
ਸਿਆਸੀ ਆਗੂਆਂ, ਕਿਸਾਨੀ ਅਤੇ ਪੱਤਰਕਾਰੀ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸਾਂਝਾ ਕੀਤਾ ਆਪਣਾ ਪੱਖ
ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਵਿਚਕਾਰ ਐੱਸ.ਵਾਈ.ਐੱਲ. ਨਹਿਰ ਦੀ ਜੰਗ 'ਤੇ ਮੁੜ ਜ਼ੋਰ ਅਜ਼ਮਾਈ ਹੋਣੀ ਸ਼ੁਰੂ ਹੋ ਗਈ ਹੈ। ਜਿੱਥੇ ਹਰਿਆਣਾ ਐੱਸ.ਵਾਈ.ਐੱਲ. 'ਤੇ ਦਾਅਵਾ ਛੱਡਣ ਤੋਂ ਪੈਰ ਪਿੱਛੇ ਨਾ ਖਿੱਚਣ ਦਾ ਐਲਾਨ ਕਰ ਚੁੱਕਿਆ ਹੈ, ਉੱਥੇ ਹੀ ਪੰਜਾਬ ਦੀਆਂ ਸਿਆਸੀ ਧਿਰਾਂ ਵੀ ਪੰਜਾਬ ਕੋਲ ਫ਼ਾਲਤੂ ਪਾਣੀ ਨਾ ਹੋਣ ਦੀ ਗੱਲ ਦੁਹਰਾ ਰਹੀਆਂ ਹਨ। ਮਾਮਲਾ ਭਖਦਾ ਜਾ ਰਿਹਾ ਹੈ, ਅਤੇ ਸਿਆਸੀ ਗਲਿਆਰਿਆਂ ਸਮੇਤ ਪੰਜਾਬ ਦੇ ਵੱਖੋ-ਵੱਖ ਖੇਤਰਾਂ ਤੋਂ ਪ੍ਰਤੀਕਰਮ ਆਉਣੇ ਵੀ ਜਾਰੀ ਹਨ। ਪੰਜਾਬ ਦੇ ਇਤਿਹਾਸ, ਭੂਗੋਲ ਤੇ ਆਰਥਿਕਤਾ ਵਰਗੇ ਵੱਖੋ-ਵੱਖ ਪੱਖਾਂ ਨਾਲ ਜੁੜੇ ਪਾਣੀਆਂ ਦੇ ਮਸਲੇ ਬਾਰੇ ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਆਗੂ ਅਤੇ ਪੰਜਾਬ ਦੀਆਂ ਹੋਰ ਸ਼ਖ਼ਸੀਅਤਾਂ ਵੱਲੋਂ ਇਸ ਬਾਰੇ ਦਿੱਤੇ ਤਾਜ਼ਾ ਪ੍ਰਤੀਕਰਮ ਆਪ ਸਭ ਨਾਲ ਸਾਂਝੇ ਕਰ ਰਹੇ ਹਾਂ:-
ਮੁੱਖ ਮੰਤਰੀ ਪੰਜਾਬ, ਭਗਵੰਤ ਸਿੰਘ ਮਾਨ-
ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਦਹਾਕਿਆਂ ਤੋਂ ਲਮਕੇ ਪੰਜਾਬ-ਹਰਿਆਣਾ ਦੇ ਪਾਣੀਆਂ ਦੇ ਮਸਲੇ ਦਾ ਉਹ ਹੱਲ ਕਰਨ ਦੇ ਹੱਕ 'ਚ ਹਨ। ਉਹਨਾਂ ਕਿਹਾ ਕਿ ਇਸ ਵਿਸ਼ੇ 'ਤੇ ਬੈਠਕ 'ਚ ਉਹਨਾਂ ਨੂੰ ਜਦੋਂ ਵੀ ਬੁਲਾਇਆ ਜਾਵੇਗਾ, ਉਹ ਜਾਣ ਲਈ ਤਿਆਰ ਹਨ। ਪਰ ਨਾਲ ਹੀ ਇਹ ਵੀ ਕਿਹਾ ਕਿ ਜ਼ਰੂਰੀ ਹੈ ਕਿ ਕੇਂਦਰ ਇਸ ਦੇ ਹੱਲ ਲਈ ਸੁਹਿਰਦ ਹੋਵੇ। ਇਹ ਨਹੀਂ ਚਾਹੀਦਾ ਕਿ ਕੇਂਦਰ ਦੋਵਾਂ ਮੁੱਖ ਮੰਤਰੀਆਂ ਨੂੰ ਬੈਠਕ 'ਚ ਬੁਲਾਵੇ ਅਤੇ ਬੈਠਕ ਤੋਂ ਬਾਹਰ ਨਿੱਕਲ ਕੇ ਉਹ ਪ੍ਰੈੱਸ ਵਾਰਤਾ 'ਚ ਬਿਆਨ ਦਿੰਦੇ ਰਹਿਣ। ਪੰਜਾਬ ਤੇ ਹਰਿਆਣਾ ਨੂੰ ਇੱਕ ਦੂਜੇ ਵਿਰੁੱਧ ਖੜ੍ਹਾਉਣ ਦੀ ਬਜਾਏ, ਉਹਨਾਂ ਕੇਂਦਰ ਤੋਂ ਇਸ ਦੇ ਹੱਲ ਦੀ ਮੰਗ ਕੀਤੀ।
'ਆਪ' ਕਨਵੀਨਰ ਤੇ ਮੁੱਖ ਮੰਤਰੀ ਦਿੱਲੀ, ਅਰਵਿੰਦ ਕੇਜਰੀਵਾਲ-
'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ-ਹਰਿਆਣਾ ਵਿਚਲੇ ਇਸ ਵਿਵਾਦ ਨੂੰ ਸੁਲਝਾਉਣ ਲਈ ਕੇਂਦਰ ਦੇ ਦਖਲ ਦੀ ਮੰਗ ਕਰਦਿਆਂ ਇਹ ਇਲਜ਼ਾਮ ਵੀ ਲਗਾਇਆ ਕਿ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਦਹਾਕਿਆਂ ਤੋਂ ਮਸਲੇ ਦਾ ਕੋਈ ਹੱਲ ਕੱਢਣ ਦੀ ਬਜਾਏ ਸਿਆਸਤ ਖੇਡੀ ਹੈ। ਉਹਨਾਂ ਕਿਹਾ ਕਿ ਇਹਨਾਂ ਪਾਰਟੀਆਂ ਦੇ ਆਗੂ ਪੰਜਾਬ 'ਚ ਆ ਕੇ ਪੰਜਾਬ ਦਾ ਪਾਣੀ ਨਾ ਦੇਣ ਦੀ ਗੱਲ ਕਹਿੰਦੇ ਹਨ, ਅਤੇ ਹਰਿਆਣਾ 'ਚ ਜਾ ਕੇ ਐੱਸ.ਵਾਈ.ਐੱਲ. ਨਹਿਰ ਬਣਾਉਣ ਦਾ ਦਾਅਵਾ ਕਰਦੇ ਹਨ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਜੇ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ਦਾ ਕੋਈ ਹੱਲ ਨਹੀਂ ਲੱਭਦਾ, ਤਾਂ ਮੈਂ ਉਹਨਾਂ ਨੂੰ ਇਸ ਦਾ ਹੱਲ ਦੱਸ ਸਕਦਾ ਹਾਂ। ਉਹਨਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੋਵੇਂ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ, ਅਤੇ ਦੋਵਾਂ ਲਈ ਲੋੜੀਂਦੇ ਪਾਣੀ ਦਾ ਇੰਤਜ਼ਾਮ ਕਰਨਾ ਕੇਂਦਰ ਦੀ ਜ਼ਿੰਮੇਵਾਰੀ ਹੈ।
ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ-
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਵਿਸ਼ੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲਿਆ। ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਬਾਰੇ ਖ਼ਦਸ਼ਾ ਜਤਾਉਂਦਿਆਂ ਉਹਨਾਂ ਕਿਹਾ ਕਿ ਭਗਵੰਤ ਮਾਨ ਸੱਤਾ 'ਚ ਬਣੇ ਰਹਿਣ ਲਈ ਅਜਿਹਾ ਕਰ ਸਕਦੇ ਹਨ। ਪਿਛੋਕੜ ਬਾਰੇ ਗੱਲ ਕਰਦਿਆਂ ਉਹਨਾਂ ਸਾਬਕਾ ਮੁੱਖ ਮੰਤਰੀ ਪੰਜਾਬ ਦਰਬਾਰਾ ਸਿੰਘ ਨੂੰ 'ਸਿਰ 'ਤੇ ਪਿਸਤੌਲ ਲਾ ਕੇ' ਹਸਤਾਖਰ ਕਰਵਾਏ ਜਾਣ ਦਾ ਬਿਆਨ ਵੀ ਦਾਗ਼ਿਆ। ਆਪਣਾ 'ਕੁਰਬਾਨੀ' ਵਾਲਾ ਅੰਦਾਜ਼ ਬਰਕਰਾਰ ਰੱਖਦੇ ਹੋਏ , ਉਹਨਾਂ ਕਿਹਾ ਕਿ ਭਾਵੇਂ ਸਾਡੀ ਜਾਨ ਚਲੀ ਜਾਵੇ, ਪਰ ਅਸੀਂ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਿਆਂਗੇ। ਇਹ ਵੀ ਵਰਨਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ ਖ਼ੁਦ ਦੀ ਸੀਟ ਤੋਂ ਲੱਕ-ਤੋੜਵੀਂ ਹਾਰ ਤੋਂ ਬਾਅਦ ਅਤੇ ਮਹਿਜ਼ 3 ਸੀਟਾਂ 'ਤੇ ਸਿਮਟੀ ਪਾਰਟੀ ਦੇ ਬਿਆਨ ਨੂੰ ਉਹਨਾਂ 'ਸਮੁੱਚੇ ਪੰਜਾਬੀਆਂ' ਵੱਲੋਂ ਜਾਰੀ ਬਿਆਨ ਦੱਸਿਆ।
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ-
ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਪੰਜਾਬੀਆਂ ਦੀ ਜ਼ਿੰਦਗੀ ਦਾ ਸਵਾਲ ਦੱਸਿਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸੁਚੇਤ ਕਰਦੇ ਉਹਨਾਂ ਕਿਹਾ ਕੀਤਾ ਹੈ ਕਿ ਉਹ ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਸਮਝਣ। ਦਰਿਆਈ ਪਾਣੀਆਂ ਦੇ ਮਸਲੇ ਨੂੰ ਸੁਲਝਾਉਣ ਲਈ ਕੇਂਦਰ ਨੂੰ ਜ਼ਿੰਮੇਵਾਰੀ ਲੈਣ ਬਾਰੇ ਟਿੱਪਣੀ ਕਰਦੇ ਉਹਨਾਂ ਕਿਹਾ ਕਿ ਕੇਂਦਰ ਨੇ ਇਸ ਮੁੱਦੇ ਦੇ ਹੱਲ ਵਾਸਤੇ ਕਦੇ ਸੁਹਿਰਦ ਯਤਨ ਨਹੀਂ ਕੀਤੇ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ-
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਮੁੱਦੇ 'ਤੇ ਕਿਸੇ ਕਿਸਮ ਦਾ ਕੋਈ ਸਮਝੌਤਾ ਕਰਦੀ ਹੈ, ਤਾਂ ਉਹ ਡਟਵਾਂ ਵਿਰੋਧ ਕਰਨਗੇ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਨੇ ਇਸ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ, ਪਰ ਅੱਜ ਪੰਜਾਬ ਕੋਲ ਪੀਣ ਵਾਸਤੇ ਵੀ ਪਾਣੀ ਨਹੀਂ। ਪੰਜਾਬ ਦੇ ਜ਼ਮੀਨੀ ਪਾਣੀ ਦੀ ਮੁਸ਼ਕਿਲ 'ਤੇ ਵੀ ਉਹਨਾਂ ਚਿੰਤਾ ਪ੍ਰਗਟਾਈ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੇ ਮਾਹੌਲ ਨੂੰ ਸੁਖਾਵਾਂ ਰੱਖਣ ਦੀ ਗੱਲ ਕਹਿੰਦੇ ਹੋਏ, ਉਹਨਾਂ ਸਿਆਸੀ ਪਾਰਟੀਆਂ ਨੂੰ ਵੀ ਇਸ ਮਸਲੇ ਨੂੰ ਵੋਟਾਂ ਦੀ ਰਾਜਨੀਤੀ ਲਈ ਵਰਤਣ ਤੋਂ ਗ਼ੁਰੇਜ਼ ਕਰਨ ਦੀ ਗੱਲ ਕਹੀ।
ਭਾਜਪਾ ਆਗੂ ਹਰਜੀਤ ਗਰੇਵਾਲ-
ਭਾਵੇਂ ਪੰਜਾਬ ਭਾਜਪਾ ਵਜੋਂ ਹਰਿਆਣਾ ਭਾਜਪਾ ਨੂੰ ਇਸ ਪੱਖ 'ਤੇ ਕਿਸੇ ਕਿਸਮ ਦਾ ਕੋਈ ਸੁਝਾਅ ਦੇਣ ਤੋਂ ਗਰੇਵਾਲ ਬਚਦੇ ਨਜ਼ਰ ਆਏ, ਪਰ ਉਹਨਾਂ ਇਹ ਜ਼ਰੂਰ ਕਿਹਾ ਕਿ ਪਹਿਲਾਂ ਅਸੀਂ ਪੰਜਾਬੀ ਹਾਂ ਅਤੇ ਪੰਜਾਬ ਸਾਡੇ ਲਈ ਪਹਿਲ 'ਤੇ ਹੈ। ਉਹਨਾਂ ਇਹ ਵੀ ਕਿਹਾ ਕਿ ਗੱਲਬਾਤ ਬਿਨਾਂ ਇਸ ਮਸਲੇ ਦਾ ਕੋਈ ਹੱਲ ਨਹੀਂ, ਪਰ ਨਾਲ ਹੀ ਉਹਨਾਂ ਇਸ ਵਿਸ਼ੇ 'ਤੇ ਪੰਜਾਬ ਦਾ ਪੱਖ ਅਰਵਿੰਦ ਕੇਜਰੀਵਾਲ ਦੇ ਪ੍ਰਭਾਵ ਅਧੀਨ ਰਹਿਣ ਦੀ ਗੱਲ ਵੀ ਕਹੀ।
ਕਾਂਗਰਸੀ ਐੱਮ.ਪੀ. ਰਵਨੀਤ ਸਿੰਘ ਬਿੱਟੂ-
ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਇਸ ਮੁੱਦੇ 'ਤੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਰੱਖਿਆ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐੱਸ.ਵਾਈ.ਐੱਲ. ਵਿਸ਼ੇ 'ਤੇ ਨੈਥਕ ਦਾ ਵਿਰੋਧ ਕਰਦਿਆਂ ਉਹਨਾਂ ਸਵਾਲ ਚੁੱਕਿਆ ਕਿ ਜਦੋਂ ਸਾਡੇ ਕੋਲ ਹਰਿਆਣਾ ਨੂੰ ਦੇਣ ਲਈ ਪਾਣੀ ਹੈ ਹੀ ਨਹੀਂ ਤਾਂ ਬੈਠਕ ਕਿਸ ਵਾਸਤੇ? ਉਹਨਾਂ ਭਗਵੰਤ ਮਾਨ ਨੂੰ ਇਹ ਵੀ ਸਲਾਹ ਦਿੱਤੀ ਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣਿਆ ਹੈ ਅਤੇ ਉਹ ਪੰਜਾਬ ਬਾਰੇ ਸੋਚਣ। ਇਸ ਵਿਸ਼ੇ 'ਤੇ ਉਹਨਾਂ ਹਰਿਆਣਾ ਕਾਂਗਰਸ ਅੱਗੇ ਵੀ ਪੰਜਾਬ ਦੇ ਹੱਕ 'ਚ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਨਾਲ ਹੀ, ਉਹਨਾਂ ਇਸ ਨਹਿਰ ਨੂੰ ਪੰਜਾਬ 'ਚ ਫ਼ੈਲੇ ਅੱਤਵਾਦ ਦਾ ਇੱਕ ਕਾਰਨ ਦੱਸਦੇ ਹੋਏ, ਰਾਹੁਲ ਗਾਂਧੀ ਦੀ ਪਹਿਲ 'ਤੇ ਪੰਜਾਬ ਦੇ ਰਹਿਣ ਦਾ ਭਰੋਸਾ ਵੀ ਦਿੱਤਾ।
ਜਗਤਾਰ ਸਿੰਘ, ਸੀਨੀਅਰ ਪੱਤਰਕਾਰ-
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਐੱਸ.ਵਾਈ.ਐੱਲ. ਨਹਿਰ ਨੂੰ ਸਿਆਸੀ ਨਹਿਰ ਦੱਸਦੇ ਹੋਏ, ਇਸ ਪੂਰੇ ਘਟਨਾਕ੍ਰਮ ਨੂੰ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਹਿੰਦੇ ਹੋਏ ਚਿੰਤਾ ਜ਼ਾਹਿਰ ਕੀਤੀ। ਪੰਜਾਬ ਦੇ ਮੌਜੂਦਾ ਪਾਣੀ ਦਾ 70 ਫ਼ੀਸਦੀ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਪਹਿਲਾਂ ਤੋਂ ਹੀ ਜਾਣ ਬਾਰੇ ਗੱਲ ਕਰਦੇ ਹੋਏ, ਕੇਂਦਰ ਵੱਲੋਂ ਇਸ ਦੇ ਬਾਵਜੂਦ ਵੀ ਪੰਜਾਬ ਨੂੰ ਹੋਰ ਪਾਣੀ ਦੇਣ ਲਈ ਕਹਿਣਾ, ਉਹਨਾਂ ਗ਼ੈਰ-ਵਾਜਿਬ ਕਰਾਰ ਦਿੱਤਾ। ਜਗਤਾਰ ਸਿੰਘ ਨੇ ਇਹ ਵੀ ਸਵਾਲ ਚੁੱਕਿਆ ਕਿ ਕਦੇ ਵੀ ਕਿਸੇ ਨੇ ਐੱਸ.ਵਾਈ.ਐੱਲ. ਨਹਿਰ ਬਣਾਉਣ ਦੇ ਖ਼ਰਚ ਦੀ ਕੀਮਤ ਜਾਣਨ ਵੱਲ੍ਹ ਕਦਮ ਕਿਉਂ ਨਹੀਂ ਚੁੱਕਿਆ? ਉਹਨਾਂ ਇਹ ਵੀ ਕਿਹਾ ਕਿ ਐੱਸ.ਵਾਈ.ਐੱਲ. ਦਾ ਮਸਲਾ ਪੰਜਾਬ-ਅਤੇ ਹਰਿਆਣਾ ਹੀ ਨਹੀਂ, ਬਲਕਿ ਪੂਰੇ ਦੇਸ਼ ਲਈ ਬਹੁਤ ਅਹਿਮ ਹੈ, ਅਤੇ ਇਸ ਮਸਲੇ ਨੂੰ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਲਈ ਹਰਗ਼ਿਜ਼ ਨਹੀਂ ਵਰਤਿਆ ਜਾਣਾ ਚਾਹੀਦਾ।