
ਕਿਹਾ, ਅਜਿਹਾ ਮੌਕਾ ਪਹਿਲਾਂ ਦੋ ਵਾਰੀ ਗੁਆਇਆ ਜਾ ਚੁਕਿਆ ਹੈ
ਚੇਨਈ: ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਮਿਤ ਸ਼ਾਹ ਨੇ ਭਵਿੱਖ ’ਚ ਇਕ ਤਮਿਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਪੈਰਵੀ ਕੀਤੀ ਹੈ।
ਪਾਰਟੀ ਦੇ ਸੂਤਰਾਂ ਨੇ ਕਿਹਾ ਕਿ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਨੇ ਇਥੇ ਅਪਣੇ ਦੌਰੇ ਦੌਰਾਨ ਸੂਬਾ ਪਾਰਟੀ ਅਹੁਦੇਦਾਰਾਂ ਨਾਲ ਬੰਦ ਕਮਰੇ ’ਚ ਹੋਈ ਬੈਠਕ ਦੌਰਾਨ ਇਹ ਟਿਪਣੀ ਕੀਤੀ।
ਸੂਤਰਾਂ ਨੇ ਵੇਰਵਾ ਦਿਤੇ ਬਗ਼ੈਰ ਸੰਕੇਤ ਦਿਤਾ ਕਿ ਸ਼ਾਹ ਨੇ ਨੇੜ ਭਵਿੱਖ ’ਚ ਇਕ ਤਮਿਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਪੈਰਵੀ ਕੀਤੀ। ਸੂਤਰਾਂ ਅਨੁਸਾਰ ਸ਼ਾਹ ਨੇ ਕਿਹਾ ਕਿ ਅਜਿਹਾ ਮੌਕਾ ਪਹਿਲਾਂ ਦੋ ਵਾਰੀ ਗੁਆਇਆ ਜਾ ਚੁਕਿਆ ਹੈ।
ਸੂਤਰਾਂ ਨੇ ਕਿਹਾ ਕਿ ਸ਼ਾਹ ਨੇ ਕਥਿਤ ਤੌਰ ’ਤੇ ਇਸ ਲਈ ਸੱਤਾਧਾਰੀ ਦ੍ਰਵਿੜ ਮੁਨੇਤਰ ਕਸ਼ਗਮ (ਡੀ.ਐਮ.ਕੇ.) ਨੂੰ ਦੋਸ਼ੀ ਠਹਿਰਾਇਆ।
ਸ਼ਾਹ ਨੇ ਭਾਜਪਾ ਅਹੁਦੇਦਾਰਾਂ ਨਾਲ 2024 ਦੀਆਂ ਲੋਕ ਸਭਾ ਚੋਣਾਂ ’ਚ ਤਮਿਲਨਾਡੂ ’ਚੋਂ 20 ਤੋਂ ਵੱਧ ਸੀਟਾਂ ਜਿੱਤਣ ਦੀ ਦਿਸ਼ਾ ’ਚ ਕੰਮ ਕਰਨ ਅਤੇ ਇਸ ਉਦੇਸ਼ ਲਈ ਬੂਥ ਕਮੇਟੀਆਂ ਨੂੰ ਮਜ਼ਬੂਤ ਕਰਨ ਦਾ ਵੀ ਸੱਦਾ ਦਿਤਾ।