
ਅਹੁਦੇ ਵੀ ਲੈਣੇ ਹਨ ਪਾਰਟੀ ਹਾਈਕਮਾਨ ਦੀ ਗੱਲ ਵੀ ਨਹੀਂ ਮੰਨੀ
ਮੁਹਾਲੀ: ਭਾਵੇਂ ਕੌਮੀ ਪੱਧਰ ’ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਨੂੰ ਲੈ ਕੇ ਹਾਈਕਮਾਂਡ ਪੱਧਰ ’ਤੇ ਸਹਿਮਤੀ ਬਣ ਗਈ ਹੈ ਪਰ ਪੰਜਾਬ ’ਚ ਆਗੂ ਹਾਲੇ ਵੀ ਵੱਖੋ-ਵੱਖਰੇ ਬਿਆਨ ਦੇ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ 'ਚ 'ਆਪ' ਨਾਲ ਗਠਜੋੜ ਤੋਂ ਇਨਕਾਰ ਕਰ ਦਿਤਾ ਹੈ। ਜਦੋਂਕਿ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗਠਜੋੜ ਸਬੰਧੀ ਹਾਈਕਮਾਂਡ ਦੇ ਫੈਸਲੇ ਦਾ ਸਮਰਥਨ ਕੀਤਾ ਸੀ। ਹੁਣ ਇਸ ਮਾਮਲੇ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਬਿਆਨ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ, ਚੰਡੀਗੜ੍ਹ 'ਚੋਂ ਹਰ ਮਹੀਨੇ ਚੋਰੀ ਹੁੰਦੇ ਹਨ ਕਰੋੜਾਂ ਦੇ ਮੋਬਾਇਲ,ਪੜ੍ਹੋ ਪੂਰੀ ਖਬਰ
ਬਿੱਟੂ ਨੇ ਕਿਹਾ ਕਿ ਜੇਕਰ ਕੋਈ ਕਾਂਗਰਸ ਹਾਈਕਮਾਂਡ ਦੇ ਫੈਸਲੇ ਨਾਲ ਅਸਹਿਮਤ ਹੈ ਤਾਂ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇੱਕ ਪਾਸੇ ਸਿਆਸਤਦਾਨ ਪਾਰਟੀ ਅਹੁਦੇ ਦਾ ਆਨੰਦ ਮਾਣ ਰਹੇ ਹਨ ਅਤੇ ਦੂਜੇ ਪਾਸੇ ਗਠਜੋੜਾਂ ਦਾ ਵਿਰੋਧ ਕਰ ਰਹੇ ਹਨ। ਬਿੱਟੂ ਨੇ ਕਿਹਾ ਕਿ ਜੇ ਅੱਜ ਉਹ ਸੰਸਦ ਮੈਂਬਰ ਹਨ ਤਾਂ ਪਾਰਟੀ ਦੀ ਟਿਕਟ ਅਤੇ ਨਿਸ਼ਾਨ ’ਤੇ ਜਿੱਤ ਕੇ ਹੀ ਐਮ.ਪੀ. ਬਣੇ ਹਨ ਅਤੇ ਗੱਲਾਂ ਤਾਂ ਦੋ ਹੀ ਹੋ ਸਕਦੀਆਂ ਹਨ ਕਿ ਜਾਂ ਤਾਂ ਪਾਰਟੀ ਦਾ ਫ਼ੈਸਲਾ ਮੰਨਣਾ ਪੈਂਦਾ ਹੈ ਜਾਂ ਫ਼ਿਰ ਨਹੀਂ ਮੰਨਣਾ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਸਹੁਰਾ ਪ੍ਰਵਾਰ ਤੋਂ ਦੁਖੀ ਹੋ ਕੇ ਮਹਿਲਾ ਵਕੀਲ ਨੇ ਕੀਤੀ ਖ਼ੁਦਕੁਸ਼ੀ
ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇ ਕਿਸੇ ਨੂੰ ਪਾਰਟੀ ਹਾਈਕਮਾਨ ਦਾ ਗਠਜੋੜ ਵਾਲਾ ਫ਼ੈਸਲਾ ਪਸੰਦ ਨਹੀਂ ਤਾਂ ਉਸਨੂੰ ਬਾਹਰ ਗੱਲਾਂ ਕਰਨ ਦੀ ਬਜਾਏ ਆਪਣੀ ਪਾਰਟੀ ਦੇ ਅੰਦਰ ਗੱਲ ਕਰਨੀ ਚਾਹੀਦੀ ਹੈ ਅਤੇ ਜੇ ਉਸ ਦਾ ਵਿਚਾਰ ਵੱਖਰਾ ਹੈ ਤਾਂ ਉਸਨੂੰ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਪਣਾ ਵੱਖਰਾ ਰਾਹ ਅਲੱਗ ਕਰਨਾ ਚਾਹੀਦਾ ਹੈ।
ਉਹਨਾਂ ਸੁਆਲ ਉਠਾਇਆ ਕਿ ਇਸੇ ਪਾਰਟੀ ਵਿੱਚ ਐਮ.ਪੀ., ਐਮ.ਐਲ.ਏ. ਵੀ ਰਹਿਣਾ, ਵੱਡੇ ਅਹੁਦੇ ਵੀ ਲੈਣੇ ਪਰ ਪਾਰਟੀ ਦਾ ਫ਼ੈਸਲਾ ਨਹੀਂ ਮੰਨਣਾ, ਇਹ ਕਿਵੇਂ ਹੋ ਸਕਦਾ ਹੈ?