
ਪੰਜਾਬ ਦੀ ਸਿਆਸਤ ਵਿਚ ਅਜਿਹੇ 7 ਚਿਹਰੇ ਹਨ, ਜਿਨ੍ਹਾਂ ਨੇ ਵਿਦਿਆਰਥੀ ਰਾਜਨੀਤੀ ਤੋਂ ਦਿੱਗਜ਼ ਆਗੂ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਹੈ।
ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿਚ ਅਜਿਹੇ 7 ਚਿਹਰੇ ਹਨ, ਜਿਨ੍ਹਾਂ ਨੇ ਵਿਦਿਆਰਥੀ ਰਾਜਨੀਤੀ ਤੋਂ ਦਿੱਗਜ਼ ਆਗੂ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਹੈ। ਕੋਈ ਕਿਸੇ ਪਾਰਟੀ ਨਾਲ ਜੁੜਿਆ, ਕਿਸੇ ਨੂੰ ਸਿਆਸਤ ਅਪਣੇ ਪਰਿਵਾਰ ਵਿਚ ਵਿਰਾਸਤ ਦੇ ਰੂਪ ਵਿਚ ਮਿਲੀ ਤਾਂ ਕਿਸੇ ਨੇ ਖੁਦ ਸਿਆਸੀ ਮੰਜ਼ਿਲ ਤਲਾਸ਼ੀ। ਇਹਨਾਂ ਵਿਚੋਂ ਇਕ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ, ਕੋਈ ਉੱਪ ਮੁੱਖ ਮੰਤਰੀ ਬਣਿਆ ਅਤੇ ਇਕ ਕੇਂਦਰੀ ਮੰਤਰੀ ਦੇ ਅਹੁਦੇ ਤੱਕ ਪਹੁੰਚੇ। ਇਹਨਾਂ ਚਿਹਰਿਆਂ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਬੀਰ ਸਿੰਘ ਬਾਦਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਸਦ ਮੈਂਬਰ ਮਨੀਸ਼ ਤਿਵਾੜੀ, ਪਰਮਿੰਦਰ ਸਿੰਘ ਢੀਂਡਸਾ, ਸੁਖਵਿੰਦਰ ਸਿੰਘ ਡੈਨੀ, ਵਿਜੇ ਇੰਦਰ ਸਿੰਗਲਾ ਦੇ ਨਾਂਅ ਸ਼ਾਮਲ ਹਨ।
1. ਚਰਨਜੀਤ ਸਿੰਘ ਚੰਨੀ
ਕੌਂਸਲਰ ਦੇ ਅਹੁਦੇ ਤੋਂ ਸਿਆਸਤ ਵਿਚ ਪਹੁੰਚੇ ਚਰਨਜੀਤ ਸਿੰਘ ਚੰਨੀ 2007 ਵਿਚ ਹਲਕਾ ਚਮਕੌਰ ਸਾਹਿਬ ਤੋਂ ਆਜ਼ਾਦ ਵਿਧਾਇਕ ਬਣੇ। ਇਸ ਤੋਂ ਬਾਅਦ ਚੰਨੀ 2012 ਅਤੇ 2017 ਵਿਚ ਕਾਂਗਰਸ ਦੀ ਟਿਕਟ ’ਤੇ ਵਿਧਇਕ ਬਣੇ। ਚਰਨਜੀਤ ਸਿੰਘ ਚੰਨੀ 2021 ਵਿਚ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਹਨ।
2.ਰਾਜਾ ਵੜਿੰਗ
ਅਮਰਿੰਦਰ ਸਿੰਘ ਰਾਜਾ ਵੜਿੰਗ ਵਿਦਿਆਰਥੀ ਰਾਜਨੀਤੀ ਨਾਲ ਜੁੜੇ ਹੋਏ ਸਨ। 2012 ਵਿਚ ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ। 2014 ਵਿਚ ਉਹ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਬਣੇ। ਰਾਜਾ ਵੜਿੰਗ 2017 ਵਿਚ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਬਣੇ। 2021 ਵਿਚ ਉਹਨਾਂ ਨੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਦਾ ਅਹੁਦਾ ਸੰਭਾਲਿਆ ਹੈ।
3. ਸੁਖਬੀਰ ਸਿੰਘ ਬਾਦਲ
ਸੁਖਬੀਰ ਬਾਦਲ 2004 ਵਿਚ ਸੰਸਦ ਮੈਂਬਰ ਬਣੇ। ਇਸ ਤੋਂ ਬਾਅਦ 2008 ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ। 2009 ਤੋਂ 2017 ਤੱਕ ਸੁਖਬੀਰ ਬਾਦਲੇ ਪੰਜਾਬ ਦੇ ਉੱਪ ਮੁੱਖ ਮੰਤਰੀ ਰਹੇ। ਸੁਖਬੀਰ ਸਿੰਘ ਬਾਦਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ। ਦੱਸ ਦੇਈਏ ਕਿ ਸੁਖਬੀਰ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।
4. ਮਨੀਸ਼ ਤਿਵਾੜੀ
ਮਨੀਸ਼ ਤਿਵਾੜੀ 1981 ਵਿਚ ਐਨਐਸਯੂਆਈ ਤੋਂ ਸਿਆਸਤ ਵਿਚ ਆਏ। 1989 ਵਿਚ ਉਹ ਰਾਸ਼ਟਰੀ ਸੰਘ ਦੇ ਪ੍ਰਧਾਨ ਬਣੇ। 2009 ਵਿਚ ਮਨੀਸ਼ ਤਿਵਾੜੀ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਣੇ। 2009 ਤੋਂ 2014 ਤੱਕ ਸੰਸਦ ਮੈਂਬਰ ਰਹੇ ਅਤੇ 2012 ਵਿਚ ਕੇਂਦਰੀ ਮੰਤਰੀ ਬਣੇ। ਮੌਜੂਦਾ ਸਮੇਂ ਵਿਚ ਮਨੀਸ਼ ਤਿਵਾੜੀ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਹਨ।
5. ਪਰਮਿੰਦਰ ਸਿੰਘ ਢੀਂਡਸਾ
ਪਰਮਿੰਦਰ ਸਿੰਘ ਢੀਂਡਸਾ 1998 ਵਿਚ ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਬਣੇ ਸਨ। 2002 ਤੋਂ 2012 ਤੱਕ ਉਹ ਵਿਧਾਇਕ ਰਹੇ। 2007 ਅਤੇ 2012 ਵਿਚ ਪਰਮਿੰਦਰ ਸਿੰਘ ਢੀਂਡਸਾ ਕੈਬਨਿਟ ਮੰਤਰੀ ਰਹੇ। ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਦਿੱਗਜ਼ ਅਕਾਲੀ ਆਗੂ ਹਨ, ਜੋ 2022 ਵਿਚ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਗਠਜੋੜ ਨਾਲ ਮਿਲ ਕੇ ਚੋਣਾਂ ਲੜਨ ਜਾ ਰਹੇ ਹਨ।
6.ਸੁਖਵਿੰਦਰ ਸਿੰਘ ਡੈਨੀ
ਸੁਖਵਿੰਦਰ ਸਿੰਘ ਡੈਨੀ 2005 ਤੋਂ 2014 ਤੱਕ ਯੂਥ ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਬਣੇ। ਉਹ 2017 ਵਿਚ ਪਹਿਲੀ ਵਾਰ ਵਿਧਾਇਕ ਬਣੇ। ਸੁਖਵਿੰਦਰ ਸਿੰਘ ਡੈਨੀ ਹੁਣ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਨ। ਸੁਖਵਿੰਦਰ ਡੈਨੀ ਦੇ ਪਿਤਾ ਸਾਬਕਾ ਕੈਬਨਿਟ ਮੰਤਰੀ ਹਨ।
7. ਵਿਜੇ ਇੰਦਰ ਸਿੰਗਲਾ
ਵਿਜੇ ਇੰਦਰ ਸਿੰਗਲਾ ਨੇ ਵੀ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂਆਤ ਕੀਤੀ। ਸਿੰਗਲਾ 2002 ਤੋਂ 2004 ਤੱਕ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਹੇ। ਇਸ ਤੋਂ ਬਾਅਦ ਉਹ 2009 ਤੋਂ 2014 ਤੱਕ ਸੰਸਦ ਮੈਂਬਰ ਬਣੇ। 2017 ਵਿਚ ਵਿਧਾਇਕ ਚੁਣੇ ਜਾਣ ਤੋਂ ਬਾਅਦ ਸਿੰਗਲਾ ਪੰਜਾਬ ਕੈਬਨਿਟ ਵਿਚ ਮੰਤਰੀ ਬਣੇ।