
ਇਮਰਾਨ ਖ਼ਾਨ ਨੇ ਬੇਭਰੋਸਗੀ ਮਤਾ 'ਤੇ ਵੋਟਿੰਗ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ 'ਚ ਕਿਹਾ ਸੀ ਕਿ ਉਹ ਭਾਰਤ ਦੇ ਖ਼ਿਲਾਫ਼ ਨਹੀਂ ਹਨ
ਇਸਲਾਮਾਬਾਦ: ਪਾਕਿਸਤਾਨ ਵਿਚ ਵਿਰੋਧੀ ਧਿਰ ਦੀ ਨੇਤਾ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਭਾਰਤ ਦੀ ਤਾਰੀਫ਼ ਕਰਨ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਉਹਨਾਂ ਨੂੰ ਗੁਆਂਢੀ ਦੇਸ਼ ਇੰਨਾ ਜ਼ਿਆਦਾ ਪਸੰਦ ਹੈ ਤਾਂ ਉਹਨਾਂ ਨੂੰ ਉਥੇ ਚਲੇ ਜਾਣਾ ਚਾਹੀਦਾ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉਪ-ਪ੍ਰਧਾਨ ਮਰੀਅਮ ਦਾ ਇਹ ਬਿਆਨ ਇਮਰਾਨ ਖ਼ਾਨ ਵਲੋਂ ਭਾਰਤ ਨੂੰ "ਸਤਿਕਾਰ ਦੀ ਭਾਵਨਾ ਵਾਲਾ ਦੇਸ਼" ਕਹਿਣ ਤੋਂ ਬਾਅਦ ਆਇਆ ਹੈ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਬੇਭਰੋਸਗੀ ਮਤਾ 'ਤੇ ਵੋਟਿੰਗ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ 'ਚ ਕਿਹਾ ਸੀ ਕਿ ਉਹ ਭਾਰਤ ਦੇ ਖ਼ਿਲਾਫ਼ ਨਹੀਂ ਹਨ ਅਤੇ ਗੁਆਂਢੀ ਦੇਸ਼ 'ਚ ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਉਹਨਾਂ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਮਰੀਅਮ ਨਵਾਜ਼ ਨੇ ਕਿਹਾ ਕਿ ਇਮਰਾਨ ਖ਼ਾਨ ਦਾ “ਦਿਮਾਗ ਖ਼ਰਾਬ ਹੋ ਗਿਆ ਹੈ”। ਉਹਨਾਂ ਕਿਹਾ, "ਜੇ ਤੁਸੀਂ ਭਾਰਤ ਨੂੰ ਇੰਨਾ ਪਸੰਦ ਕਰਦੇ ਹੋ, ਤਾਂ ਉੱਥੇ ਜਾਓ ਅਤੇ ਪਾਕਿਸਤਾਨ ਵਿਚ ਰਹਿਣਾ ਛੱਡ ਦਿਓ।"
ਇਮਰਾਨ ਖ਼ਾਨ ਨੇ ਕਿਹਾ ਸੀ, ''ਕੋਈ ਵੀ ਮਹਾਸ਼ਕਤੀ ਭਾਰਤ ਨੂੰ ਆਪਣੇ ਹਿੱਤਾਂ ਦੇ ਖਿਲਾਫ਼ ਕੁਝ ਕਰਨ ਲਈ ਮਜਬੂਰ ਨਹੀਂ ਕਰ ਸਕਦੀ। ਭਾਰਤ 'ਤੇ ਕੋਈ ਵੀ ਹੁਕਮ ਨਹੀਂ ਚਲਾ ਸਕਦਾ। ਯੂਰਪੀ ਸੰਘ ਦੇ ਰਾਜਦੂਤਾਂ ਨੇ ਇੱਥੇ ਜੋ ਕਿਹਾ ਹੈ, ਕੀ ਉਹ ਭਾਰਤ ਵਿਚ ਵੀ ਉਹੀ ਕਹਿ ਸਕਦੇ ਹਨ?”