ਕਿਹਾ, “ਮੈਂ ਇੱਕ ਸੇਬ ਨੂੰ ਸੇਬ ਕਿਹਾ, ਅਤੇ ਮੈਂ ਇਸ 'ਤੇ ਕਾਇਮ ਹਾਂ"
ਨਵੀਂ ਦਿੱਲੀ - ਸੰਸਦ ਵਿੱਚ ਕੀਤੀ ਹਮਲਾਵਰ ਟਿੱਪਣੀ ਨੂੰ ਲੈ ਕੇ ਹੋਏ ਵਿਵਾਦ ਦਰਮਿਆਨ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕਿਹਾ ਕਿ ਉਹ ਆਪਣੇ ਬਿਆਨ 'ਤੇ ਕਾਇਮ ਹੈ।
ਬੁੱਧਵਾਰ ਨੂੰ ਮਹੂਆ ਨੇ ਪਿਛਲੇ ਦਿਨੀਂ ਸਦਨ ਵਿੱਚ ਭਾਜਪਾ ਆਗੂਆਂ ਦੁਆਰਾ ਕੀਤੀਆਂ ਗਈਆਂ ਕੁਝ ਇਤਰਾਜ਼ਯੋਗ ਟਿੱਪਣੀਆਂ ਦਾ ਹਵਾਲਾ ਦਿੱਤਾ, ਅਤੇ ਕਿਹਾ ਕਿ ਉਨ੍ਹਾਂ ਨੇ ਸਿਰਫ 'ਇੱਕ ਸੇਬ ਨੂੰ ਸੇਬ ਕਿਹਾ ਹੈ।'
ਮੋਇਤਰਾ ਦੇ ਭਾਸ਼ਣ ਦੌਰਾਨ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਮੈਂਬਰਾਂ ਵਿਚਕਾਰ ਤਿੱਖੀ ਬਹਿਸ ਹੋਈ। ਮੋਇਤਰਾ ਨੂੰ ਇਸ ਦੌਰਾਨ ਕੁਝ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦੇ ਸੁਣਿਆ ਗਿਆ, ਜਿਸ 'ਤੇ ਸਭਾਪਤੀ ਨੇ ਇਤਰਾਜ਼ ਜਤਾਉਂਦੇ ਹੋਏ ਅਜਿਹੇ ਸ਼ਬਦਾਂ ਤੋਂ ਬਚਣ ਲਈ ਕਿਹਾ।
ਇਸ ਬਾਰੇ ਪੁੱਛੇ ਜਾਣ 'ਤੇ ਮੋਇਤਰਾ ਨੇ ਕਿਸੇ ਦਾ ਨਾਂ ਲਏ ਬਗ਼ੈਰ ਕਿਹਾ, ''ਇਸ ਸੱਜਣ ਨੇ ਕਿਸਾਨਾਂ ਨੂੰ ਦਲਾਲ ਕਿਹਾ ਸੀ। ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਰਾਜ ਸਭਾ ਵਿੱਚ ਡਾਕਟਰ ਸ਼ਾਂਤਨੂ ਸੇਨ ਖ਼ਿਲਾਫ਼ ਇਤਰਾਜ਼ਯੋਗ ਗੱਲਾਂ ਕਹੀਆਂ ਸਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਿਕਾਰਡ ਵਿੱਚ ਹਮਲਾਵਰ ਜਾਂ ਸਖ਼ਤ ਲਹਿਜ਼ੇ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੋਵੇ।"
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੇ ਕਿਹਾ, "ਜਦੋਂ ਭਾਜਪਾ ਕਹਿੰਦੀ ਹੈ ਕਿ 'ਇਹ ਔਰਤ ਹੋਣ ਦੇ ਨਾਤੇ ਅਜਿਹੇ ਸ਼ਬਦਾਂ ਦੀ ਵਰਤੋਂ ਕਿਵੇਂ ਕਰ ਸਕਦੀ ਹੈ', ਉਦੋਂ ਮੈਨੂੰ ਹਾਸੀ ਆਉਂਦੀ ਹੈ। ਕੀ ਮੈਨੂੰ ਜਵਾਬ ਦੇਣ ਲਈ ਮਰਦ ਹੋਣ ਦੀ ਲੋੜ ਪਵੇਗੀ? ਇਸ ਕਰਕੇ ਮੈਂ ਸਮਝਦੀ ਹਾਂ ਕਿ ਉਨ੍ਹਾਂ ਦੀ ਮਰਦ ਪ੍ਰਧਾਨ ਸੋਚ ਸਾਹਮਣੇ ਆਈ ਹੈ।
ਉਸ ਨੇ ਕਿਹਾ, “ਮੈਂ ਇੱਕ ਸੇਬ ਨੂੰ ਸੇਬ ਕਿਹਾ, ਅਤੇ ਮੈਂ ਇਸ 'ਤੇ ਕਾਇਮ ਹਾਂ।"
ਮਹੂਆ ਨੇ ਕਿਹਾ ਕਿ ਉਸ ਨੂੰ ਸਿਰਫ ਇਸ ਗੱਲ ਦਾ ਅਫ਼ਸੋਸ ਹੈ ਕਿ 2021-22 ਦੀ ਸ਼ੁਰੂਆਤ 'ਚ ਵਿਰੋਧੀ ਧਿਰ ਨੇ ਅਡਾਨੀ ਦੇ ਘੁਟਾਲੇ ਨੂੰ ਹਮਲਾਵਰ ਤਰੀਕੇ ਨਾਲ ਨਹੀਂ ਰੱਖਿਆ।"
ਇਸ ਦੇ ਨਾਲ ਹੀ ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਵਿਧੂੜੀ ਨੇ ਕਿਹਾ ਕਿ ਲੋਕ ਸਾਨੂੰ ਲੋਕ ਨੁਮਾਇੰਦੇ ਵਜੋਂ ਸੰਸਦ ਵਿੱਚ ਭੇਜਦੇ ਹਨ ਅਤੇ ਸਾਨੂੰ ਸੰਸਦ ਦੀ ਮਰਿਆਦਾ ਅਨੁਸਾਰ ਵਿਉਹਾਰ ਕਰਨਾ ਚਾਹੀਦਾ ਹੈ।
ਉਸ ਨੇ ਕਿਹਾ, "ਲੋਕ ਸਾਨੂੰ ਦੇਖ ਰਹੇ ਹਨ। ਔਰਤਾਂ ਹਮੇਸ਼ਾ ਮਰਿਆਦਾ ਬਣਾਈ ਰੱਖਦੀਆਂ ਹਨ...ਇਹੀ ਸਾਡਾ ਸੱਭਿਆਚਾਰ ਹੈ। ਮੇਰੇ ਪਿਤਾ ਜੀ ਕਿਹਾ ਕਰਦੇ ਸਨ ਕਿ ਵਿਅਕਤੀ ਆਪਣੇ ਡੀ.ਐਨ.ਏ. ਅਨੁਸਾਰ ਕੰਮ ਕਰਦਾ ਹੈ।"
ਵਿਧੂੜੀ ਨੇ ਕਿਹਾ ਕਿ ਜੇਕਰ ਉਹ (ਮਹੂਆ) ਸੋਚਦੀ ਹੈ ਕਿ ਉਹ ਸਹੀ ਹੈ ਤਾਂ ਸੁਦੀਪ ਬੰਦੋਪਾਧਿਆਏ ਨੂੰ ਮੁਆਫ਼ੀ ਮੰਗਣ ਦੀ ਕੀ ਲੋੜ ਸੀ।
ਇਸ ਬਾਰੇ ਪੁੱਛੇ ਜਾਣ 'ਤੇ ਭਾਜਪਾ ਸੰਸਦ ਹੇਮਾ ਮਾਲਿਨੀ ਨੇ ਕਿਹਾ ਕਿ ਸੰਸਦ 'ਚ ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ, ਅਤੇ ਲੋਕਾਂ ਨੂੰ ਬੋਲਣ ਸਮੇਂ ਸੰਜਮ ਵਰਤਣਾ ਚਾਹੀਦਾ ਹੈ।
ਹੇਮਾ ਮਾਲਿਨੀ ਨੇ ਕਿਹਾ, "ਭਾਵੁਕ ਹੋਣ ਦੀ ਲੋੜ ਨਹੀਂ ਹੈ।"
ਮਹੂਆ ਮੋਇਤਰਾ ਵੱਲੋਂ ਆਪਣੀ ਗੱਲ 'ਤੇ ਕਾਇਮ ਰਹਿਣ ਬਾਰੇ ਹੇਮਾ ਨੇ ਕਿਹਾ, "ਉਹ ਸੁਭਾਅ ਤੋਂ ਅਜਿਹੀ ਹੀ ਹੈ।"