
ਉਹਨਾਂ ਕਿਹਾ ਕਿ ਪਿਛਲੇ 150 ਦਿਨਾਂ ਦੇ ਸ਼ਾਸਨ 'ਚ 'ਆਪ' ਸਰਕਾਰ ਨੇ ਸਿਰਫ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਨੂੰ ਚਲਾਉਣ 'ਚ ਅਸਮਰਥ ਹੈ।
ਚੰਡੀਗੜ੍ਹ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿਚ ‘ਆਪ’ ਸਰਕਾਰ ਨੇ ਪੂਰੀ ਤਰ੍ਹਾਂ ਅਰਾਜਕਤਾ ਪੈਦਾ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਸਰਕਾਰੀ ਅਧਿਕਾਰੀਆਂ ਅਤੇ ਲੋਕਾਂ 'ਤੇ ਹਮਲਾ ਕਰਨ ਦੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ।ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਮੰਤਰੀਆਂ 'ਤੇ ਸ਼ਿਕੰਜਾ ਕੱਸਣ ਦੇ ਸਮਰੱਥ ਨਹੀਂ ਹਨ ਅਤੇ ਵਿਧਾਇਕ ਉਹਨਾਂ ਨੂੰ ਆਪਣਾ ਨੇਤਾ ਨਹੀਂ ਮੰਨਦੇ। ਮੰਤਰੀਆਂ ਅਤੇ ਵਿਧਾਇਕਾਂ ਦੇ ਇਸ ਰਵੱਈਏ ਨੇ ਜਿੱਥੇ ਅਧਿਕਾਰੀਆਂ ਦਾ ਮਨੋਬਲ ਤੋੜਿਆ ਹੈ, ਉੱਥੇ ਹੀ ਧਰਤੀ ਦਾ ਰੱਬ ਕਹਾਉਣ ਵਾਲੇ ਡਾਕਟਰਾਂ ਨੂੰ ਵੀ ਨਿਰਾਸ਼ ਕੀਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰੁਣ ਚੁੱਘ ਨੇ ਦੱਸਿਆ ਕਿ ਵੀਰਵਾਰ ਨੂੰ ਅੰਮ੍ਰਿਤਸਰ ਦੇ ਮਾਨਵਾਲਾ ਨੇੜੇ ਇਕ ਟਰੱਕ ਡਰਾਈਵਰ ’ਤੇ ਆਮ ਪਾਰਟੀ ਦੇ ਆਗੂ, ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ (ਜਿਸ ਨੇ ਅਨੁਸ਼ਾਸਨ ਲਾਗੂ ਕਰਨਾ ਹੈ) ਦੇ ਸੁਰੱਖਿਆ ਅਮਲੇ ਵੱਲੋਂ ਹਮਲਾ ਕਰਨਾ ਸਰਕਾਰ ਦੇ ਕੰਮਕਾਜ 'ਤੇ ਸਵਾਲ ਖੜ੍ਹੇ ਕਰਦਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਸਰਕਾਰ ਦੇ ਕਿਸੇ ਮੰਤਰੀ ਜਾਂ ਵਿਧਾਇਕ ਨੇ ਪ੍ਰਸ਼ਾਸਨਿਕ ਅਨਪੜ੍ਹਤਾ ਦਿਖਾਈ ਹੋਵੇ, ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ।
ਉਹਨਾਂ ਕਿਹਾ ਕਿ ਪਿਛਲੇ 150 ਦਿਨਾਂ ਦੇ ਸ਼ਾਸਨ 'ਚ 'ਆਪ' ਸਰਕਾਰ ਨੇ ਸਿਰਫ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਨੂੰ ਚਲਾਉਣ 'ਚ ਅਸਮਰਥ ਹੈ। ਉਹਨਾਂ ਕਿਹਾ, “ਹਰ ਰੋਜ਼ ‘ਆਪ’ ਆਗੂ ਸੂਬੇ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਅਧਿਕਾਰੀਆਂ ਦਾ ਅਪਮਾਨ ਕਰ ਰਹੇ ਹਨ ਅਤੇ ਜਨਤਕ ਜੀਵਨ ਵਿਚ ਉਹਨਾਂ ਦੇ ਗੈਰ-ਜ਼ਿੰਮੇਵਾਰਾਨਾ ਵਤੀਰੇ ਦਾ ਪ੍ਰਦਰਸ਼ਨ ਕਰ ਰਹੇ ਹਨ। 'ਆਪ' ਸਰਕਾਰ ਨੇ ਪੰਜਾਬ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸਰਕਾਰ ਦੇ ਮੰਤਰੀ ਅਤੇ ਵਿਧਾਇਕ ਪੰਜਾਬੀਆਂ ਦੇ ਸਵੈਮਾਨ ਨੂੰ ਠੇਸ ਪਹੁੰਚਾ ਰਹੇ ਹਨ। ਅਸਲੀਅਤ ਇਹ ਹੈ ਕਿ 50 ਤੋਂ ਵੱਧ ਡਾਕਟਰਾਂ ਨੇ ਆਪਣੇ ਅਸਤੀਫੇ ਦੇ ਦਿੱਤੇ ਹਨ। ਇਹ ਡਾਕਟਰ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਕੰਮ ਨਹੀਂ ਕਰਨਾ ਚਾਹੁੰਦੇ। ਚੁੱਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੀ ਕੱਟੜਪੰਥੀ ਅਤੇ ਹੰਕਾਰੀ ਕਾਰਜਪ੍ਰਣਾਲੀ ਨੇ ਸੀਨੀਅਰ ਅਧਿਕਾਰੀਆਂ ਅਤੇ ਡਾਕਟਰਾਂ ਦਾ ਮਨੋਬਲ ਢਹਿ ਢੇਰੀ ਕਰ ਦਿੱਤਾ ਹੈ।