
ਅਕਾਲੀ ਦਲ ਨਾਲ ਕਿਸੇ ਵੀ ਕੀਮਤ ’ਤੇ ਗਠਜੋੜ ਨਹੀਂ ਹੋਵੇਗਾ- ਅਸ਼ਵਨੀ ਸ਼ਰਮਾ
ਲੁਧਿਆਣਾ: ਪੰਜਾਬ ਭਾਜਪਾ ਨੂੰ ਮਜ਼ਬੂਤ ਕਰਨ ਲਈ ਕੌਮੀ ਪ੍ਰਧਾਨ ਜੇਪੀ ਨੱਡਾ 14 ਮਈ ਨੂੰ ਪੰਜਾਬ ਆ ਰਹੇ ਹਨ। ਇਸ ਦੌਰਾਨ ਉਹ ਲੁਧਿਆਣਾ ਵਿਚ ਸਵੇਰ ਤੋਂ ਸ਼ਾਮ ਤੱਕ ਪਾਰਟੀ ਦੀਆਂ ਵੱਖ-ਵੱਖ ਪੱਧਰੀ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ। ਇਸ ਦੌਰਾਨ ਉਹ ਮੰਡਲ ਪੱਧਰ ਤੋਂ ਉਪਰਲੇ ਅਹੁਦੇਦਾਰਾਂ ਦੀ ਕਾਨਫਰੰਸ ਵਿਚ ਵੀ ਸ਼ਿਰਕਤ ਕਰਨਗੇ। ਇਹ ਜਾਣਕਾਰੀ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਕਟ ਹਾਊਸ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
ਅਸ਼ਵਨੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਪੰਜਾਬ ਭਾਜਪਾ ਲਈ ਅਹਿਮ ਸੂਬਾ ਹੈ। ਸੂਬੇ ਵਿਚ ਪਾਰਟੀ ਦੀ ਸਰਗਰਮੀ ਲਗਾਤਾਰ ਵੱਧ ਰਹੀ ਹੈ। ਪਾਰਟੀ ਦੀ ਮਜ਼ਬੂਤੀ ਦੇ ਨਾਲ-ਨਾਲ ਸੂਬੇ ਦੇ ਸਿਆਸੀ ਘਟਨਾਕ੍ਰਮ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਵੀ ਪਹਿਲ ਦੇ ਆਧਾਰ 'ਤੇ ਉਠਾਉਂਦੀ ਹੈ। ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਫਰਕ ਹੈ।
ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਝੂਠੇ ਵਾਅਦੇ ਅਤੇ ਗਾਰੰਟੀ ਦੇ ਕੇ ਧੋਖਾ ਕੀਤਾ ਹੈ। ਜੇਕਰ ਲੋੜ ਪਈ ਤਾਂ ਭਾਜਪਾ ਵੀ ਸੜਕਾਂ 'ਤੇ ਆ ਕੇ ਸਰਕਾਰ ਵਿਰੁੱਧ ਸੰਘਰਸ਼ ਕਰੇਗੀ। ਸਰਕਾਰ ਦੋ ਮਹੀਨਿਆਂ ਵਿਚ ਹੀ ਬੇਨਕਾਬ ਹੋ ਗਈ ਹੈ। ਮੁਲਾਜ਼ਮ ਅਤੇ ਆਮ ਲੋਕ ਸਭ ਪਰੇਸ਼ਾਨ ਹਨ ਅਤੇ ਜਨਤਾ ਦਾ ‘ਆਪ’ ਤੋਂ ਮੋਹ ਭੰਗ ਹੈ। ਉਹਨਾਂ ਕਿਹਾ ਕਿ ਮਾਨ ਸਰਕਾਰ ਕੇਜਰੀਵਾਲ ਦੇ ਪਰਛਾਵੇਂ ਤੋਂ ਬਾਹਰ ਨਹੀਂ ਆ ਸਕੀ ਅਤੇ ਉਹਨਾਂ ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। ਜਨਤਾ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੈ ਜਾਂ ਅਰਵਿੰਦ ਕੇਜਰੀਵਾਲ। ਸੂਬੇ ਵਿਚ ਭ੍ਰਿਸ਼ਟਾਚਾਰ ਆਪਣੇ ਸਿਖਰ ’ਤੇ ਹੈ।
ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਵੀ ਕੀਮਤ 'ਤੇ ਗਠਜੋੜ ਨਹੀਂ ਹੋਵੇਗਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਨੂੰ ਤੋੜਨ ਵਾਲੀਆਂ ਤਾਕਤਾਂ ਨੂੰ ਕਾਬੂ ਕਰਨਾ ਜ਼ਰੂਰੀ ਹੈ। ਪੰਜਾਬ ਨੂੰ ਤੋੜਨ ਦੇ ਨਾਅਰੇ ਲਾਏ ਜਾ ਰਹੇ ਹਨ। ਗਰਮ ਖਿਆਲੀਆਂ ਦੇ ਵਿਚਾਰਾਂ ਬਾਰੇ ਅਰਵਿੰਦ ਕੇਜਰੀਵਾਲ ਨੂੰ ਵੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਸ਼ਰਮਾ ਨੇ ਕਿਹਾ ਕਿ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰ ਬਿਜਲੀ ਦੇਣ ਵਿਚ ਨਾਕਾਮ ਹੋ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਕੇਜਰੀਵਾਲ ਪੰਜਾਬ ਸਰਕਾਰ ਨੂੰ ਰਿਮੋਟ ਕੰਟਰੋਲ ਨਾਲ ਕਦੋਂ ਤੱਕ ਚਲਾ ਸਕਣਗੇ। ਲੋਕਾਂ ਨੇ ਪੰਜਾਬ ਨੂੰ ਚਲਾਉਣ ਦੀ ਜ਼ਿੰਮੇਵਾਰੀ ਭਗਵੰਤ ਮਾਨ 'ਤੇ ਪਾ ਦਿੱਤੀ ਹੈ। ਭਾਜਪਾ ਦੀ ਜਿੰਮੇਵਾਰੀ ਚੌਕੀਦਾਰੀ ਦੀ ਹੈ ਅਤੇ ਪਾਰਟੀ ਲਗਾਤਾਰ ਆਪਣਾ ਡੰਡਾ ਖੜਕਾ ਰਹੀ ਹੈ। ਭਾਜਪਾ ਨੇ ਸਰਕਾਰ ਦੇ ਗਲਤ ਕੰਮਾਂ ਦਾ ਵਿਰੋਧ ਕੀਤਾ ਹੈ ਅਤੇ ਹੁਣ ਹੋਰ ਪਾਰਟੀਆਂ ਵੀ ਅੱਗੇ ਆ ਰਹੀਆਂ ਹਨ।