
ਕਿਹਾ, ਸੁਨੀਲ ਜਾਖੜ ਕਾਇਰ ਅਤੇ ਮੌਕਾ ਪ੍ਰਸਤ
ਚੰਡੀਗੜ੍ਹ: ਸਾਬਕਾ ਕਾਂਗਰਸੀ ਆਗੂ ਸੁਨੀਲ ਜਾਖੜ ਦੇ ਬਿਆਨ ਕਿ 'ਪੰਜਾਬ ਦੇ ਕਾਂਗਰਸੀ ਆਗੂਆਂ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਗਠਜੋੜ ਨੂੰ ਸਵੀਕਾਰ ਕਰ ਲਿਆ ਹੈ’ ਉਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਨਾਲ ਸੁਨੀਲ ਜਾਖੜ ਦੇ ਮੋਕਾਪ੍ਰਸਤ ਤੇ ਕਾਇਰਤਾ ਭਰੇ ਚਰਿਤੱਰ ਦਾ ਪਰਦਾਫਾਸ਼ ਹੋਇਆ ਹੈ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ : ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਕੀ ਮੁਕਾਬਲਾ 30 ਸਤੰਬਰ ਨੂੰ
ਜਾਖੜ 'ਤੇ ਹਮਲਾ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ, “ਜਾਖੜ ਨੇ ਉਹ ਹੱਥ ਕੱਟਿਆ ਜਿਸ ਨੇ ਦਹਾਕਿਆਂ ਤੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪ੍ਰਵਾਰ ਨੂੰ ਪਾਲਿਆ। ਇਹ ਉਸ ਦਾ ਡਰ ਹੈ ਜੋ ਉਸ ਨੂੰ ਬੋਲਣ ਲਈ ਮਜਬੂਰ ਕਰ ਰਿਹਾ ਹੈ। ਹਰ ਕੋਈ ਇਸ ਤੱਥ ਤੋਂ ਜਾਣੂ ਹੈ ਕਿ ਕਿਸ ਨੇ ਕਾਨੂੰਨੀ ਕਾਰਵਾਈ ਤੋਂ ਅਪਣੇ ਆਪ ਨੂੰ ਬਚਾਉਣ ਲਈ 'ਵਾਸ਼ਿੰਗ ਮਸ਼ੀਨ ਪਾਰਟੀ' ਨਾਲ ਗੁਪਤ ਸੌਦਾ ਕੀਤਾ”। ਰੰਧਾਵਾ ਨੇ ਕਿਹਾ, “ਅਪਣੀਆਂ ਕਰਤੂਤਾਂ ਤੋਂ ਡਰਦਿਆਂ ਜਾਖੜ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ, ਜਿਸ ਨੂੰ ਉਹ ਅਪਣੇ ਸਿਆਸੀ ਜੀਵਨ ਦੌਰਾਨ ਨਰਕ ਵਾਂਗ ਨਫ਼ਰਤ ਕਰਦੇ ਸਨ”।
ਇਹ ਵੀ ਪੜ੍ਹੋ: ਸਤੰਬਰ 'ਚ ਕੈਨਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਦਾਖ਼ਲਾ ਵਾਪਸੀ ਦੇ ਨੋਟਿਸ ਜਾਰੀ
ਰੰਧਾਵਾ ਨੇ ਅੱਗੇ ਕਿਹਾ ਕਿ ਜਾਖੜ ਦੇ ਪਿਤਾ ਬਲਰਾਮ ਜਾਖੜ ਨੂੰ ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਰਾਜਪਾਲ ਵਜੋਂ ਵੱਕਾਰੀ ਅਹੁਦੇ ਅਤੇ ਜ਼ਿੰਮੇਵਾਰੀਆਂ ਦਿਤੀਆਂ ਗਈਆਂ ਸਨ। ਉਨ੍ਹਾਂ ਨੂੰ ਲੋਕ ਸਭਾ ਦਾ ਸਪੀਕਰ ਨਿਯੁਕਤ ਕੀਤਾ ਗਿਆ, ਵਿਰੋਧੀ ਧਿਰ ਦੇ ਨੇਤਾ ਵਜੋਂ ਨਿਯੁਕਤ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਵਲੋਂ ਬਹੁਤ ਸਤਿਕਾਰ ਦਿਤਾ ਗਿਆ। ਇਕ ਪ੍ਰਵਾਰ, ਜਿਸ ਦੇ ਮੈਂਬਰ ਸਾਰੀ ਉਮਰ ਕਾਂਗਰਸੀ ਰਹੇ, ਸੁਨੀਲ ਅੱਜ ਉਨ੍ਹਾਂ ਦੀ ਇਮਾਨਦਾਰੀ 'ਤੇ ਸਵਾਲ ਉਠਾ ਰਹੇ ਹਨ? ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਮੌਕਾਪ੍ਰਸਤਾਂ ਵਿਚੋਂ ਇਕ ਹਨ, ਜਿਨ੍ਹਾਂ ਨੇ ਨਾ ਸਿਰਫ਼ ਕਾਂਗਰਸ ਪਾਰਟੀ ਦੇ ਭਰੋਸੇ ਨੂੰ ਤੋੜਿਆ ਸਗੋਂ ਅਪਣੇ ਪ੍ਰਵਾਰ ਦੀ ਇੱਜ਼ਤ ਨੂੰ ਵੀ ਠੇਸ ਪਹੁੰਚਾਈ।
ਇਹ ਵੀ ਪੜ੍ਹੋ: ਈਡੀ ਨੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੀ ਚੱਲ-ਅਚੱਲ ਜਾਇਦਾਦ ਦਾ ਵੇਰਵਾ ਮੰਗਿਆ
ਜਾਖੜ ਦੀ ਨਿੰਦਾ ਕਰਦਿਆਂ ਰੰਧਾਵਾ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਜਾਖੜ ਪ੍ਰਵਾਰ ਦੀ ਪਾਰਟੀ ਪ੍ਰਤੀ ਵਚਨਬੱਧਤਾ ਦਾ ਹਮੇਸ਼ਾ ਸਤਿਕਾਰ ਕੀਤਾ ਹੈ। ਇਹੀ ਕਾਰਨ ਹੈ ਕਿ ਸੁਨੀਲ ਜਾਖੜ ਨੂੰ ਕਾਂਗਰਸ ਨਾਲ 'ਮਜ਼ਬੂਤ' ਸਾਂਝ ਦੌਰਾਨ ਵੱਖ-ਵੱਖ ਅਹੁਦੇ ਦਿਤੇ ਗਏ। ਚੋਣਾਂ ਹਾਰ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਮੁਖੀ ਬਣਾਇਆ ਗਿਆ ਸੀ, ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਗਿਆ ਸੀ ਅਤੇ 2022 ਦੀਆਂ ਚੋਣਾਂ ਲਈ ਪਾਰਟੀ ਦੀ ਪ੍ਰਚਾਰ ਕਮੇਟੀ ਦੇ ਮੁਖੀ ਦੀ ਜ਼ਿੰਮੇਵਾਰੀ ਵੀ ਦਿਤੀ ਗਈ ਸੀ। ਪਾਰਟੀ ਦਾ ਧਨਵਾਦ ਕਰਨ ਦੀ ਬਜਾਏ ਉਹ ਉਸ ਨੂੰ ਨਿੰਦ ਰਹੇ ਹਨ। ਉਨ੍ਹਾਂ ਕਿਹਾ ਕਿ ਜਾਖੜ ਨੇ ਇਸ ਕਹਾਵਤ ਨੂੰ ਸਹੀ ਸਾਬਤ ਕੀਤਾ ਕਿ ਸੱਪ ਹਮੇਸ਼ਾ ਉਸ ਹੱਥ ਨੂੰ ਡੰਗਦਾ ਹੈ ਜਿਥੋਂ ਉਸ ਨੂੰ ਭੋਜਨ ਮਿਲਦਾ ਹੈ।