
ਕਿਹਾ, ਮੇਰਾ ਪੂਰਾ ਜੀਵਨ ਅੰਬੇਡਕਰ ਦਾ ਰਿਣੀ ਹੈ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ 17 ਮਹੀਨਿਆਂ ਤਕ ਸਲਾਖਾਂ ਪਿੱਛੇ ਰਹਿਣ ਤੋਂ ਬਾਅਦ ਸ਼ੁਕਰਵਾਰ ਨੂੰ ਤਿਹਾੜ ਜੇਲ ਤੋਂ ਬਾਹਰ ਆਉਣ ’ਤੇ ਕਿਹਾ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਤਾਕਤ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਨੂੰ ਵੀ ਯਕੀਨੀ ਬਣਾਏਗੀ।
ਉਨਾਭੀ ਰੰਗ ਦੀ ਕਮੀਜ਼ ਪਹਿਨ ਕੇ ਜੇਲ੍ਹ ਤੋਂ ਬਾਹਰ ਨਿਕਲੇ ਸਿਸੋਦੀਆ ਨੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਦਾ ਧਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ’ਤੇ ਗੁਲਾਬ ਦੀਆਂ ਪੰਖੜੀਆਂ ਵਰ੍ਹਾਈਆਂ।
‘ਕੇਜਰੀਵਾਲ, ਕੇਜਰੀਵਾਲ’ ਦੇ ਨਾਅਰਿਆਂ ’ਚ ਸਿਸੋਦੀਆ ਨੇ ਕਿਹਾ, ‘‘ਅਸੀਂ ਸੰਵਿਧਾਨ ਦੇ ਜ਼ਰੀਏ ਇਸ ਕਾਨੂੰਨੀ ਲੜਾਈ ਨੂੰ ਇਸ ਦੇ ਤਰਕਸੰਗਤ ਸਿੱਟੇ ’ਤੇ ਤਕ ਪਹੁੰਚਾਇਆ ਹੈ। ਮੇਰਾ ਸਮਰਥਨ ਕਰਨ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।’’
ਉਨ੍ਹਾਂ ਕਿਹਾ, ‘‘ਸਿਰਫ ਮੈਂ ਹੀ ਨਹੀਂ, ਦਿੱਲੀ ਦਾ ਹਰ ਵਿਅਕਤੀ ਅਤੇ ਦੇਸ਼ ਦਾ ਹਰ ਬੱਚਾ ਜੇਲ੍ਹ ’ਚ ਮੇਰੇ ਨਾਲ ਭਾਵਨਾਤਮਕ ਤੌਰ ’ਤੇ ਸੀ। ਮੈਂ ਦੇਸ਼ ’ਚ ਤਾਨਾਸ਼ਾਹੀ ਨੂੰ ਸਖ਼ਤ ਥੱਪੜ ਮਾਰਨ ਲਈ ਸੰਵਿਧਾਨ ਦੀ ਸ਼ਕਤੀ ਦੀ ਵਰਤੋਂ ਕਰਨ ਲਈ ਸੁਪਰੀਮ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।’’
‘ਆਪ’ ਸਮਰਥਕਾਂ ਦੀ ਭੀੜ ਝੰਡੇ ਫੜ ਕੇ ਨਾਅਰੇਬਾਜ਼ੀ ਕਰ ਰਹੀ ਸੀ ਅਤੇ ਸਿਸੋਦੀਆ ਦੇ ਜੇਲ੍ਹ ਤੋਂ ਬਾਹਰ ਆਉਣ ਦੀ ਉਡੀਕ ਕਰ ਰਹੀ ਸੀ। ਬਾਬਾ ਸਾਹਿਬ ਅੰਬੇਡਕਰ ਦੀ ਪ੍ਰਸ਼ੰਸਾ ਕਰਦਿਆਂ ਸਿਸੋਦੀਆ ਨੇ ਕਿਹਾ, ‘‘ਮੇਰਾ ਪੂਰਾ ਜੀਵਨ ਅੰਬੇਡਕਰ ਦਾ ਰਿਣੀ ਹੈ।’’
ਸਿਸੋਦੀਆ ਨੇ ਕਿਹਾ ਕਿ ਇਹ ਸਾਰਿਆਂ ਲਈ ਭਾਵਨਾਤਮਕ ਪਲ ਹੈ ਅਤੇ ਉਮੀਦ ਹੈ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਤਾਕਤ ਕੇਜਰੀਵਾਲ ਦੀ ਰਿਹਾਈ ਦਾ ਰਾਹ ਪੱਧਰਾ ਕਰੇਗੀ। ਉਨ੍ਹਾਂ ਕਿਹਾ, ‘‘ਭ੍ਰਿਸ਼ਟਾਚਾਰ ਦਾ ਏਕ ਹੀ ਕਾਲ, ਕੇਜਰੀਵਾਲ, ਕੇਜਰੀਵਾਲ।’’
ਸੁਪਰੀਮ ਕੋਰਟ ਜ਼ਮਾਨਤ ਦਿੰਦਿਆਂ ਹੇਠਲੀਆਂ ਅਦਾਲਤਾਂ ਦੀ ਕੀਤੀ ਆਲੋਚਨਾ, ਕਿਹਾ, ਜ਼ਮਾਨਤ ਨਿਯਮ ਹੈ ਅਤੇ ਜੇਲ੍ਹ ਅਪਵਾਦ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਮਗਰੋਂ 17 ਮਹੀਨੇ ਬਾਅਦ ਤਿਹਾੜ ਜੇਲ ਤੋਂ ਬਾਹਰ ਆ ਗਏ।
ਸੁਪਰੀਮ ਕੋਰਟ ਨੇ ਦਿੱਲੀ ਦੀ ਆਬਕਾਰੀ ਨੀਤੀ ’ਚ ਕਥਿਤ ਘਪਲੇ ਨਾਲ ਜੁੜੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲਿਆਂ ’ਚ ਸਿਸੋਦੀਆ ਨੂੰ ਸ਼ੁਕਰਵਾਰ ਨੂੰ ਜ਼ਮਾਨਤ ਦਿੰਦਿਆਂ ਹੇਠਲੀਆਂ ਅਦਾਲਤਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੁਕੱਦਮਾ ਸ਼ੁਰੂ ਕੀਤੇ ਬਿਨਾਂ ਉਨ੍ਹਾਂ ਨੂੰ ਲੰਮੇ ਸਮੇਂ ਤਕ ਕੈਦ ਵਿਚ ਰੱਖਣ ਨਾਲ ਸਿਸੋਦੀਆ ਨੂੰ ਤੇਜ਼ੀ ਨਾਲ ਸੁਣਵਾਈ ਦੇ ਅਧਿਕਾਰ ਤੋਂ ਵਾਂਝਾ ਰਖਿਆ ਗਿਆ ਹੈ।
ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਅਪਣੇ ਫੈਸਲੇ ’ਚ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਹੇਠਲੀਆਂ ਅਦਾਲਤਾਂ ਅਤੇ ਹਾਈ ਕੋਰਟਾਂ ਇਸ ਸਿਧਾਂਤ ਨੂੰ ਮਨਜ਼ੂਰ ਕਰਨ ਕਿ ਜ਼ਮਾਨਤ ਇਕ ਨਿਯਮ ਹੈ ਅਤੇ ਜੇਲ੍ਹ ਇਕ ਅਪਵਾਦ ਹੈ।’’ ਬੈਂਚ ਨੇ ਕਿਹਾ ਕਿ ਸਿਸੋਦੀਆ ਦੀ ਸਮਾਜ ਵਿਚ ਡੂੰਘੀ ਪਹੁੰਚ ਹੈ ਅਤੇ ਉਨ੍ਹਾਂ ਦੇ ਦੇਸ਼ ਛੱਡਣ ਦੀ ਕੋਈ ਸੰਭਾਵਨਾ ਨਹੀਂ ਹੈ।
ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਆਬਕਾਰੀ ਨੀਤੀ ’ਚ ਕਥਿਤ ਘਪਲੇ ਨਾਲ ਜੁੜੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ’ਚ ਗ੍ਰਿਫਤਾਰ ਕੀਤਾ ਸੀ। ਦੋਹਾਂ ਮਾਮਲਿਆਂ ’ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਹ 10-10 ਲੱਖ ਰੁਪਏ ਦੇ ਜ਼ਮਾਨਤ ਬਾਂਡ ਅਤੇ ਇੰਨੀ ਹੀ ਰਕਮ ਦੇ ਦੋ ਨਿੱਜੀ ਬਾਂਡ ਭਰਨ ਤੋਂ ਬਾਅਦ ਅੱਜ ਜੇਲ੍ਹ ਤੋਂ ਬਾਹਰ ਆ ਗਏ।
ਜ਼ਮਾਨਤ ਲਈ ਸ਼ਰਤਾਂ ਤੈਅ ਕਰਦੇ ਹੋਏ ਜੱਜਾਂ ਨੇ ਕਿਹਾ ਕਿ ਉਸ ਨੂੰ ਅਪਣਾ ਪਾਸਪੋਰਟ ਵਿਸ਼ੇਸ਼ ਅਧੀਨ ਅਦਾਲਤ ਨੂੰ ਸੌਂਪਣਾ ਹੋਵੇਗਾ। ਇਸ ਤੋਂ ਇਲਾਵਾ, ਉਹ ਨਾ ਤਾਂ ਕਿਸੇ ਗਵਾਹ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਨਾ ਹੀ ਸਬੂਤਾਂ ਨਾਲ ਛੇੜਛਾੜ ਕਰਨਗੇ। ਉਨ੍ਹਾਂ ਨੂੰ ਹਰ ਸੋਮਵਾਰ ਅਤੇ ਵੀਰਵਾਰ ਸਵੇਰੇ 10 ਵਜੇ ਤੋਂ 11 ਵਜੇ ਦੇ ਵਿਚਕਾਰ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣਾ ਪਵੇਗਾ।
ਬੈਂਚ ਨੇ ਕਿਹਾ, ‘‘ਅਸੀਂ ਵੇਖਿਆ ਹੈ ਕਿ ਲਗਭਗ 17 ਮਹੀਨਿਆਂ ਦੀ ਲੰਬੀ ਕੈਦ ਅਤੇ ਮੁਕੱਦਮਾ ਸ਼ੁਰੂ ਨਾ ਹੋਣ ਕਾਰਨ ਅਪੀਲਕਰਤਾ (ਸਿਸੋਦੀਆ) ਨੂੰ ਤੇਜ਼ੀ ਨਾਲ ਸੁਣਵਾਈ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਹੈ।”
ਬੈਂਚ ਨੇ ਕਿਹਾ, ‘‘ਇਸ ਅਦਾਲਤ ਦਾ ਵਿਚਾਰ ਹੈ ਕਿ ਜਲਦੀ ਮੁਕੱਦਮਾ ਚਲਾਉਣ ਦਾ ਅਧਿਕਾਰ ਅਤੇ ਆਜ਼ਾਦੀ ਦਾ ਅਧਿਕਾਰ ਪਵਿੱਤਰ ਅਧਿਕਾਰ ਹਨ। ਇਨ੍ਹਾਂ ਅਧਿਕਾਰਾਂ ਤੋਂ ਇਨਕਾਰ ਕਰਦੇ ਹੋਏ ਹੇਠਲੀਆਂ ਅਦਾਲਤਾਂ ਦੇ ਨਾਲ-ਨਾਲ ਹਾਈ ਕੋਰਟ ਨੂੰ ਵੀ ਇਸ ਨੁਕਤੇ ਨੂੰ ਉਚਿਤ ਮਹੱਤਵ ਦੇਣਾ ਚਾਹੀਦਾ ਸੀ।’’
ਪਿਛਲੇ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਸਮੇਂ ਦੇ ਨਾਲ ਅਦਾਲਤ ਨੇ ਪਾਇਆ ਹੈ ਕਿ ਹੇਠਲੀਆਂ ਅਦਾਲਤਾਂ ਅਤੇ ਹਾਈ ਕੋਰਟ ਕਾਨੂੰਨ ਦੇ ਇਕ ਬਹੁਤ ਹੀ ਸਥਿਰ ਸਿਧਾਂਤ ਨੂੰ ਭੁੱਲ ਗਏ ਹਨ ਕਿ ਜ਼ਮਾਨਤ ਨੂੰ ਸਜ਼ਾ ਵਜੋਂ ਨਹੀਂ ਰੋਕਿਆ ਜਾਣਾ ਚਾਹੀਦਾ।
ਬੈਂਚ ਨੇ ਇਹ ਵੀ ਕਿਹਾ ਕਿ ਸਾਧਾਰਨ ਅਤੇ ਗੁੰਝਲਦਾਰ ਮਾਮਲਿਆਂ ’ਚ ਵੀ ਜ਼ਮਾਨਤ ਦੇਣ ਤੋਂ ਇਨਕਾਰ ਕਰਨ ਕਾਰਨ ਸੁਪਰੀਮ ਕੋਰਟ ’ਚ ਜ਼ਮਾਨਤ ਅਰਜ਼ੀਆਂ ਦਾ ਹੜ੍ਹ ਆ ਗਿਆ ਹੈ। ਇਸ ਨਾਲ ਕੇਸਾਂ ਦੇ ਲੰਬਿਤ ਹੋਣ ’ਚ ਹੋਰ ਵਾਧਾ ਹੋਇਆ ਹੈ।
ਬੈਂਚ ਨੇ ਦਿੱਲੀ ਹਾਈ ਕੋਰਟ ਦੇ 21 ਮਈ ਦੇ ਫੈਸਲੇ ਨੂੰ ਰੱਦ ਕਰ ਦਿਤਾ, ਜਿਸ ਨੇ ਦੋਹਾਂ ਮਾਮਲਿਆਂ ਵਿਚ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿਤੀ ਸੀ। ਸਿਸੋਦੀਆ ਨੇ ਇਹ ਕਹਿੰਦੇ ਹੋਏ ਜ਼ਮਾਨਤ ਦੀ ਮੰਗ ਕੀਤੀ ਸੀ ਕਿ ਉਹ 17 ਮਹੀਨਿਆਂ ਤੋਂ ਹਿਰਾਸਤ ’ਚ ਹਨ ਅਤੇ ਉਨ੍ਹਾਂ ਵਿਰੁਧ ਮੁਕੱਦਮਾ ਅਜੇ ਸ਼ੁਰੂ ਨਹੀਂ ਹੋਇਆ ਹੈ। ਈ.ਡੀ. ਅਤੇ ਸੀ.ਬੀ.ਆਈ. ਨੇ ਉਸ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ।
ਸਿਸੋਦੀਆ ਨੂੰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ 26 ਫ਼ਰਵਰੀ 2023 ਨੂੰ ਦਿੱਲੀ ਆਬਕਾਰੀ ਨੀਤੀ 2021-22 ਦੇ ਨਿਰਮਾਣ ਅਤੇ ਲਾਗੂ ਕਰਨ ’ਚ ਕਥਿਤ ਬੇਨਿਯਮੀਆਂ ਲਈ ਗਿ੍ਰਫਤਾਰ ਕੀਤਾ ਸੀ। ਬਾਅਦ ’ਚ ਇਸ ਨੀਤੀ ਨੂੰ ਰੱਦ ਕਰ ਦਿਤਾ ਗਿਆ ਸੀ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਉਸ ਨੂੰ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ 9 ਮਾਰਚ, 2023 ਨੂੰ ਗ੍ਰਿਫਤਾਰ ਕੀਤਾ ਸੀ। ਮਨੀ ਲਾਂਡਰਿੰਗ ਦਾ ਮਾਮਲਾ ਸੀ.ਬੀ.ਆਈ. ਐਫ.ਆਈ.ਆਰ. ਨਾਲ ਜੁੜਿਆ ਹੋਇਆ ਸੀ। ਸਿਸੋਦੀਆ ਨੇ 28 ਫ਼ਰਵਰੀ 2023 ਨੂੰ ਦਿੱਲੀ ਕੈਬਨਿਟ ਤੋਂ ਅਸਤੀਫਾ ਦੇ ਦਿਤਾ ਸੀ।
ਸੁਣਵਾਈ ’ਚ ਦੇਰੀ ਲਈ ਸਿਸੋਦੀਆ ਨੂੰ ਜ਼ਿੰਮੇਵਾਰ ਠਹਿਰਾਉਣ ਦਾ ਕੋਈ ਰੀਕਾਰਡ ਨਹੀਂ : ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਕਿਹਾ ਕਿ ਦਿੱਲੀ ਆਬਕਾਰੀ ਨੀਤੀ ਮਾਮਲਿਆਂ ਦੀ ਸੁਣਵਾਈ ’ਚ ਦੇਰੀ ਲਈ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੀ ਹੇਠਲੀ ਅਦਾਲਤ ਦੇ ਫੈਸਲੇ ਦਾ ਸਮਰਥਨ ਕਰਨ ਲਈ ਕੋਈ ਰੀਕਾਰਡ ਨਹੀਂ ਹੈ।
ਸੁਪਰੀਮ ਕੋਰਟ ਨੇ ਕਥਿਤ ਦਿੱਲੀ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਮਾਮਲਿਆਂ ’ਚ ਸਿਸੋਦੀਆ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਦੋਹਾਂ ਮਾਮਲਿਆਂ ਨਾਲ ਜੁੜੇ ਲਗਭਗ 69,000 ਪੰਨਿਆਂ ਦੇ ਦਸਤਾਵੇਜ਼ ਹਨ।
ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਕੇ.ਵੀ. ਵਿਸ਼ਵਨਾਥਨ ਦੀ ਬੈਂਚ ਨੇ ਕਿਹਾ, ‘‘ਇਨ੍ਹਾਂ ਦਸਤਾਵੇਜ਼ਾਂ ਦੀ ਵੱਡੀ ਗਿਣਤੀ ਨੂੰ ਵੇਖਦੇ ਹੋਏ ਇਹ ਨਹੀਂ ਕਿਹਾ ਜਾ ਸਕਦਾ ਕਿ ਦੋਸ਼ੀ ਉਕਤ ਦਸਤਾਵੇਜ਼ਾਂ ਦੀ ਜਾਂਚ ਲਈ ਵਾਜਬ ਸਮਾਂ ਲੈਣ ਦਾ ਹੱਕਦਾਰ ਨਹੀਂ ਹੈ।’’
ਅਦਾਲਤ ਨੇ ਕਿਹਾ, ‘‘ਨਿਰਪੱਖ ਸੁਣਵਾਈ ਦੇ ਅਧਿਕਾਰ ਦਾ ਲਾਭ ਲੈਣ ਲਈ ਦੋਸ਼ੀ ਨੂੰ ਦਸਤਾਵੇਜ਼ਾਂ ਦੀ ਜਾਂਚ ਕਰਨ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।’’ ਬੈਂਚ ਨੇ ਕਿਹਾ ਕਿ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਰਜ ਦੋਹਾਂ ਮਾਮਲਿਆਂ ਦੀ ਸੁਣਵਾਈ ਅਜੇ ਸ਼ੁਰੂ ਨਹੀਂ ਹੋਈ ਹੈ।
ਸੁਪਰੀਮ ਕੋਰਟ ਨੇ ਕਿਹਾ ਕਿ ਹਾਲਾਂਕਿ ਵੱਖ-ਵੱਖ ਮੁਲਜ਼ਮਾਂ ਵਲੋਂ ਵੱਖ-ਵੱਖ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ ਪਰ ਸਿਸੋਦੀਆ ਨੇ ਸੀ.ਬੀ.ਆਈ. ਮਾਮਲੇ ’ਚ ਸਿਰਫ 13 ਅਰਜ਼ੀਆਂ ਅਤੇ ਈ.ਡੀ. ਕੇਸ ’ਚ 14 ਅਰਜ਼ੀਆਂ ਦਾਇਰ ਕੀਤੀਆਂ ਹਨ। ਬੈਂਚ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਬੇਨਤੀਆਂ ਨੂੰ ਹੇਠਲੀ ਅਦਾਲਤ ਨੇ ਮਨਜ਼ੂਰ ਕਰ ਲਿਆ ਸੀ। ਅਦਾਲਤ ਨੇ ਕਿਹਾ ਕਿ ਤੁਰਤ ਸੁਣਵਾਈ ਅਤੇ ਆਜ਼ਾਦੀ ਦਾ ਅਧਿਕਾਰ ਮਹੱਤਵਪੂਰਨ ਹੈ ਅਤੇ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਏ ਜਾਣ ਤੋਂ ਪਹਿਲਾਂ ਲੰਮੇ ਸਮੇਂ ਤਕ ਕੈਦ ’ਚ ਰੱਖਣ ਨੂੰ ‘ਬਗ਼ੈਰ ਸੁਣਾਈ ਤੋਂ ਸਜ਼ਾ’ ਨਹੀਂ ਬਣਨ ਦਿਤਾ ਜਾਣਾ ਚਾਹੀਦਾ।
ਸੁਪਰੀਮ ਕੋਰਟ ਨੇ ਕਿਹਾ ਕਿ ਸਿਸੋਦੀਆ ਤੁਰਤ ਨਿਆਂ ਦੇ ਅਪਣੇ ਅਧਿਕਾਰ ਤੋਂ ਵਾਂਝੇ ਹਨ ਕਿਉਂਕਿ ਉਹ ਲਗਭਗ 17 ਮਹੀਨੇ ਤੋਂ ਜੇਲ ’ਚ ਹਲ ਅਤੇ ਸੁਣਵਾਈ ਅਜੇ ਤਕ ਸ਼ੁਰੂ ਨਹੀਂ ਹੋਈ ਹੈ।)
ਪਿਆਰੇ ਬੱਚਿਉ, ਤੁਹਾਡੇ ਚਾਚਾ ਮਨੀਸ਼ ਵਾਪਸ ਆ ਗਏ ਹਨ : ਰਾਘਵ ਚੱਢਾ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਨੇ ਸ਼ੁਕਰਵਾਰ ਨੂੰ ਕਿਹਾ ਕਿ ਝੂਠੇ ਮਾਮਲੇ ’ਚ 17 ਮਹੀਨੇ ਜੇਲ੍ਹ ’ਚ ਬੰਦ ਮਨੀਸ਼ ਸਿਸੋਦੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸੱਚਾਈ ਸਾਹਮਣੇ ਆਈ ਹੈ। ‘ਆਪ’ ਨੇ ਉਮੀਦ ਪ੍ਰਗਟਾਈ ਕਿ ਅਰਵਿੰਦ ਕੇਜਰੀਵਾਲ ਸਮੇਤ ਜੇਲ੍ਹ ’ਚ ਬੰਦ ਪਾਰਟੀ ਦੇ ਹੋਰ ਆਗੂਆਂ ਨੂੰ ਵੀ ਇਨਸਾਫ ਮਿਲੇਗਾ।
ਦਿੱਲੀ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ’ਚ ਸਾਬਕਾ ਉਪ ਮੁੱਖ ਮੰਤਰੀ ਨੂੰ ਜ਼ਮਾਨਤ ਮਿਲਣ ਤੋਂ ਤੁਰਤ ਬਾਅਦ ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਅਤੇ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘ਸੱਤਿਆਮੇਵ ਜਯਤੇ।’
ਬਾਅਦ ’ਚ ਦਵਾਰਕਾ ’ਚ ਇਕ ਸਕੂਲ ਦੇ ਉਦਘਾਟਨ ਮੌਕੇ ਆਤਿਸ਼ੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਭਾਵੁਕ ਹੋ ਗਈ। ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਸਿਸੋਦੀਆ ਨੂੰ ਝੂਠੇ ਦੋਸ਼ਾਂ ’ਚ 17 ਮਹੀਨੇ ਜੇਲ੍ਹ ’ਚ ਰਖਿਆ ਅਤੇ ਅੱਜ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ। ਅੱਜ ਉਹ ਦਿਨ ਹੈ ਜਦੋਂ ਦਿੱਲੀ ’ਚ ਸਿੱਖਿਆ ਕ੍ਰਾਂਤੀ ਦੇ ਪਿਤਾ ਨੂੰ ਜ਼ਮਾਨਤ ਮਿਲ ਗਈ ਹੈ।’’ ਉਨ੍ਹਾਂ ਭਾਵੁਕਤਾ ਨਾਲ ਕਿਹਾ, ‘‘ਅੱਜ ਸੱਚ ਦੀ ਜਿੱਤ ਹੋਈ ਹੈ, ਸਿੱਖਿਆ ਦੀ ਜਿੱਤ ਹੋਈ ਹੈ, ਬੱਚੇ ਜਿੱਤੇ ਹਨ।’’
ਉਸ ਨੇ ਦੋਸ਼ ਲਾਇਆ ਕਿ ਸਿਸੋਦੀਆ ਨੂੰ ਜੇਲ੍ਹ ਭੇਜਿਆ ਗਿਆ ਕਿਉਂਕਿ ਉਸ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕੀਤੀ ਅਤੇ ਸਿੱਖਿਆ ਲਈ ਬਜਟ ਦਾ 25 ਫ਼ੀ ਸਦੀ ਅਲਾਟ ਕੀਤਾ। ਇਸ ਨੇ ਉਨ੍ਹਾਂ ਨੂੰ ਇਕ ਉੱਤਮ ਸਿੱਖਿਆ ਮੰਤਰੀ ਬਣਾਇਆ।
‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਅੱਜ ਪੂਰਾ ਦੇਸ਼ ਖੁਸ਼ ਹੈ ਕਿ ਦਿੱਲੀ ਦੀ ਸਿੱਖਿਆ ਕ੍ਰਾਂਤੀ ਦੇ ਨਾਇਕ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲ ਗਈ ਹੈ। ਮੈਂ ਮਾਣਯੋਗ ਸੁਪਰੀਮ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸਿਸੋਦੀਆ ਨੂੰ 530 ਦਿਨਾਂ ਲਈ ਜੇਲ੍ਹ ’ਚ ਰਖਿਆ ਗਿਆ ਸੀ। ਉਨ੍ਹਾਂ ਦਾ ਜੁਰਮ ਗਰੀਬਾਂ ਦੇ ਬੱਚਿਆਂ ਨੂੰ ਬਿਹਤਰ ਭਵਿੱਖ ਦੇਣਾ ਸੀ। ਪਿਆਰੇ ਬੱਚਿਉ, ਤੁਹਾਡੇ ਚਾਚਾ ਮਨੀਸ਼ ਵਾਪਸ ਆ ਗਏ ਹਨ।’’
ਸਿਸੋਦੀਆ ਦੀ ਜ਼ਮਾਨਤ ਨੂੰ ਸੱਚ ਦੀ ਜਿੱਤ ਦਸਦੇ ਹੋਏ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ 17 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਵੱਡੀ ਸਫਲਤਾ ਮਿਲੀ ਹੈ। ਪਰ ਮੈਂ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਪੁਛਣਾ ਚਾਹੁੰਦਾ ਹਾਂ ਕਿ ਦੁਸ਼ਮਣੀ ਦੀ ਇਹ ਰਾਜਨੀਤੀ ਕਦੋਂ ਤਕ ਜਾਰੀ ਰਹੇਗੀ? ਉਨ੍ਹਾਂ ਕਿਹਾ, ‘‘ਇਹ ਕੇਂਦਰ ਸਰਕਾਰ ਦੀ ਤਾਨਾਸ਼ਾਹੀ ’ਤੇ ਸਖ਼ਤ ਥੱਪੜ ਹੈ। ਉਹ 17 ਮਹੀਨੇ ਜੇਲ੍ਹ ’ਚ ਰਿਹਾ। ਉਨ੍ਹਾਂ ਮਹੀਨਿਆਂ ’ਚ ਉਸ ਦੀ ਜ਼ਿੰਦਗੀ ਤਬਾਹ ਹੋ ਗਈ ਸੀ। ਉਹ ਉਸ ਸਮੇਂ ਦੌਰਾਨ ਬੱਚਿਆਂ ਦੀ ਸਿੱਖਿਆ ਲਈ ਕੰਮ ਕਰ ਸਕਦਾ ਸੀ।’’ ਉਨ੍ਹਾਂ ਕਿਹਾ, ‘‘ਮਨੀਸ਼ ਸਿਸੋਦੀਆ ਅਤੇ ਉਨ੍ਹਾਂ ਦੇ ਪਰਵਾਰ ਨੂੰ ਇਨ੍ਹਾਂ 17 ਮਹੀਨਿਆਂ ’ਚ ਹੋਏ ਮਾਨਸਿਕ ਅਤੇ ਸਰੀਰਕ ਤਸ਼ੱਦਦ ਦਾ ਹਿਸਾਬ ਕੌਣ ਦੇਵੇਗਾ?’’
ਉਨ੍ਹਾਂ ਕਿਹਾ, ‘‘ਸਿਸੋਦੀਆ ਦੀ ਜ਼ਮਾਨਤ ਪਾਰਟੀ ਅਤੇ ਦੇਸ਼ ਦੇ ਲੋਕਤੰਤਰ ਲਈ ਚੰਗੀ ਖ਼ਬਰ ਹੈ। ਸਾਡਾ ਸੰਵਿਧਾਨ ਅਤੇ ਸਾਡੀ ਨਿਆਂ ਪ੍ਰਣਾਲੀ ਇਸ ਕਾਰਨ ਜ਼ਿੰਦਾ ਹੈ। ਸਾਨੂੰ ਉਮੀਦ ਹੈ ਕਿ ਪਾਰਟੀ ਦੇ ਹੋਰ ਨੇਤਾ ਅਰਵਿੰਦ ਕੇਜਰੀਵਾਲ ਅਤੇ ਸਤੇਂਦਰ ਜੈਨ ਨੂੰ ਵੀ ਜ਼ਮਾਨਤ ਅਤੇ ਨਿਆਂ ਮਿਲੇਗਾ। ਮੈਂ ਇਸ ਫੈਸਲੇ ਲਈ ਸੁਪਰੀਮ ਕੋਰਟ ਅੱਗੇ ਸਿਰ ਝੁਕਾਉਂਦਾ ਹਾਂ।’’
ਸਿਸੋਦੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ‘ਆਪ’ ਦਫ਼ਤਰ ਅਤੇ ‘ਆਪ’ ਨੇਤਾ ਦੀ ਰਿਹਾਇਸ਼ ’ਤੇ ਜਸ਼ਨ ਮਨਾਇਆ
ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲਣ ਦੀ ਖ਼ਬਰ ਸੁਣਦੇ ਸਾਰ ਹੀ ਸਿਸੋਦੀਆ ਦੀ ਰਿਹਾਇਸ਼ ’ਤੇ ਉਨ੍ਹਾਂ ਦੀ ਪਤਨੀ ਸੀਮਾ ਸਿਸੋਦੀਆ ਅਤੇ ਪਰਵਾਰ ਦੇ ਹੋਰ ਮੈਂਬਰਾਂ ਨੇ ਮਹਿਮਾਨਾਂ ਨੂੰ ਮਠਿਆਈਆਂ ਵੰਡੀਆਂ। ਇਸ ਦੌਰਾਨ ਉਹ ਸਾਰੇ ਬਹੁਤ ਖੁਸ਼ ਨਜ਼ਰ ਆਏ।
ਦੀਨ ਦਿਆਲ ਉਪਾਧਿਆਏ ਮਾਰਗ ’ਤੇ ‘ਆਪ’ ਹੈੱਡਕੁਆਰਟਰ ਢੋਲ ਨਾਲ ਗੂੰਜ ਉੱਠਿਆ। ਪਾਰਟੀ ਦੇ ਨੇਤਾ ਅਤੇ ਵਰਕਰ ਉੱਥੇ ਇਕੱਠੇ ਹੋ ਰਹੇ ਹਨ। ਮੰਤਰੀ ਸੌਰਭ ਭਾਰਦਵਾਜ ਸਮੇਤ ਕਈ ਪਾਰਟੀ ਨੇਤਾਵਾਂ ਨੇ ਇਕੱਠ ਨੂੰ ਮਠਿਆਈਆਂ ਵੰਡੀਆਂ।
ਆਮ ਆਦਮੀ ਪਾਰਟੀ ਦੀ ਸੀਨੀਅਰ ਨੇਤਾ ਅਤੇ ਦਿੱਲੀ ਦੀ ਮੰਤਰੀ ਆਤਿਸ਼ੀ ਨਸੀਰਪੁਰ ’ਚ ਇਕ ਸਕੂਲ ਦੇ ਉਦਘਾਟਨ ਸਮਾਰੋਹ ਦੌਰਾਨ ਸਿਸੋਦੀਆ ਦੀ ਜ਼ਮਾਨਤ ਦੀ ਖ਼ਬਰ ਸਾਂਝੀ ਕਰਦਿਆਂ ਭਾਵੁਕ ਹੋ ਗਈ। ਆਮ ਆਦਮੀ ਪਾਰਟੀ (ਆਪ) ਨੇ ਸ਼ੁਕਰਵਾਰ ਨੂੰ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ‘ਸੱਚ ਦੀ ਜਿੱਤ’ ਕਰਾਰ ਦਿਤਾ ਅਤੇ ਉਮੀਦ ਪ੍ਰਗਟਾਈ ਕਿ ਜੇਲ ’ਚ ਬੰਦ ਪਾਰਟੀ ਦੇ ਹੋਰ ਨੇਤਾਵਾਂ ਨੂੰ ਵੀ ਇਨਸਾਫ ਮਿਲੇਗਾ।