੇ ਦਲਿਤਾਂ ਨਾਲ ਸਬੰਧਤ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਡਿਪਟੀ ਚੇਅਰਪਰਸਨ ਨੇ ਉਨ੍ਹਾਂ ਨੂੰ ਅਪਣੀ ਗੱਲ ਤਿੰਨ ਮਿੰਟ ਵਿਚ ਖ਼ਤਮ ਕਰਨ ਲਈ ਆਖਿਆ। ਇਸ 'ਤੇ ਮਾਇਆਵਤੀ ਨੇ ਵਾਧੂ ਸਮਾਂ ਦਿਤੇ ਜਾਣ ਦੀ ਮੰਗ ਕੀਤੀ। ਸਮਾਂ ਨਾ ਮਿਲਣ ਕਾਰਨ ਨਾਰਾਜ਼ ਮਾਇਆਵਤੀ ਨੇ ਕਿਹਾ ਕਿ ਜੇ ਮੈਂ ਦਲਿਤਾਂ ਦੇ ਹੱਕਾਂ ਦਾ ਰਾਖੀ ਕਰਨ ਵਿਚ ਨਹੀਂ ਹੁੰਦੀ ਤਾਂ ਮੈਨੂੰ ਐਮ.ਪੀ. ਬਣੇ ਰਹਿਣ ਦਾ ਨੈਤਿਕ ਹੱਕ ਨਹੀਂ ਰਹਿ ਜਾਂਦਾ।
(ਪੀਟੀਆਈ)