
ਭਾਰਤੀ ਜਨਤਾ ਪਾਰਟੀ ਦੇ 42ਵੇਂ ਸਥਾਪਨਾ ਦਿਵਸ ਦੇ ਮੌਕੇ ਵੀਡੀਓ ਕਾਨਫਰੰਸ ਜ਼ਰੀਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ 'ਤੇ ਵਰ੍ਹਦਿਆਂ ਕਿਹਾ ਕਿ ਜਿੱਥੇ ਭਾਰਤੀ ਜਨਤਾ ਪਾਰਟੀ 'ਦੇਸ਼ ਭਗਤੀ' ਨੂੰ ਸਮਰਪਿਤ ਹੈ, ਉਥੇ ਵਿਰੋਧੀ ਪਾਰਟੀਆਂ ਦਾ ਸਮਰਪਣ ‘ਪਰਿਵਾਰ ਭਗਤੀ’ ਪ੍ਰਤੀ ਹੈ। ਪਰਿਵਾਰਵਾਦੀ ਪਾਰਟੀਆਂ ਨੂੰ ਲੋਕਤੰਤਰ ਦਾ ਦੁਸ਼ਮਣ ਦੱਸਦਿਆਂ ਮੋਦੀ ਨੇ ਕਿਹਾ ਕਿ ਅਜਿਹੀਆਂ ਪਾਰਟੀਆਂ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਕੁਝ ਨਹੀਂ ਸਮਝਦੀਆਂ, ਉਹਨਾਂ ਨੇ ਕਦੇ ਵੀ ਦੇਸ਼ ਦੀ ਪ੍ਰਤਿਭਾ ਅਤੇ ਨੌਜਵਾਨ ਸ਼ਕਤੀ ਨੂੰ ਅੱਗੇ ਨਹੀਂ ਆਉਣ ਦਿੱਤਾ, ਸਗੋਂ ਹਮੇਸ਼ਾ ਉਹਨਾਂ ਨਾਲ ‘ਧੋਖਾ’ ਕੀਤਾ ਹੈ।
ਭਾਰਤੀ ਜਨਤਾ ਪਾਰਟੀ ਦੇ 42ਵੇਂ ਸਥਾਪਨਾ ਦਿਵਸ ਦੇ ਮੌਕੇ ਵੀਡੀਓ ਕਾਨਫਰੰਸ ਜ਼ਰੀਏ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਕਹੀ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਅੱਜ ਦੁਨੀਆ ਦੇ ਸਾਹਮਣੇ ਇੱਕ ਅਜਿਹਾ ਭਾਰਤ ਹੈ ਜੋ ਬਿਨ੍ਹਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਹਿੱਤਾਂ ਲਈ ਡਟਿਆ ਹੋਇਆ ਹੈ ਅਤੇ ਜਦੋਂ ਪੂਰੀ ਦੁਨੀਆ ਦੋ ਵਿਰੋਧੀ ਧਰੁਵਾਂ ਵਿਚ ਵੰਡੀ ਹੋਈ ਹੈ ਤਾਂ ਉਸ ਸਮੇਂ ਭਾਰਤ ਨੂੰ ਅਜਿਹੇ ਰੂਪ ਵਿਚ ਦੇਖਿਆ ਰਿਹਾ ਹੈ, ਜੋ ਦ੍ਰਿੜਤਾ ਨਾਲ ਮਨੁੱਖਤਾ ਦੀ ਗੱਲ ਕਰ ਸਕਦਾ ਹੈ।
ਉਹਨਾਂ ਕਿਹਾ, “ਅਸੀਂ ਉਹ ਲੋਕ ਨਹੀਂ ਹਾਂ ਜੋ ਰਾਜਨੀਤੀ ਨੂੰ ਰਾਸ਼ਟਰੀ ਨੀਤੀ ਤੋਂ ਵੱਖ ਕਰਦੇ ਹਨ। ਸਾਡੇ ਲਈ ਰਾਜਨੀਤੀ ਅਤੇ ਰਾਸ਼ਟਰੀ ਨੀਤੀ ਨਾਲ-ਨਾਲ ਚਲਦੇ ਹਨ ਪਰ ਇਹ ਵੀ ਸੱਚ ਹੈ ਕਿ ਦੇਸ਼ ਵਿਚ ਅਜੇ ਵੀ ਦੋ ਤਰ੍ਹਾਂ ਦੀ ਸਿਆਸਤ ਚੱਲ ਰਹੀ ਹੈ। ਇਕ ਹੈ ਪਰਿਵਾਰ ਭਗਤੀ ਦੀ ਰਾਜਨੀਤੀ ਅਤੇ ਦੂਜੀ ਦੇਸ਼ ਭਗਤੀ”। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕੁਝ ਅਜਿਹੀਆਂ ਸਿਆਸੀ ਪਾਰਟੀਆਂ ਹਨ ਜੋ ਸਿਰਫ ਅਤੇ ਸਿਰਫ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਹਿੱਤਾਂ ਲਈ ਕੰਮ ਕਰਦੀਆਂ ਹਨ ਅਤੇ ਇਹਨਾਂ ਪਰਿਵਾਰਕ ਪਾਰਟੀਆਂ ਦੇ ਮੈਂਬਰ ਸਥਾਨਕ ਸੰਸਥਾਵਾਂ ਤੋਂ ਲੈ ਕੇ ਸੰਸਦ ਤੱਕ ਦਬਦਬਾ ਰੱਖਦੇ ਹਨ।
ਉਹਨਾਂ ਕਿਹਾ, “ਇਹ ਲੋਕ ਭਾਵੇਂ ਵੱਖ-ਵੱਖ ਸੂਬਿਆਂ ਵਿਚ ਹੋਣ ਪਰ ਉਹ ਪਰਿਵਾਰਵਾਦ ਦੀਆਂ ਤਾਰਾਂ ਨਾਲ ਜੁੜੇ ਹੋਏ ਹਨ। ਇਕ ਦੂਜੇ ਦੇ ਭ੍ਰਿਸ਼ਟਾਚਾਰ ਉੱਤੇ ਪਰਦਾ ਪਾ ਰਹੇ ਹਨ। ਪਿਛਲੇ ਦਹਾਕਿਆਂ ਵਿਚ ਇਸ ਕਾਰਨ ਦੇਸ਼ ਨੂੰ ਬਹੁਤ ਨੁਕਸਾਨ ਹੋਇਆ ਹੈ। ਇਹਨਾਂ ਪਾਰਟੀਆਂ ਨੇ ਦੇਸ਼ ਦੇ ਨੌਜਵਾਨਾਂ ਨੂੰ ਕਦੇ ਵੀ ਤਰੱਕੀ ਨਹੀਂ ਹੋਣ ਦਿੱਤੀ ਅਤੇ ਹਮੇਸ਼ਾ ਉਹਨਾਂ ਨਾਲ ਧੋਖਾ ਕੀਤਾ ਹੈ”। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਪਰਿਵਾਰਵਾਦ ਦੀ ਇਸ ਚੁਣੌਤੀ ਵਿਰੁੱਧ ਦੇਸ਼ ਨੂੰ ਸੁਚੇਤ ਅਤੇ ਸਾਵਧਾਨ ਕਰ ਰਹੀ ਹੈ। ਉਹਨਾਂ ਕਿਹਾ ਕਿ ਪਹਿਲੀ ਵਾਰ ਭਾਜਪਾ ਨੇ ਇਸ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਇਸ ਨੂੰ ਚੋਣ ਮੁੱਦਾ ਵੀ ਬਣਾਇਆ।
ਪੀਐਮ ਮੋਦੀ ਨੇ ਕਿਹਾ, ''ਮੈਂ ਸੰਤੁਸ਼ਟ ਹਾਂ ਕਿ ਦੇਸ਼ ਦੇ ਨੌਜਵਾਨ ਹੁਣ ਸਮਝ ਰਹੇ ਹਨ ਕਿ ਕਿਵੇਂ ਪਰਿਵਾਰਕ ਪਾਰਟੀਆਂ ਲੋਕਤੰਤਰ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ। ਲੋਕਤੰਤਰ ਨਾਲ ਖੇਡਣ ਵਾਲੀਆਂ ਇਹ ਪਾਰਟੀਆਂ ਸੰਵਿਧਾਨ ਅਤੇ ਸੰਵਿਧਾਨਿਕ ਪ੍ਰਣਾਲੀਆਂ ਨੂੰ ਕੁਝ ਨਹੀਂ ਸਮਝਦੀਆਂ”। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ ਭਾਜਪਾ ਵਰਕਰ ਅਜਿਹੀਆਂ ਪਾਰਟੀਆਂ ਨਾਲ ਲੋਕਤੰਤਰੀ ਕਦਰਾਂ-ਕੀਮਤਾਂ ਨਾਲ ਲੜ ਰਹੇ ਹਨ ਅਤੇ ਕਈ ਵਰਕਰਾਂ ਨੂੰ ਕੁਰਬਾਨੀ ਵੀ ਦੇਣੀ ਪਈ ਹੈ। ਭਾਜਪਾ ਅਜਿਹੇ ਸੂਬਿਆਂ ਵਿਚ ਲੋਕਤੰਤਰੀ ਕਦਰਾਂ-ਕੀਮਤਾਂ ਦੀ ਸਥਾਪਨਾ ਲਈ ਲੜਦੀ ਰਹੇਗੀ। ਇਹ ਯੱਗ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਸੀਂ ਲੋਕਤੰਤਰ ਵਿਰੋਧੀ ਸ਼ਕਤੀਆਂ ਨੂੰ ਹਰਾ ਨਹੀਂ ਦਿੰਦੇ।"
ਮੌਜੂਦਾ ਵਿਸ਼ਵੀ ਸਥਿਤੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਨੂੰ ਇਕ ਮਜ਼ਬੂਤ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਉਹਨਾਂ ਕਿਹਾ, “ਸਾਡੀ ਸਰਕਾਰ ਰਾਸ਼ਟਰੀ ਹਿੱਤਾਂ ਨੂੰ ਮੁੱਖ ਰੱਖ ਕੇ ਕੰਮ ਕਰ ਰਹੀ ਹੈ। ਅੱਜ ਦੇਸ਼ ਦੀਆਂ ਨੀਤੀਆਂ ਦੇ ਨਾਲ-ਨਾਲ ਇਰਾਦੇ ਵੀ ਹਨ। ਅੱਜ ਦੇਸ਼ ਕੋਲ ਫੈਸਲਾ ਲੈਣ ਦੀ ਸ਼ਕਤੀ ਦੇ ਨਾਲ-ਨਾਲ ਦ੍ਰਿੜਤਾ-ਸ਼ਕਤੀ ਵੀ ਹੈ”। ਉਹਨਾਂ ਕਿਹਾ ਕਿ ਇਸ ਲਈ ਅੱਜ ਦੇਸ਼ ਜੋ ਟੀਚੇ ਮਿੱਥ ਰਿਹਾ ਹੈ, ਉਹ ਉਹਨਾਂ ਨੂੰ ਪੂਰਾ ਵੀ ਕਰ ਰਿਹਾ ਹੈ। ਵਿਰੋਧੀ ਪਾਰਟੀਆਂ 'ਤੇ ਦਹਾਕਿਆਂ ਤੋਂ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਮੋਦੀ ਨੇ ਕਿਹਾ ਕਿ ਭਾਜਪਾ ਨੇ ਨਾ ਸਿਰਫ ਇਸ ਦਾ ਮੁਕਾਬਲਾ ਕੀਤਾ ਹੈ, ਸਗੋਂ ਦੇਸ਼ ਵਾਸੀਆਂ ਨੂੰ ਇਸ ਦੇ ਨੁਕਸਾਨ ਤੋਂ ਜਾਣੂ ਕਰਵਾਉਣ 'ਚ ਵੀ ਸਫਲ ਰਹੀ ਹੈ।
ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਅਤੇ ਕੱਛ ਤੋਂ ਕੋਹਿਮਾ ਤੱਕ ਭਾਜਪਾ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੇ ਸੰਕਲਪ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਉਹਨਾਂ ਕਿਹਾ, “ਅੱਜ ਦੇਸ਼ ਵਿਚ ਇਕ ਅਜਿਹੀ ਸਰਕਾਰ ਹੈ ਜਿਸ ਦਾ ਧੁਰਾ ਗ਼ਰੀਬ, ਦੱਬੇ-ਕੁਚਲੇ, ਪਛੜੇ ਅਤੇ ਔਰਤਾਂ ਦੇ ਵਿਕਾਸ ਲਈ ਕੰਮ ਕਰਨਾ ਹੈ। ਪੀਐਮ ਮੋਦੀ ਨੇ ਕਿਹਾ ਕਿ ਭਾਜਪਾ ਦਾ ਸਥਾਪਨਾ ਦਿਵਸ ਅਜਿਹੇ ਸਮੇਂ ਆਇਆ ਜਦੋਂ ਪਾਰਟੀ ਨੇ ਚਾਰ ਸੂਬਿਆਂ ਵਿੱਚ ਸੱਤਾ ਬਰਕਰਾਰ ਰੱਖੀ ਅਤੇ ਤਿੰਨ ਦਹਾਕਿਆਂ ਵਿਚ ਰਾਜ ਸਭਾ ਵਿਚ 100 ਸੰਸਦ ਮੈਂਬਰ ਰੱਖਣ ਵਾਲੀ ਪਹਿਲੀ ਪਾਰਟੀ ਬਣ ਗਈ।