
ਕਿਹਾ, ਵਫਾਦਾਰੀ ਦੀ ਗੱਲ ਕਰਨ ਤੋਂ ਪਹਿਲਾਂ ਸਿੱਖ ਲਉ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ-ਜਾਖੜ ਨੇ ਅਪਣਾ ਮੌਕਾਪ੍ਰਸਤ ਤੇ ਕਾਇਰਤਾ ਵਾਲਾ ਕਿਰਦਾਰ ਦਿਖਾਇਆ ਹੈ। ਉਨ੍ਹਾਂ ਨੇ ਇਹ ਜਵਾਬ ਜਾਖੜ ਵਲੋਂ 'ਆਪ' ਨਾਲ ਕਾਂਗਰਸੀ ਆਗੂਆਂ ਦੇ ਗਠਜੋੜ ਵਾਲੇ ਬਿਆਨ 'ਤੇ ਦਿਤਾ ਸੀ। ਇਸ ਦੇ ਜਵਾਬ ਵਿਚ ਸੁਨੀਲ ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ ਭਗਵਾਨਪੁਰੀਆ ਮੁੱਦੇ ’ਤੇ ਜਦੋਂ ਸੁਖਜਿੰਦਰ ਰੰਧਾਵਾ ਤਮਾਸ਼ਾ ਬਣ ਰਹੇ ਸਨ ਤਾਂ ਮੈਂ ਇਕੱਲਾ ਉਨ੍ਹਾਂ ਨਾਲ ਖੜ੍ਹਾ ਸੀ ਤੇ ਅੱਜ ਉਹ ਮੇਰੇ ਸ਼ੁਕਰਗੁਜ਼ਾਰ ਹੋਣ ਦੀ ਥਾਂ ਮੇਰੇ ਵਿਰੁਧ ਬੋਲ ਰਹੇ ਨੇ।
ਇਹ ਵੀ ਪੜ੍ਹੋ: 'ਨੱਥ-ਚੂੜਾ' ਚੜਾਉਣ ਦੀ ਥਾਂ ਜੇ ਕੈਪਟਨ ਅਮਰਿੰਦਰ ਨੂੰ 'ਨੱਥ’ ਪਾਈ ਹੁੰਦੀ ਤਾਂ ਚੰਗਾ ਹੁੰਦਾ : ਪ੍ਰਤਾਪ ਬਾਜਵਾ
ਇਸ ਤੋਂ ਇਲਾਵਾ ਮੀਡੀਆ ਨਾਲ ਗੱਲ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਰੰਧਾਵਾ ਬੇੱਸ਼ਕ ਭੁੱਲ ਜਾਣ ਪਰ ਮੈਂ ਇਕ ਵਾਰ ਜਿਸ ਨੂੰ ਦੋਸਤ ਕਿਹਾ ਮੈਂ ਉਸ ਨਾਲ ਦਾਇਰੇ ਵਿਚ ਰਹਿ ਕੇ ਗੱਲ ਕਰਦਾ ਹਾਂ। ਉਨ੍ਹਾਂ ਕਿਹਾ ਕਿ ਵਫਾਦਾਰੀ ਦੀ ਗੱਲ ਕਰਨ ਤੋਂ ਪਹਿਲਾਂ ਰੰਧਾਵਾ ਸਾਹਿਬ ਮਾਇਨੇ ਤਾਂ ਸਿੱਖ ਲੈਣ। ਉਨ੍ਹਾਂ ਕਿਹਾ ਕਿ ਸੁਨੀਲ ਅਤੇ ਕਾਂਗਰਸ ਦੋਵੇਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਪਰ ਰੰਧਾਵਾ ਨੂੰ ਉਹ ਸਮਾਂ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਜਦੋਂ ਉਨ੍ਹਾਂ ਦੀ ਇੱਜ਼ਤ ’ਤੇ ਪਰਦਾ ਪਾਇਆ ਗਿਆ ਸੀ।
ਇਹ ਵੀ ਪੜ੍ਹੋ: ਹੁਣ ਬਦਲ ਜਾਵੇਗਾ ਕੇਰਲ ਦਾ ਨਾਂਅ! ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਪਾਸ ਹੋਇਆ ਮਤਾ
ਦਰਅਸਲ ਜਾਖੜ 'ਤੇ ਹਮਲਾ ਕਰਦੇ ਹੋਏ ਰੰਧਾਵਾ ਨੇ ਕਿਹਾ ਸੀ ਕਿ, “ਜਾਖੜ ਨੇ ਉਹ ਹੱਥ ਕੱਟਿਆ ਜਿਸ ਨੇ ਦਹਾਕਿਆਂ ਤੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪ੍ਰਵਾਰ ਨੂੰ ਪਾਲਿਆ। ਇਹ ਉਸ ਦਾ ਡਰ ਹੈ ਜੋ ਉਸ ਨੂੰ ਬੋਲਣ ਲਈ ਮਜਬੂਰ ਕਰ ਰਿਹਾ ਹੈ। ਹਰ ਕੋਈ ਇਸ ਤੱਥ ਤੋਂ ਜਾਣੂ ਹੈ ਕਿ ਕਿਸ ਨੇ ਕਾਨੂੰਨੀ ਕਾਰਵਾਈ ਤੋਂ ਅਪਣੇ ਆਪ ਨੂੰ ਬਚਾਉਣ ਲਈ 'ਵਾਸ਼ਿੰਗ ਮਸ਼ੀਨ ਪਾਰਟੀ' ਨਾਲ ਗੁਪਤ ਸੌਦਾ ਕੀਤਾ”। ਰੰਧਾਵਾ ਨੇ ਕਿਹਾ, “ਅਪਣੀਆਂ ਕਰਤੂਤਾਂ ਤੋਂ ਡਰਦਿਆਂ ਜਾਖੜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ, ਜਿਸ ਨੂੰ ਉਹ ਅਪਣੇ ਸਿਆਸੀ ਜੀਵਨ ਦੌਰਾਨ ਨਰਕ ਵਾਂਗ ਨਫ਼ਰਤ ਕਰਦੇ ਸਨ”।
ਇਹ ਵੀ ਪੜ੍ਹੋ: ICC ਨੇ ਜਾਰੀ ਕੀਤਾ ਵਿਸ਼ਵ ਕੱਪ 2023 ਦਾ ਨਵਾਂ ਸ਼ਡਿਊਲ
ਰੰਧਾਵਾ ਨੇ ਅੱਗੇ ਕਿਹਾ ਕਿ ਜਾਖੜ ਦੇ ਪਿਤਾ ਬਲਰਾਮ ਜਾਖੜ ਨੂੰ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਰਾਜਪਾਲ ਵਜੋਂ ਵੱਕਾਰੀ ਅਹੁਦੇ ਅਤੇ ਜ਼ਿੰਮੇਵਾਰੀਆਂ ਦਿਤੀਆਂ ਗਈਆਂ ਸਨ। ਉਨ੍ਹਾਂ ਨੂੰ ਲੋਕ ਸਭਾ ਦਾ ਸਪੀਕਰ ਨਿਯੁਕਤ ਕੀਤਾ ਗਿਆ, ਵਿਰੋਧੀ ਧਿਰ ਦੇ ਨੇਤਾ ਵਜੋਂ ਨਿਯੁਕਤ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਵਲੋਂ ਬਹੁਤ ਸਤਿਕਾਰ ਦਿਤਾ ਗਿਆ। ਇਕ ਪ੍ਰਵਾਰ, ਜਿਸ ਦੇ ਮੈਂਬਰ ਸਾਰੀ ਉਮਰ ਕਾਂਗਰਸੀ ਰਹੇ, ਸੁਨੀਲ ਅੱਜ ਉਨ੍ਹਾਂ ਦੀ ਇਮਾਨਦਾਰੀ 'ਤੇ ਸਵਾਲ ਉਠਾ ਰਹੇ ਹਨ? ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਮੌਕਾਪ੍ਰਸਤਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਨਾ ਸਿਰਫ਼ ਕਾਂਗਰਸ ਪਾਰਟੀ ਦੇ ਭਰੋਸੇ ਨੂੰ ਤੋੜਿਆ ਸਗੋਂ ਅਪਣੇ ਪ੍ਰਵਾਰ ਦੀ ਇੱਜ਼ਤ ਨੂੰ ਵੀ ਠੇਸ ਪਹੁੰਚਾਈ ਹੈ।