
ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਇਹ ਦਾਅਵਾ ਕੀਤਾ ਸੀ
Karnataka: ਕਰਨਾਟਕ ਦੇ ਸੂਚਨਾ ਤਕਨਾਲੋਜੀ ਅਤੇ ਬਾਇਓਟੈਕਨਾਲੋਜੀ ਮੰਤਰੀ ਪ੍ਰਿਯਾਂਕ ਖੜਗੇ ਨੇ ਇਲਜ਼ਾਮ ਲਗਾਇਆ ਕਿ ਪਿਛਲੀ ਭਾਜਪਾ ਸਰਕਾਰ ਦੌਰਾਨ ਕਰਨਾਟਕ ਰਾਜ ਇਲੈਕਟ੍ਰੋਨਿਕਸ ਵਿਕਾਸ ਨਿਗਮ ਲਿਮਟਿਡ (ਕੀਓਨਿਕਸ) ਵਿਚ ਲਗਭਗ 500 ਕਰੋੜ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਹੋਈਆਂ ਸਨ। ਕਰਨਾਟਕ ਸਰਕਾਰ ਦੇ ਮੰਤਰੀ ਨੇ ਦਾਅਵਾ ਕੀਤਾ ਕਿ ਰਾਜ ਦੀ ਤਤਕਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਨਾ ਸਿਰਫ਼ '40 ਫ਼ੀ ਸਦੀ ਕਮਿਸ਼ਨ' ਵਸੂਲਿਆ ਸੀ ਸਗੋਂ 400 ਫ਼ੀ ਸਦੀ ਤੋਂ ਵੱਧ ਕਮਿਸ਼ਨ ਵਸੂਲਿਆ ਸੀ।
ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਭਾਜਪਾ 'ਤੇ ਦੋਸ਼ ਲਗਾਉਂਦੇ ਹੋਏ ਇਹ ਦਾਅਵਾ ਕੀਤਾ ਸੀ। ਪ੍ਰਿਯਾਂਕ ਖੜਗੇ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਸੱਤਾ ਵਿਚ ਆਉਣ ਤੋਂ ਬਾਅਦ ਜਦੋਂ ਤੋਂ ਉਨ੍ਹਾਂ ਨੇ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਕੀਓਨਿਕਸ ਵਿਚ ਇਕ ਵੀ ਆਰਡਰ ਪਾਸ ਨਹੀਂ ਕੀਤਾ ਗਿਆ ਅਤੇ ਨਾ ਹੀ ਏਜੰਸੀ ਰਾਹੀਂ ਕੋਈ ਖਰੀਦ ਕੀਤੀ ਗਈ ਹੈ।
ਪ੍ਰਿਯਾਂਕ ਖੜਗੇ ਨੇ ਇਥੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ, "ਆਡਿਟ ਰੀਪੋਰਟ ਵਿਚ 500 ਕਰੋੜ ਰੁਪਏ ਦੀਆਂ ਵਿੱਤੀ ਬੇਨਿਯਮੀਆਂ ਦਿਖਾਈਆਂ ਗਈਆਂ ਹਨ, ਜੋ 2019 ਤੋਂ 2023 ਤਕ ਹੋਈਆਂ ਸਨ। ਪਿਛਲੀ ਭਾਜਪਾ ਸਰਕਾਰ ‘40 ਫ਼ੀ ਸਦੀ ਕਮਿਸ਼ਨ ਵਾਲੀ ਸਰਕਾਰ’ ਹੀ ਨਹੀਂ ਸੀ, ਸਗੋਂ 400 ਫ਼ੀ ਸਦੀ ਕਮਿਸ਼ਨ ਤਕ ਪਹੁੰਚ ਗਈ ਸੀ। ਇਹ ਅਸੀਂ ਨਹੀਂ ਸਗੋਂ ਆਡਿਟ ਰੀਪੋਰਟ ਕਹਿ ਰਹੀ ਹੈ”।
ਕਰਨਾਟਕ ਸਰਕਾਰ ਦੇ ਇ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਜਪਾ ਦੇ ਕੁੱਝ ਨੇਤਾਵਾਂ ਨੇ ਦੋਸ਼ ਲਗਾਇਆ ਹੈ ਕਿ ਕੀਓਨਿਕਸ ਦੇ ਇਕ ਅਧਿਕਾਰੀ ਨੇ 300 ਕਰੋੜ ਰੁਪਏ ਦੇ ਕੁੱਝ ਬਿੱਲਾਂ ਨੂੰ ਕਲੀਅਰ ਕਰਨ ਲਈ 38 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਹੈ। ਭਾਜਪਾ ਨੇਤਾਵਾਂ ਨੇ ਖੜਗੇ 'ਤੇ ਵੀ ਇਸ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਖੜਗੇ ਨੇ ਕਿਹਾ ਕਿ ਇਸ ਸਬੰਧ ਵਿਚ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਕਾਂਗਰਸ ਸਰਕਾਰ ਜਵਾਬਦੇਹੀ ਅਤੇ ਪਾਰਦਰਸ਼ਤਾ ਦੇ ਨਿਯਮਾਂ ਵਿਚ ਜੋ ਬਦਲਾਅ ਲਿਆ ਰਹੀ ਹੈ, ਉਹ ਕਈ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਲਈ ਮੁਸ਼ਕਲਾਂ ਪੈਦਾ ਕਰੇਗੀ।