
Exclusive Interview : ਦੇਸ਼ ਨੂੰ ਹੌਲੀ-ਹੌਲੀ ਪਤਾ ਲੱਗੇਗਾ ਕਿ ਰਾਹੁਲ ਗਾਂਧੀ ਕੀ ਚੀਜ਼ ਹਨ: ਰਾਜਾ ਵੜਿੰਗ
Raja Waring interview with Spokesman: (ਗਗਨਦੀਪ ਕੌਰ): ਇਕ ਪਾਸੇ ਜਿਥੇ ਪੰਜਾਬ ਵਿਚ ਕੜਾਕੇ ਦੀ ਠੰਢ ਪੈ ਰਹੀ ਹੈ ਤਾਂ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਮਾਹੌਲ ਵਿਚ ਗਰਮੀ ਦੇਖਣ ਨੂੰ ਮਿਲ ਰਹੀ ਹੈ। ਇਨ੍ਹੀਂ ਦਿਨੀਂ ਪੰਜਾਬ ਕਾਂਗਰਸ ਵਿਚ ਆਪਸੀ ਲੜਾਈ ਝਗੜੇ ਦੀਆਂ ਖ਼ਬਰਾਂ ਅਤੇ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਸੁਣਨ ਨੂੰ ਮਿਲ ਰਹੀਆਂ ਹਨ। ਪੰਜਾਬ ਕਾਂਗਰਸ ਅੰਦਰ ਚੱਲ ਰਹੇ ‘ਕਾਟੋ ਕਲੇਸ਼’ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਖ਼ਾਸ ਗੱਲਬਾਤ ਕੀਤੀ।
ਪੇਸ਼ ਹਨ ਉਨ੍ਹਾਂ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼:
ਸਵਾਲ- ਕਾਂਗਰਸ ਉਹ ਪਾਰਟੀ ਹੈ, ਜਿਸ ਦੇ ਇਤਿਹਾਸ ਵਿਚ ਅਸੀਂ ਆਜ਼ਾਦੀ ਦੀ ਲੜਾਈ ਲੜੀ ਹੈ, ਪਰ ਅੱਜ ਅਸੀਂ ਵੇਖ ਰਹੇ ਹਾਂ ਕਿ ਪਾਰਟੀ ਵਿਚ ਕੁਰਸੀ ਪਿੱਛੇ ਲੜਾਈਆਂ ਹੋ ਰਹੀਆਂ ਹਨ, ਉਹ ਇਤਿਹਾਸ ਕਿਥੇ ਗਾਇਬ ਹੋ ਗਿਆ ਹੈ?
ਜਵਾਬ- ਬਿਲਕੁਲ, ਮੈਂ ਸਮਝਦਾ ਹਾਂ ਕਿ ਜੇ ਪਾਰਟੀ ਵਿਚ ਅਨੁਸ਼ਾਸਨ ਨਹੀਂ ਹੋਵੇਗਾ ਤਾਂ ਪਾਰਟੀ ਸਹੀ ਢੰਗ ਨਾਲ ਨਹੀਂ ਚੱਲ ਸਕਦੀ। ਪਾਰਟੀ ਵਿਚ ਅਨੁਸ਼ਾਸਨ ਨਾ ਹੋਣ ਕਰਕੇ ਸਾਨੂੰ ਦੇਸ਼ ਭਰ ਵਿਚ ਕਾਫ਼ੀ ਨੁਕਸਾਨ ਝੱਲਣਾ ਪਿਆ।
ਸਵਾਲ- ਜੇ ਮੈਂ ਆਪਣੀ ਸੰਸਥਾ ਵਿਚ ਅਨੁਸ਼ਾਸਨ ਨਹੀਂ ਲਿਆ ਸਕੀ ਤਾਂ ਮੇਰੀ ਗਲਤੀ ਹੈ ਜਾਂ ਟੀਮ ਦੀ?
ਜਵਾਬ- ਮੈਂ ਤੁਹਾਡੀ ਗਲਤੀ ਸਮਝਾਂਗਾ ਕਿ ਤੁਸੀਂ ਸੰਸਥਾ ਦੇ ਮੁਖੀ ਹੋਣ ਦੇ ਨਾਤੇ ਅਨੁਸ਼ਾਸਨ ਨਹੀਂ ਬਣਾ ਸਕੇ ਪਰ ਇਥੇ ਸਿਸਟਮ ਹੈ। ਬਲਾਕ, ਜ਼ਿਲ੍ਹਾ, ਪੀਪੀਸੀਸੀ, ਉਪਰਲੇ ਇੰਜਾਰਜ ਤੇ ਫਿਰ ਆਲ ਇੰਡੀਆ।
ਸਵਾਲ- ਨਵਜੋਤ ਸਿੱਧੂ ਬਨਾਮ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੱਧੂ ਬਨਾਮ ਚਰਨਜੀਤ ਸਿੰਘ ਚੰਨੀ, ਹੁਣ ਨਵਜੋਤ ਸਿੱਧੂ ਬਨਾਮ ਪੰਜਾਬ ਕਾਂਗਰਸ ਕਿੰਨੇ ਸਮੇਂ ਤੋਂ ਇਹ ਲੜਾਈ ਚੱਲਦੀ ਆ ਰਹੀ ਹੈ ਤੇ ਇਹ ਕਿਥੋਂ ਸ਼ੁਰੂ ਹੋਈ ਸੀ। ਕਿਹਾ ਜਾਂਦਾ ਹੈ ਕਿ ਜਦੋਂ ਨਵਜੋਤ ਸਿੱਧੂ ਨੂੰ ਪਾਰਟੀ ਵਿਚ ਲਿਆਂਦਾ ਗਿਆ ਤਾਂ ਕਿਹਾ ਗਿਆ ਸੀ ਕਿ ਉਹ ਮੁੱਖ ਮੰਤਰੀ ਚਿਹਰਾ ਹੋਣਗੇ। ਕਿਤੇ ਉਹ ਵੀ ਸਹੀ ਹਨ ਤੇ ਕਿਤੇ ਤੁਹਾਡੇ ਵਿਚ ਵੀ ਕਮੀ ਹੈ?
ਜਵਾਬ- ਜਿੰਨਾ ਸਮਾਂ ਤੁਸੀਂ ਪਾਰਟੀ ਦੀ ਵਿਚਾਰਧਾਰਾ ਨਹੀਂ ਸਮਝੋਗੇ ਓਨਾ ਸਮਾਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਨਵਜੋਤ ਸਿੱਧੂ ਨੂੰ ਕਿਹਾ ਸੀ ਤੁਸੀਂ ਮੁੱਖ ਮੰਤਰੀ ਚਿਹਰਾ ਹੋਵੋਗੇ। ਜਿਹੜੇ ਕਾਂਗਰਸ ਦੀ ਵਿਚਾਰਧਾਰਾ ਤੋਂ ਜਾਣੂ ਹੁੰਦੇ ਹਨ, ਉਨ੍ਹਾਂ ਨੂੰ ਮੌਕੇ ਦੇ ਹਾਲਾਤ ਤੋਂ ਜਾਣੂ ਜ਼ਰੂਰ ਹੋਣਾ ਚਾਹੀਦਾ। ਤੁਸੀਂ ਮੇਰੇ ਵੱਲ ਹੀ ਵੇਖ ਲਵੋ। ਮੈਂ ਆਲ ਇੰਡੀਆ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ, ਮੇਰੇ ਹੇਠਾਂ ਕੰਮ ਕਰਦੇ 7 ਬੰਦਿਆਂ ਨੂੰ ਕੈਬਨਿਟ ਮੰਤਰੀ ਬਣਾ ਦਿਤਾ। ਮੈਨੂੰ ਮੰਤਰੀ ਨਹੀਂ ਬਣਾਇਆ ਗਿਆ, ਮੈਨੂੰ ਘਰ ਭੇਜ ਦਿਤਾ ਗਿਆ। ਮਨਪ੍ਰੀਤ ਬਾਦਲ, ਜੋ ਉਸ ਸਮੇਂ ਖਜ਼ਾਨਾ ਮੰਤਰੀ ਸਨ, ਨੂੰ ਮੈਂ 19,000 ਵੋਟਾਂ ਨਾਲ ਹਰਾਇਆ, ਪਰ ਮੈਂ ਉਨ੍ਹਾਂ ਦੇ ਹੇਠਾਂ ਕੰਮ ਕਰਦਾ ਰਿਹਾ। ਮੈਂ ਸਬਰ ਰੱਖਿਆ।
ਸਵਾਲ- ਤੁਸੀਂ ਵੀ ਮਨਪ੍ਰੀਤ ਬਾਦਲ ਨਾਲ ਛੋਟੀਆਂ- ਛੋਟੀਆਂ ਨਾਰਾਜ਼ਗੀਆਂ ਰੱਖਦੇ ਸੀ।
ਜਵਾਬ- ਹਾਂਜੀ, ਮਨਪ੍ਰੀਤ ਬਾਦਲ ਨਾਲ ਲੜਾਈਆਂ ਚੱਲਦੀਆਂ ਰਹੀਆਂ ਪਰ ਪਾਰਟੀ ਨਾਲ ਨਹੀਂ।
ਸਵਾਲ- ਕੀ ਕਦੇ ਨਵਜੋਤ ਸਿੱਧੂ ਨਾਲ ਬੈਠ ਕੇ ਗੱਲ ਨਹੀਂ ਕੀਤੀ ਕਿਉਂਕਿ ਇਕ ਸਮੇਂ ਤੁਸੀਂ ਉਨ੍ਹਾਂ ਦੇ ਬਹੁਤ ਨੇੜੇ ਸੀ।
ਜਵਾਬ- ਬਿਲਕੁਲ, ਪੰਜਾਬ ਦੇ ਲੋਕ ਨਵਜੋਤ ਸਿੱਧੂ ਨੂੰ ਚਾਹੁੰਦੇ ਸਨ। ਲੋਕ ਚਾਹੁੰਦੇ ਸਨ ਕਿ ਨਵਜੋਤ ਸਿੱਧੂ ਪਾਰਟੀ ਦੀ ਅਗਵਾਈ ਕਰਨ। ਉਦੋਂ ਅਸੀਂ ਸਾਰੇ ਉਨ੍ਹਾਂ ਦੇ ਨਾਲ ਸੀ। ਉਦੋਂ ਕਈ ਲੋਕਾਂ ਨੇ ਕਿਹਾ ਸੀ ਕਿ ਨਵਜੋਤ ਸਿੱਧੂ ਨੂੰ ਪਾਰਟੀ ਵਿਚੋਂ ਕੱਢ ਦੇਣਾ ਚਾਹੀਦਾ ਪਰ ਮੈਂ ਉਦੋਂ ਇਕੱਲਾ ਸੀ ਜਿਸ ਨੇ ਕਿਹਾ ਸੀ ਕਿ ਕਿਸੇ ਵੀ ਵਿਸ਼ੇਸ਼ ਵਿਅਕਤੀ ਨੂੰ ਜੇ ਤੁਸੀਂ ਪਾਰਟੀ ਵਿਚੋਂ ਕੱਢੋਗੇ ਤਾਂ ਪਾਰਟੀ ਨੂੰ ਨੁਕਸਾਨ ਹੋਵੇਗਾ ਪਰ ਤੁਸੀਂ ਇਕ ਵਿਅਕਤੀ ਨਾਲ ਰੋਜ਼-ਰੋਜ਼ ਨਹੀਂ ਲੜ ਸਕਦੇ। ਨਵਜੋਤ ਸਿੱਧੂ ਨਾਲ ਬਹੁਤ ਵਾਰ ਗੱਲਬਾਤ ਹੋਈ। ਉਹ ਉਹੀ ਵਿਅਕਤੀ ਸਨ ਜੋ ਕਦੇ ਮੇਰੀ ਪ੍ਰਸ਼ੰਸਾ ਕਰਦੇ ਸਨ। ਜਿਥੋਂ ਤਕ ਰੈਲੀਆਂ ਦੀ ਗੱਲ ਹੈ, ਮੈਨੂੰ ਕੋਈ ਇਤਰਾਜ਼ ਨਹੀਂ। ਨਵਜੋਤ ਸਿੱਧੂ ਜਿਥੇ ਤੇ ਜਦੋਂ ਮਰਜ਼ੀ ਰੈਲੀ ਕਰਨ ਪਰ ਮੈਨੂੰ ਉਦੋਂ ਇਤਰਾਜ਼ ਹੈ ਜਦੋਂ ਤੁਸੀਂ ਪਾਰਟੀ ਵਲੋਂ ਕੱਢੇ ਗਏ ਬੰਦਿਆਂ ਨੂੰ ਰੈਲੀਆਂ ਵਿਚ ਲੈ ਕੇ ਜਾਵੋਗੇ। ਫਿਰ ਲੋਕ ਸੋਚਣਗੇ ਕਿ ਇਨ੍ਹਾਂ ਦੀ ਆਪਸੀ ਲੜਾਈ ਹੈ ਜਦੋਂ ਕਿ ਸਾਡੀ ਕੋਈ ਲੜਾਈ ਨਹੀਂ ਹੈ। ਅਸੀਂ ਸਾਰੇ ਬਹੁਤ ਹੀ ਆਦਰ ਸਨਮਾਨ ਨਾਲ ਨਵਜੋਤ ਸਿੱਧੂ ਨੂੰ ਬੁਲਾਉਂਦੇ ਹਾਂ ਤੇ ਉਨ੍ਹਾਂ ਦਾ ਸਨਮਾਨ ਕਰਦੇ ਹਾਂ।
ਸਵਾਲ- ਪਰ ਇਸ ਨਾਲ ਤੁਸੀਂ ਕਾਂਗਰਸ ਪਾਰਟੀ ਨੂੰ ਵੰਡ ਰਹੇ ਹੋ। ਪਾਰਟੀ ਅੱਜ ਇਸ ਮੋੜ 'ਤੇ ਖੜੀ ਹੈ ਜੇ ਤੁਸੀਂ ਇਕੱਠੇ ਨਹੀਂ ਹੋਏ ਤਾਂ ਨੁਕਸਾਨ ਹੋ ਸਕਦਾ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਵੀ ਕਹਿੰਦੇ ਹਨ ਕਿ ਕਾਂਗਰਸ ਲੋਕਤੰਤਰ ਵਿਚ ਵਿਸ਼ਵਾਸ ਰੱਖੀ ਹੈ ਪਰ ਤੁਸੀਂ ਤਾਂ ਲੋਕਤੰਤਰ ਦਾ ਮਤਲਬ ਹੀ ਬਦਲ ਦਿਤਾ।
ਜਵਾਬ- ਮੈਂ ਸਹਿਮਤ ਹਾਂ, ਲੋਕਤੰਤਰ ਹੈ। ਤੁਸੀਂ ਅਪਣੀ ਆਵਾਜ਼ ਬੇਬਾਕ ਹੋ ਕੇ ਰੱਖ ਸਕਦੇ ਹੋ ਪਰ ਜੇ ਤੁਸੀਂ ਅਪਣੀ ਪਾਰਟੀ ਨੂੰ ਹੀ ਖ਼ਰਾਬ ਕਰਨ ਲੱਗ ਜਾਵੋਗੇ ਤਾਂ ਨੁਕਸਾਨ ਹੋਵੇਗਾ। ਮੈਂ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਤੇ ਪਾਰਟੀ ਦੇ ਹਰ ਵਿਅਕਤੀ ਦਾ ਮਿਸ਼ਨ ਹੈ ਕਿ ਅਸੀਂ ਕਿਸੇ ਨਾ ਕਿਸੇ ਟੀਚੇ 'ਤੇ ਪਹੁੰਚਣਾ ਹੈ। ਸਾਰੇ ਬੰਦੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਲੱਗੇ ਹੋਏ ਹਨ। ਪਾਰਟੀ ਨੂੰ ਪਿਆਰ ਕਰਨ ਵਾਲਾ ਸਿਪਾਹੀ ਕਦੇ ਪਾਰਟੀ ਦਾ ਅਨੁਸ਼ਾਸਨ ਭੰਗ ਨਹੀਂ ਕਰੇਗਾ। ਦੂਸਰੇ ਵਿਅਕਤੀ ਨੂੰ ਲੱਗਦਾ ਕਿ ਮੈਂ ਹਾਂ ਤਾਂ ਸੱਭ ਕੁੱਝ ਜਾਇਜ਼ ਹੈ ਜੇ ਮੈਂ ਨਹੀਂ ਤਾਂ ਕੁੱਝ ਵੀ ਨਹੀਂ। ਇਸ ਵਿਚਾਰਧਾਰਾ ਨੇ ਪਾਰਟੀ ਦਾ ਨੁਕਸਾਨ ਕੀਤਾ ਹੈ। ਰਾਹੁਲ ਗਾਂਧੀ ਨੇ ਵੀ ਮੀਟਿੰਗ ਵਿਚ ਕਿਹਾ ਸੀ ਕਿ ਪਾਰਟੀ ਵਿਚ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸਵਾਲ- ਬਰਦਾਸ਼ਤ ਦੀ ਵੀ ਇਕ ਹੱਦ ਹੁੰਦੀ ਹੈ?
ਜਵਾਬ-ਬਿਲਕੁਲ, ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਆਏ ਹਨ। ਉਹ ਸੱਭ ਨੂੰ ਮਿਲ ਰਹੇ ਹਨ। ਸੱਭ ਦੇ ਵਿਚਾਰ ਸੁਣ ਰਹੇ ਹਨ। ਪੰਜਾਬ ਕਾਂਗਰਸ ਵਿਚ ਕੀ ਚੱਲ ਰਿਹਾ ਹੈ, ਉਹ ਇਸ 'ਤੇ ਗੌਰ ਫਰਮਾ ਰਹੇ ਹਨ। ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਚੰਗਾ ਹੋਵੇਗਾ। ਪਾਰਟੀ ਵਿਚ ਇੰਨੀ ਵਫ਼ਾਦਾਰੀ ਹੋਣੀ ਚਾਹੀਦੀ ਜੇ ਮੈਨੂੰ ਪ੍ਰਧਾਨ ਦੇ ਅਹੁਦੇ ਤੋਂ ਉਤਾਰ ਕੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਦਿਤਾ ਤਾਂ ਮੈਂ ਉਸ ਨੂੰ ਸਲਾਮ ਕਰਾਂਗਾ। ਮੈਨੂੰ ਪਾਰਟੀ ਨੇ ਜਿੰਨਾ ਸਮਾਂ ਦਿਤਾ, ਮੈਂ ਉਸ ਵਿਚ ਖੁਸ਼ ਹਾਂ। ਇੰਨਾ ਵਿਸ਼ਾਲ ਦਿਲ ਹੋਣਾ ਚਾਹੀਦਾ, ਜਿਸ ਕੋਲ ਵਿਸ਼ਾਲ ਦਿਲ ਨਹੀਂ ਉਹ ਕਦੇ ਅੱਗ ਨਹੀਂ ਵਧ ਸਕਦਾ।'
ਸਵਾਲ- ਜੇ ਅੱਜ ਤੁਹਾਨੂੰ ਫਿਰ ਕਹਿ ਦੇਣ ਕਿ ਤੁਸੀਂ ਪਿੱਛੇ ਹਟ ਜਾਓ, ਨਵਜੋਤ ਸਿੱਧੂ ਨੂੰ ਫਿਰ ਪ੍ਰਧਾਨ ਬਣਾ ਦਿੰਦੇ ਹਾਂ ਤਾਂ ਕੀ ਤੁਸੀਂ ਪਿੱਛੇ ਹਟ ਜਾਵੋਗੇ?
ਜਵਾਬ- ਜੇ ਹਾਈਕਮਾਂਡ ਕਹਿ ਦੇਵੇ ਤਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਮੈਨੂੰ ਪਤਾ ਚੰਗੇ ਹਾਲਾਤ ਵਿਚ ਸਾਰੇ ਪ੍ਰਧਾਨ ਬਣ ਜਾਂਦੇ ਹਨ ਪਰ ਮੈਂ ਮਾੜੇ ਹਾਲਾਤ ਵਿਚ ਪ੍ਰਧਾਨ ਬਣਿਆ ਜਦੋਂ ਸਾਰੇ ਲੋਕ ਪਾਰਟੀ ਛੱਡ ਕੇ ਜਾ ਰਹੇ ਸਨ ਪਰ ਮੈਂ ਪਾਰਟੀ ਨੂੰ ਮਜ਼ਬੂਤ ਕੀਤਾ ਅੱਜ ਕਾਂਗਰਸ ਨੂੰ ਜੋ ਛੱਡ ਕੇ ਗਏ ਸਨ ਉਨ੍ਹਾਂ ਦੀ ਘਰ ਵਾਪਸੀ ਹੋਈ ਪਰ ਕੁੱਝ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਆ ਰਹੀ ਤੇ ਉਹ ਪਾਰਟੀ ਲਾਈਨ ਤੋਂ ਹਟ ਕੇ ਕੰਮ ਕਰ ਰਹੇ ਹਨ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਨਿਮਰਤਾ ਨਾਲ ਕਹਿੰਦਾ ਹਾਂ ਕਿ ਜੇ ਕਿਸੇ ਨੂੰ ਮੇਰੇ ਤੋਂ ਪਰੇਸ਼ਾਨੀ ਹੈ ਤਾਂ ਮੈਂ ਤੁਹਾਡੇ ਅੱਗੇ ਸਿਰ ਝੁਕਾ ਦੇਵਾਂਗਾ ਪਰ ਰੱਬ ਦਾ ਵਾਸਤਾ ਕਾਂਗਰਸ ਪਾਰਟੀ ਨੂੰ ਇਕੱਠੇ ਲੈ ਕੇ ਚੱਲੋ।
ਸਵਾਲ- ਪੰਜਾਬ ਕਾਂਗਰਸ ਗਠਜੋੜ ਨਾਲ ਸਹਿਮਤ ਨਹੀਂ ਹੈ, ਜੇ ਗਠਜੋੜ ਨਹੀਂ ਹੋਵੇਗਾ ਤਾਂ ਪਲੇਨ ਇੰਡੀਆ ਕਿਵੇਂ ਹੋਵੇਗਾ?
ਜਵਾਬ- ਸਾਥੋਂ ਵੱਖ-ਵੱਖ ਸਮੇਂ 'ਤੇ ਗਠਜੋੜ ਬਾਰੇ ਵਿਚਾਰ ਲਏ। ਲੋਕਾਂ ਨੇ ਆਪੋ-ਅਪਣੀ ਮਰਜ਼ੀ ਨਾਲ ਅਪਣੇ ਵਿਚਾਰ ਦਿਤੇ। ਪੰਜਾਬ ਕਾਂਗਰਸ ਨਾਲ ਵਰਕਰਾਂ ਦੀਆਂ ਭਾਵਨਾਵਾਂ ਜੁੜੀਆਂ ਹਨ। ਉਹ ਭਾਵਨਾਵਾਂ ਹਾਈਕਮਾਂਡ ਤਕ ਪਹੁੰਚਾ ਦਿਤੀਆਂ ਗਈਆਂ ਹਨ। ਅਸੀਂ ਹਾਈਕਮਾਂਡ ਤੋਂ ਬਾਹਰ ਨਹੀਂ ਹਾਂ। ਜੋ ਹਾਈਕਮਾਂਡ ਦਾ ਫ਼ੈਸਲਾ ਹੋਵੇਗਾ, ਉਹ ਅਸੀਂ ਮੰਨਾਂਗੇ ਤੇ ਉਸ ਫ਼ੈਸਲੇ ਨਾਲ ਚੱਲਾਂਗੇ।
ਸਵਾਲ- ਪਰ ਮੈਂ ਕਈ ਲੀਡਰਾਂ ਨਾਲ ਗੱਲ ਕੀਤੀ ਤਾਂ ਉਹ ਸਮਝਦੇ ਹਨ ਕਿ ਜੇ ਇਹ ਫ਼ੈਸਲਾ ਹੋਇਆ ਤਾਂ ਸਾਡੇ ਵਜੂਦ 'ਤੇ ਖ਼ਤਰੇ ਦੀ ਘੰਟੀ ਹੋਵੇਗੀ।
ਜਵਾਬ- ਜੀ, ਥੋੜੇ ਨਹੀਂ ਬਹੁਤ ਸਾਰੇ ਲੋਕ ਇਹੋ ਜਿਹੀ ਗੱਲ ਕਰਦੇ ਹਨ। ਉਸ 'ਤੇ ਪਾਰਟੀ ਨੂੰ ਵਿਚਾਰ ਕਰਨ ਦੀ ਲੋੜ ਹੈ।
ਸਵਾਲ- ਤੁਹਾਡੇ ਕਈ ਮੰਤਰੀ ਜੇਲ ਹੋ ਕੇ ਆਏ ਹਨ, ਉਨ੍ਹਾਂ ਲਈ 'ਆਪ' ਨਾਲ ਗਠਜੋੜ ਕਰਨਾ ਔਖਾ ਹੋਵੇਗਾ?
ਜਵਾਬ- ਬਿਲਕੁਲ, ਜਿਨ੍ਹਾਂ ਨੇ 7-7 ਮਹੀਨੇ ਜੇਲਾਂ ਕੱਟੀਆਂ, ਉਨ੍ਹਾਂ ਲਈ 'ਆਪ' ਨਾਲ ਸਟੇਜ ਸਾਂਝੀ ਕਰਨਾ ਕਾਫ਼ੀ ਔਖਾ ਹੈ।
ਸਵਾਲ- ਦਿੱਲੀ ਗਠਜੋੜ ਲਭਪਗ ਤੈਅ ਹੈ। ਅਸੀਂ ਸੁਣ ਰਹੇ ਹਾਂ ਕਿ ਹੋਂਦ ਦੀ ਲੜਾਈ ਚੱਲ ਰਹੀ ਤਾਂ ਕੀ ਕਾਂਗਰਸ ਦਾ ਵਰਕਰ ਹੋਂਦ ਲਈ ਦੇਸ਼ ਵਾਸਤੇ, ਲੋਕਾਂ ਵਾਸਤੇ, ਕਾਂਗਰਸ ਵਾਸਤੇ ਖੜਨ ਲਈ ਤਿਆਰ ਹੈ?
ਜਵਾਬ- ਜਿਥੋਂ ਤਕ ਅਸੀਂ ਮੰਨਦੇ ਹਾਂ ਕਿ ਦੇਸ਼ ਦੇ ਹਿੱਤਾਂ ਲਈ ਗਠਜੋੜ ਹੋਣਾ ਚਾਹੀਦਾ। ਸਾਨੂੰ ਅਪਣੇ ਨਿੱਜੀ ਹਿੱਤਾਂ ਤੋਂ ਪਹਿਲਾਂ ਦੇਸ਼ ਹਿੱਤ ਹੈ ਇਸ ਲਈ ਕਾਂਗਰਸ ਦਾ ਵਰਕਰ ਦੱਬੀ ਆਵਾਜ਼ ਵਿਚ ਕਹਿੰਦਾ ਕਿ ਜੋ ਹਾਈਕਮਾਂਡ ਕਹੇਗੀ, ਉਹੀ ਕਰਾਂਗੇ।
ਸਵਾਲ- ਕੀ ਪੰਜਾਬ ਕਾਂਗਰਸ ਅਪਣੇ ਇਤਿਹਾਸ ਤੋਂ ਜਾਣੂ ਹੈ?
ਜਵਾਬ- ਬਹੁਤ ਸਾਰੇ ਲੋਕ ਜਾਣੂ ਹਨ ਤੇ ਬਹੁਤ ਸਾਰੇ ਲੋਕ ਨਹੀਂ। ਇਤਿਹਾਸ ਜਾਣਨਾ ਤਾਂ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਆਸੇ ਪਾਸੇ ਤੋਂ ਬੰਦਿਆਂ ਨੂੰ ਪਾਰਟੀ ਵਿਚ ਸ਼ਾਮਲ ਕਰਵਾ ਲੈਂਦੇ ਹੋ ਤਾਂ ਪਾਰਟੀ ਨੂੰ ਨੁਕਸਾਨ ਹੁੰਦਾ ਹੈ। ਪਾਰਟੀ ਇਸ ਵੱਲ਼ ਧਿਆਨ ਦੇਵੇ ਕਿ ਪਾਰਟੀ ਲਾਈਨ ਤੋਂ ਹਟ ਕੇ ਤੁਹਾਡੇ ਲਈ ਕੋਈ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਹੈ।
ਸਵਾਲ- ਰਾਹੁਲ ਗਾਂਧੀ ਵਿਚ ਕੋਈ ਹਉਮੇ ਨਹੀਂ ਹੈ ਉਹ ਸਾਦੇ ਹਨ, ਬਾਕੀ ਸਾਰਿਆਂ ਵਿਚ ਮੈਂ ਹੈ।
ਜਵਾਬ-ਰਾਹੁਲ ਗਾਂਧੀ ਸਾਰਿਆਂ ਦੀ ਗੱਲ ਸੁਣਦੇ ਹਨ। ਜੇ ਕੋਈ ਕੁੱਝ ਕਹਿ ਵੀ ਦੇਵੇ ਤਾਂ ਉਹ ਬੁਰਾ ਨਹੀਂ ਮਨਾਉਂਦੇ। ਦੇਸ਼ ਨੂੰ ਹੌਲੀ-ਹੌਲੀ ਪਤਾ ਲੱਗੇਗਾ ਕਿ ਰਾਹੁਲ ਗਾਂਧੀ ਕੀ ਚੀਜ਼ ਹਨ। ਤੁਸੀਂ ਭਾਰਤ ਜੋੜੋ ਯਾਤਰਾ ਵਿਚ ਵੇਖਿਆ ਹੀ ਹੋਵੇਗਾ ਕਿ ਕਿਵੇਂ ਰਾਹੁਲ ਗਾਂਧੀ ਸਾਦਗੀ ਨਾਲ ਸਾਰਿਆਂ ਨੂੰ ਮਿਲੇ।
ਸਵਾਲ- ਪਰ ਇਸ ਨਾਲ ਵੋਟਰ ਤਾਂ ਜੁੜੇ ਨਹੀਂ?
ਜਵਾਬ- ਇਸ ਨੂੰ ਅਜੇ ਥੋੜ੍ਹਾ ਸਮਾਂ ਲੱਗੇਗਾ ਹੁਣ ਤਾਂ ਨਿਆਂਪਾਲਿਕਾ ਨੂੰ ਵੀ ਅਪਣੇ ਵਿਚਾਰ ਰੱਖਣ ਦਾ ਹੱਕ ਨਹੀਂ ਰਿਹਾ। ਹੌਲੀ- ਹੌਲੀ ਲੋਕ ਉਠਣਗੇ ਤੇ ਕਹਿਣਗੇ ਹੁਣ ਬਸ ਹੋ ਗਈ ਹੈ।
ਸਵਾਲ- ਕਾਂਗਰਸ ਕੁੱਝ ਨਹੀਂ ਕਰੇਗੀ, ਲੋਕ ਹੀ ਕਰਨਗੇ?
ਜਵਾਬ- ਕਾਂਗਰਸ ਅੱਜ ਲੜਾਈ ਲੜ ਰਹੀ ਹੈ। ਰਾਹੁਲ ਗਾਂਧੀ ਨੇ ਪਹਿਲਾਂ 4000 ਕਿਲੋਮੀਟਰ ਦੀ ਯਾਤਰਾ ਕੀਤੀ ਤੇ ਹੁਣ ਫਿਰ ਯਾਤਰਾ ਕਰ ਰਹੇ ਹਨ। ਗਾਂਧੀ ਪ੍ਰਵਾਰ ਦਾ ਲਾਡਲਾ ਅੱਜ ਦੇਸ਼ ਲਈ ਕੰਮ ਕਰ ਰਹੇ ਹਨ। ਮੈਂ ਅੱਜ ਜੋ ਵੀ ਹਾਂ ਉਹ ਸਿਰਫ਼ ਰਾਹੁਲ ਗਾਂਧੀ ਕਰਕੇ ਹਾਂ। ਮੈਨੂੰ ਇਕ ਸਾਦੇ ਬੰਦੇ ਨੂੰ ਹੇਠਾਂ ਤੋਂ ਚੁੱਕ ਕੇ ਉੱਪਰ ਤਕ ਪਹੁੰਚਾ ਦਿਤਾ। ਲੜਦੇ ਰਹਿਣਾ ਚਾਹੀਦਾ। ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ।
ਸਵਾਲ- ਤੁਹਾਡੀ ਤਾਂ ਹੁਣੇ-ਹੁਣੇ ਜਿੱਤ ਹੋਈ, ਤੁਸੀਂ ਅਕਾਲੀ ਦਲ ਤੋਂ ਮੁਆਫ਼ੀ ਲੈ ਲਈ ਹੈ।
ਜਵਾਬ-ਬਿਲਕੁਲ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਕਦੇ ਕਿਸੇ ਦੇ ਪ੍ਰਵਾਰ 'ਤੇ ਨਹੀਂ ਜਾਣਾ ਚਾਹੀਦਾ ਪਰ ਅਸੀਂ ਰਾਜਨੀਤੀ ਵਿਚ ਸਾਰਿਆਂ ਦੇ ਪੋਤੜੇ ਫਰੋਲ ਦਿਤੇ। ਇਕ ਦੂਜੇ ਨੂੰ ਨੀਵਾਂ ਵਿਖਾਉਣਾ ਸ਼ੁਰੂ ਕਰ ਦਿਤਾ। ਜੱਜ ਸਾਬ੍ਹ ਨੇ ਕਿਹਾ ਕਿ ਉਨ੍ਹਾਂ ਨੇ ਮੁਆਫ਼ੀ ਮੰਗ ਲ਼ਈ ਅਸੀਂ ਕਿਹਾ ਠੀਕ ਹੈ। ਜੇ ਮੁਆਫ਼ੀ ਮੰਗ ਲ਼ਈ ਤਾਂ ਠੀਕ ਹੈ।