
ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਸਾਂਝੀ ਪ੍ਰੈਸ ਕਾਨਫਰੰਸ, ਕਿਹਾ, ‘ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਨੋਟਿਸ ਦੇਣ ਦਾ ਕਦਮ ਚੁਕਣਾ ਪਿਆ’
ਨਵੀਂ ਦਿੱਲੀ : ਵਿਰੋਧੀ ਧਿਰ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਅਲਾਇੰਸ (ਆਈ.ਜੀ.ਐਨ.ਏ.) ਵਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਹਟਾਉਣ ਦਾ ਨੋਟਿਸ ਦਿਤੇ ਜਾਣ ਤੋਂ ਇਕ ਦਿਨ ਬਾਅਦ ਵਿਰੋਧੀ ਗਠਜੋੜ ਦੇ ਭਾਈਵਾਲਾਂ ਨੇ ਦੋਸ਼ ਲਾਇਆ ਕਿ ਰਾਜ ਸਭਾ ਦੇ ਚੇਅਰਮੈਨ ਅਪਣੀ ਅਗਲੀ ਤਰੱਕੀ ਲਈ ਸਰਕਾਰ ਦੇ ਬੁਲਾਰੇ ਵਜੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਵਿਵਹਾਰ ਨੇ ਦੇਸ਼ ਦੀ ਇੱਜ਼ਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।
ਸੰਯੁਕਤ ਪ੍ਰੈਸ ਕਾਨਫਰੰਸ ’ਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਇਹ ਵੀ ਕਿਹਾ ਕਿ ਧਨਖੜ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਪਰ ਉਨ੍ਹਾਂ ਨੂੰ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਨੋਟਿਸ ਦੇਣ ਦਾ ਕਦਮ ਚੁਕਣਾ ਪਿਆ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼, ਡੀ.ਐਮ.ਕੇ. ਨੇਤਾ ਤਿਰੂਚੀ ਸਿਵਾ, ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨਦੀਮੁਲ ਹੱਕ ਅਤੇ ਸਾਗਰਿਕਾ ਘੋਸ਼, ਸਮਾਜਵਾਦੀ ਪਾਰਟੀ ਦੇ ਨੇਤਾ ਜਾਵੇਦ ਅਲੀ ਖਾਨ, ਸ਼ਿਵ ਸੈਨਾ-ਯੂ.ਬੀ.ਟੀ. ਦੇ ਸੰਜੇ ਰਾਉਤ, ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਫੌਜੀਆ ਖਾਨ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਸੰਸਦ ਮੈਂਬਰ ਬਿਕਾਸ਼ ਰੰਜਨ ਭੱਟਾਚਾਰੀਆ ਸੰਯੁਕਤ ਪ੍ਰੈਸ ਕਾਨਫਰੰਸ ’ਚ ਮੌਜੂਦ ਸਨ।
ਕਾਂਗਰਸ ਆਗੂ ਰਮੇਸ਼ ਅਨੁਸਾਰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਪਾਰਟੀ ਨੂੰ ਪ੍ਰੈਸ ਕਾਨਫਰੰਸ ਤੋਂ ਠੀਕ ਪਹਿਲਾਂ ਚੋਣ ਕਮਿਸ਼ਨ ਨੂੰ ਮਿਲਣ ਲਈ ਬੁਲਾਇਆ ਗਿਆ ਸੀ। ‘ਇੰਡੀਆ’ ਗਠਜੋੜ ਦੇ ਭਾਈਵਾਲਾਂ ਨੇ ਮੰਗਲਵਾਰ ਨੂੰ ਜਗਦੀਪ ਧਨਖੜ ਨੂੰ ‘ਪੱਖਪਾਤੀ ਵਿਵਹਾਰ’ ਲਈ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਲਈ ਮਤਾ ਲਿਆਉਣ ਲਈ ਨੋਟਿਸ ਸੌਂਪਿਆ ਸੀ।
ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਕਿਹਾ ਕਿ ਅੱਜ ਤਕ ਕਿਸੇ ਵੀ ਉਪ ਰਾਸ਼ਟਰਪਤੀ ਦੇ ਵਿਰੁਧ ਧਾਰਾ 67 ਦੇ ਤਹਿਤ ਕੋਈ ਮਤਾ ਪੇਸ਼ ਨਹੀਂ ਕੀਤਾ ਗਿਆ ਹੈ ਕਿਉਂਕਿ ਉਹ ਹਮੇਸ਼ਾ ਨਿਰਪੱਖ ਰਹੇ ਹਨ ਅਤੇ ਸਿਆਸਤ ਤੋਂ ਦੂਰ ਰਹੇ ਹਨ। ਉਨ੍ਹਾਂ ਕਿਹਾ, ‘‘ਸਾਨੂੰ ਇਹ ਕਹਿਣਾ ਪਵੇਗਾ ਕਿ ਅੱਜ ਸਿਆਸਤ ਨਿਯਮ ਤੋਂ ਵੱਧ ਹੈ। ਸਾਨੂੰ ਅਫਸੋਸ ਹੈ ਕਿ ਸੰਵਿਧਾਨ ਨੂੰ ਅਪਣਾਉਣ ਦੇ 75ਵੇਂ ਸਾਲ ’ਚ ਉਪ ਰਾਸ਼ਟਰਪਤੀ ਦੇ ਪੱਖਪਾਤੀ ਵਿਵਹਾਰ ਨੇ ਸਾਨੂੰ ਇਹ ਪ੍ਰਸਤਾਵ ਪੇਸ਼ ਕਰਨ ਲਈ ਮਜਬੂਰ ਕੀਤਾ।’’
ਉਨ੍ਹਾਂ ਦਾਅਵਾ ਕੀਤਾ ਕਿ ਧਨਖੜ ਸੀਨੀਅਰ ਵਿਰੋਧੀ ਨੇਤਾਵਾਂ ਨੂੰ ਅਪਮਾਨਿਤ ਕਰਦੇ ਹਨ। ਖੜਗੇ ਨੇ ਕਿਹਾ ਕਿ ਚੇਅਰਮੈਨ ਸੀਨੀਅਰ ਨੇਤਾਵਾਂ ਨੂੰ ‘ਹੈੱਡਮਾਸਟਰ’ ਦੀ ਤਰ੍ਹਾਂ ਉਪਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ, ‘‘ਧਨਖੜ ਅਪਣੀ ਅਗਲੀ ਤਰੱਕੀ ਲਈ ਸਰਕਾਰੀ ਬੁਲਾਰੇ ਵਜੋਂ ਕੰਮ ਕਰ ਰਹੇ ਹਨ। ਰੇੜਕੇ ਦਾ ਸੱਭ ਤੋਂ ਵੱਡਾ ਕਾਰਨ ਖੁਦ ਚੇਅਰਮੈਨ ਹਨ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਧਨਖੜ ਦੇ ਵਿਵਹਾਰ ਨੇ ਦੇਸ਼ ਦੀ ਇੱਜ਼ਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।
ਖੜਗੇ ਨੇ ਕਿਹਾ ਕਿ ਧਨਖੜ ਜਨਤਕ ਮੰਚਾਂ ’ਤੇ ਸਰਕਾਰ ਅਤੇ ਆਰ.ਐਸ.ਐਸ. ਦੀ ਪ੍ਰਸ਼ੰਸਾ ਕਰਦੇ ਹਨ ਜਦਕਿ ਇਹ ਅਹੁਦਾ ਪਾਰਟੀ ਸਿਆਸਤ ਤੋਂ ਉੱਪਰ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਮ ਤੌਰ ’ਤੇ ਵਿਰੋਧੀ ਧਿਰ ਚੇਅਰਮੈਨ ਤੋਂ ਸੁਰੱਖਿਆ ਮੰਗਦੀ ਹੈ, ਉਹ ਵਿਰੋਧੀ ਧਿਰ ਦੇ ਸਰਪ੍ਰਸਤ ਹੁੰਦੇ ਹਨ। ਪਰ ਜੇਕਰ ਚੇਅਰਮੈਨ ਖੁਦ ਸੱਤਾਧਾਰੀ ਬੈਂਚ ਅਤੇ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕਰ ਰਹੇ ਹਨ ਤਾਂ ਵਿਰੋਧੀ ਧਿਰ ਦੀ ਗੱਲ ਕੌਣ ਸੁਣੇਗਾ?
ਧਨਖੜ ਨੂੰ ਅਹੁਦੇ ਤੋਂ ਹਟਾਉਣ ਦੇ ਪ੍ਰਸਤਾਵ ਬਾਰੇ ਰਾਜ ਸਭਾ ’ਚ ਹੰਗਾਮਾ
ਨਵੀਂ ਦਿੱਲੀ : ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਦੇ ਨੋਟਿਸ ਅਤੇ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਦੇ ਜਾਰਜ ਸੋਰੋਸ ਨਾਲ ਸਬੰਧਾਂ ਦੇ ਦੋਸ਼ਾਂ ਕਾਰਨ ਬੁਧਵਾਰ ਨੂੰ ਰਾਜ ਸਭਾ ’ਚ ਹੰਗਾਮਾ ਹੋਇਆ ਜਿਸ ਕਾਰਨ ਇਸ ਦੀ ਕਾਰਵਾਈ ਇਕ ਵਾਰ ਮੁਲਤਵੀ ਤੋਂ ਬਾਅਦ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ।
ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 12 ਵਜੇ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਉਪ ਚੇਅਰਮੈਨ ਹਰੀਵੰਸ਼ ਮੰਚ ’ਤੇ ਸਨ। ਉਨ੍ਹਾਂ ਨੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ।
ਹੰਗਾਮੇ ਦੌਰਾਨ ਸਦਨ ਦੇ ਨੇਤਾ ਜੇ.ਪੀ. ਨੱਢਾ ਨੇ ਕਿਹਾ ਕਿ ਸੱਤਾਧਾਰੀ ਗਠਜੋੜ ਦੇ ਮੈਂਬਰ ਪਿਛਲੇ ਦੋ ਦਿਨਾਂ ਤੋਂ ਜਾਰਜ ਸੋਰੋਸ ਅਤੇ ਕਾਂਗਰਸ ਦੇ ਸੱਭ ਤੋਂ ਸੀਨੀਅਰ ਮੈਂਬਰ ਵਿਚਕਾਰ ਸਬੰਧਾਂ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸੇ ਲਈ ਵਿਰੋਧੀ ਧਿਰ ਵਲੋਂ ਇਸ ਮੁੱਦੇ ਨੂੰ ਭਟਕਾਉਣ ਲਈ ਚੇਅਰ ’ਤੇ ਦੋਸ਼ ਲਗਾਉਣ ਦੀ ਨਾਪਾਕ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ, ‘‘ਜਾਰਜ ਸੋਰੋਸ ਅਤੇ ਸੋਨੀਆ ਗਾਂਧੀ ਵਿਚਾਲੇ ਕੀ ਸਬੰਧ ਹੈ, ਇਹ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦਾ ਸਵਾਲ ਹੈ। ਅਤੇ ਇਹ ਦੇਸ਼ ਦੀ ਪ੍ਰਭੂਸੱਤਾ ’ਤੇ ਵੀ ਸਵਾਲੀਆ ਨਿਸ਼ਾਨ ਹੈ। ਮੁੱਖ ਵਿਰੋਧੀ ਪਾਰਟੀ ਅਤੇ ਜਾਰਜ ਸੋਰੋਸ ਵਿਚਾਲੇ ਸਬੰਧਾਂ ’ਤੇ ਚਰਚਾ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਵਿਰੋਧੀ ਧਿਰ ਨੇ ਇਸ ਮੁੱਦੇ ਨੂੰ ਭਟਕਾਉਣ ਦੀ ਗਲਤ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਚੇਅਰ ’ਤੇ ਇਲਜ਼ਾਮ ਲਗਾ ਕੇ ਬੇਭਰੋਸਗੀ ਮਤਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।’’
ਜਿਵੇਂ ਹੀ ਨੱਢਾ ਨੇ ਅਪਣਾ ਭਾਸ਼ਣ ਖਤਮ ਕੀਤਾ, ਉਪ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿਤੀ। ਇਸ ਤੋਂ ਪਹਿਲਾਂ ਸਵੇਰੇ ਇਸੇ ਮੁੱਦੇ ’ਤੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਤੁਰਤ ਬਾਅਦ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿਤੀ ਗਈ।
ਜਦੋਂ ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਈ ਤਾਂ ਚੇਅਰਮੈਨ ਨੇ ਜ਼ਰੂਰੀ ਕਾਗਜ਼ ਸਦਨ ਦੇ ਮੇਜ਼ ’ਤੇ ਰੱਖ ਦਿਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਿਯਮ 267 ਦੇ ਤਹਿਤ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਵਟਾਂਦਰੇ ਲਈ ਪੰਜ ਨੋਟਿਸ ਮਿਲੇ ਹਨ।
ਚੇਅਰਮੈਨ ਨੇ ਨੋਟਿਸ ਦੇਣ ਵਾਲੇ ਮੈਂਬਰਾਂ ਵਿਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜੌਨ ਬ੍ਰਿਟਸ ਨੂੰ ਸ਼ਾਮਲ ਕੀਤਾ। ਇਸ ਦੇ ਨਾਲ ਹੀ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ। ਹੰਗਾਮੇ ਦਰਮਿਆਨ ਚੇਅਰਮੈਨ ਧਨਖੜ ਨੇ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੂੰ ਬੋਲਣ ਦਾ ਮੌਕਾ ਦਿਤਾ।
ਉਨ੍ਹਾਂ ਕਿਹਾ ਕਿ ਭਾਰਤੀ ਲੋਕਤੰਤਰ ’ਚ 72 ਸਾਲ ਬਾਅਦ ਇਕ ਕਿਸਾਨ ਦਾ ਪੁੱਤਰ ਦੇਸ਼ ਦਾ ਉਪ ਰਾਸ਼ਟਰਪਤੀ ਬਣ ਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਜਿਵੇਂ ਹੀ ਮੰਤਰੀ ਬੋਲ ਰਹੇ ਸਨ, ਵਿਰੋਧੀ ਧਿਰ ਦੇ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ ਅਤੇ ਅਡਾਨੀ ਮੁੱਦੇ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ।
ਹੰਗਾਮੇ ਦੌਰਾਨ ਰਿਜਿਜੂ ਨੇ ਕਿਹਾ ਕਿ ਪੂਰਾ ਦੇਸ਼ ਵੇਖ ਰਿਹਾ ਹੈ ਕਿ ਉਨ੍ਹਾਂ (ਧਨਖੜ) ਨੇ ਚੇਅਰਮੈਨ ਦੇ ਤੌਰ ’ਤੇ ਸਦਨ ਦੇ ਮਾਣ ਨੂੰ ਬਰਕਰਾਰ ਰੱਖਿਆ ਹੈ ਪਰ ਵਿਰੋਧੀ ਧਿਰ ਦੇ ਮੈਂਬਰ ਅਹੁਦੇ ਦੀ ਇੱਜ਼ਤ ਨੂੰ ਠੇਸ ਪਹੁੰਚਾਉਣ ’ਚ ਲੱਗੇ ਹੋਏ ਹਨ।
ਚੇਅਰਮੈਨ ਨੂੰ ਹਟਾਉਣ ਦੇ ਮਤੇ ਦੇ ਨੋਟਿਸ ਨੂੰ ਗੰਭੀਰ ਮਾਮਲਾ ਦੱਸਦਿਆਂ ਰਿਜਿਜੂ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਨਾ ਤਾਂ ਲੋਕਤੰਤਰ ’ਚ ਵਿਸ਼ਵਾਸ ਕਰਦੇ ਹਨ ਅਤੇ ਨਾ ਹੀ ਕੁਰਸੀ ਦੀ ਇੱਜ਼ਤ ਦਾ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਟੈਲੀਵਿਜ਼ਨ ’ਤੇ ਉਪ ਰਾਸ਼ਟਰਪਤੀ ਦਾ ਨਾਮ ਲੈ ਕੇ ਅਰਥਹੀਣ ਦੋਸ਼ ਲਗਾਏ ਹਨ।
ਰਿਜਿਜੂ ਨੇ ਕਿਹਾ ਕਿ ਜਿਸ ਦੇ ਵਿਰੁਧ ਨੋਟਿਸ ਜਾਰੀ ਕੀਤਾ ਗਿਆ ਹੈ, ਉਸ ਵਰਗਾ ਚੇਅਰਮੈਨ ਲੱਭਣਾ ਮੁਸ਼ਕਲ ਹੈ। ਰਿਜਿਜੂ ਨੇ ਮੰਗ ਕੀਤੀ ਕਿ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਅਤੇ ਸੋਰੋਸ ਦੇ ਸਬੰਧਾਂ ’ਤੇ ਅਪਣਾ ਸਟੈਂਡ ਸਪੱਸ਼ਟ ਕਰੇ ਅਤੇ ਕਿਹਾ ਕਿ ਉਸ ਨੂੰ ਇਸ ਮੁੱਦੇ ’ਤੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਇਸ ਤੋਂ ਬਾਅਦ ਚੇਅਰਮੈਨ ਨੇ ਜਨਤਾ ਦਲ (ਸੈਕੂਲਰ) ਦੇ ਮੈਂਬਰ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਨੂੰ ਬੋਲਣ ਲਈ ਕਿਹਾ। ਹੰਗਾਮੇ ਕਾਰਨ ਦੇਵਗੌੜਾ ਦੀ ਗੱਲ ਨਹੀਂ ਸੁਣੀ ਜਾ ਸਕੀ। ਇਸ ਦੌਰਾਨ ਕਾਂਗਰਸ ਦੇ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਦੀ ਸੰਵਿਧਾਨ ਪ੍ਰਤੀ ਵਫ਼ਾਦਾਰੀ ਹੈ ਪਰ ਸੱਤਾਧਾਰੀ ਧਿਰ ’ਤੇ ਬੈਠੇ ਲੋਕ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ। ਤਿਵਾੜੀ ਜਦੋਂ ਬੋਲ ਰਹੇ ਸਨ ਤਾਂ ਧਨਖੜ ਨੇ ਸਦਨ ਦੀ ਕਾਰਵਾਈ ਸਵੇਰੇ 11:13 ਵਜੇ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿਤੀ।
ਕੁੱਝ ਤਾਕਤਾਂ ਭਾਰਤ ਦੀ ਤਰੱਕੀ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ: ਧਨਖੜ
ਜੈਪੁਰ : ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਬੁਧਵਾਰ ਨੂੰ ਕਿਹਾ ਕਿ ਕੁੱਝ ਤਾਕਤਾਂ ਭਾਰਤ ਦੀ ਤਰੱਕੀ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਹਨ ਅਤੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘‘ਭਾਰਤੀਪੁਣਾ ਸਾਡੀ ਪਛਾਣ ਹੈ ਅਤੇ ਅਸੀਂ ਰਾਸ਼ਟਰਵਾਦ ਨਾਲ ਕਦੇ ਸਮਝੌਤਾ ਨਹੀਂ ਕਰ ਸਕਦੇ।’’ ਧਨਖੜ ਇੱਥੇ ਸੋਹਣ ਸਿੰਘ ਮੈਮੋਰੀਅਲ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਕਿਸੇ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ, ‘‘ਦੇਸ਼ ਅਤੇ ਬਾਹਰ ਕੁੱਝ ਅਜਿਹੀਆਂ ਤਾਕਤਾਂ ਹਨ। ਜੋ ਭਾਰਤ ਦੀ ਤਰੱਕੀ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ। ਦੇਸ਼ ਨੂੰ ਤੋੜਨ, ਦੇਸ਼ ਨੂੰ ਵੰਡਣ ਅਤੇ ਦੇਸ਼ ਦੀਆਂ ਸੰਸਥਾਵਾਂ ਨੂੰ ਅਪਮਾਨਿਤ ਕਰਨ ਦਾ ਕੰਮ ਯੋਜਨਾਬੱਧ ਤਰੀਕੇ ਨਾਲ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਆਮ ਲੋਕ ਅਹਿਮ ਭੂਮਿਕਾ ਨਿਭਾ ਸਕਦੇ ਹਨ। ਸਾਨੂੰ ਇਕਜੁੱਟ ਹੋਣਾ ਪਵੇਗਾ ਅਤੇ ਹਰ ਦੇਸ਼ ਵਿਰੋਧੀ ਵਿਚਾਰ-ਵਟਾਂਦਰੇ ਨੂੰ ਬੇਅਸਰ ਕਰਨਾ ਪਵੇਗਾ।’’