ਅੰਬੇਦਕਰ ਦੀ ਜੈਯੰਤੀ ਮੌਕੇ ਭਾਜਪਾ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਰੱਜ ਕੇ ਹੋਈ ਸਿਆਸੀ ਤੁਹਮਤਬਾਜ਼ੀ
Published : Apr 14, 2025, 10:36 pm IST
Updated : Apr 14, 2025, 10:37 pm IST
SHARE ARTICLE
New Delhi: Prime Minister Narendra Modi with Union Minister JP Nadda, Congress President Mallikarjun Kharge, and party leader Sonia Gandhi during a ceremony to pay tribute to BR Ambedkar on his birth anniversary, in New Delhi, Monday, April 14, 2025. (PTI Photo/Arun Sharma)
New Delhi: Prime Minister Narendra Modi with Union Minister JP Nadda, Congress President Mallikarjun Kharge, and party leader Sonia Gandhi during a ceremony to pay tribute to BR Ambedkar on his birth anniversary, in New Delhi, Monday, April 14, 2025. (PTI Photo/Arun Sharma)

ਕਾਂਗਰਸ ਨੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ, ਹੋਰ ਪਿਛੜੇ ਵਰਗਾਂ ਨੂੰ ‘ਦੂਜੇ ਦਰਜੇ ਦੇ ਨਾਗਰਿਕ’ ਬਣਾ ਦਿਤਾ : ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ/ਯਮੁਨਾਨਗਰ/ਹਿਸਾਰ : ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਦੇ ਜਨਮ ਦਿਹਾੜੇ ਮੌਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਨੇ ਦੇਸ਼ ਭਰ ’ਚ ਵੱਖੋ-ਵੱਖ ਪ੍ਰੋਗਰਾਮ ਕੀਤੇ ਅਤੇ ਭਖਵੇਂ ਭਾਸ਼ਣ ਦਿਤੇ। 

ਖ਼ੁਦ ਨੂੰ ਉਨ੍ਹਾਂ ਨਾਲ ਨੇੜਿਉਂ ਜੋੜਨ ਦੀ ਮੁਹਿੰਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਅਗਵਾਈ ਕੀਤੀ। ਵਕਫ (ਸੋਧ) ਕਾਨੂੰਨ ਨੂੰ ਲੈ ਕੇ ਸਿਆਸੀ ਗਰਮੀ ਦੇ ਵਿਚਕਾਰ ਮੋਦੀ ਨੇ ਇਸ ਕਾਨੂੰਨ ਦਾ ਵਿਰੋਧ ਕਰ ਰਹੀ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ’ਤੇ ਅੰਬੇਦਕਰ ਵਲੋਂ ਅਪਣਾਈਆਂ ਸੰਵਿਧਾਨਕ ਕਦਰਾਂ-ਕੀਮਤਾਂ ਤੋਂ ਉੱਪਰ 2013 ਵਿਚ ਸੋਧਿਆ ਗਿਆ ਵਕਫ ਕਾਨੂੰਨ ਬਣਾ ਕੇ ਸੰਵਿਧਾਨ ਨੂੰ ਤਬਾਹ ਕਰਨ ਦਾ ਦੋਸ਼ ਲਾਇਆ। 

ਅੰਬੇਦਕਰ ਦੇ ਆਦਰਸ਼ਾਂ ਪ੍ਰਤੀ ਅਪਣੀ ਸਰਕਾਰ ਦੀ ਵਚਨਬੱਧਤਾ ਦਾ ਸਮਰਥਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਈ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਲਈ ਹਰਿਆਣਾ ਦਾ ਦੌਰਾ ਕੀਤਾ, ਜਦਕਿ ਦੇਸ਼ ਭਰ ਵਿਚ ਉਨ੍ਹਾਂ ਦੀ ਪਾਰਟੀ ਨੇ ਦਲਿਤਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਸੰਵਿਧਾਨ ਦੇ ਨਿਰਮਾਤਾ ਨੂੰ ਯਾਦ ਕਰਨ ਲਈ ਇਕ ਨਵੀਂ ਮੁਹਿੰਮ ਦੀ ਅਗਵਾਈ ਕੀਤੀ। ਦਲਿਤ ਦੇਸ਼ ਭਰ ਵਿਚ ਇਕ ਅਹਿਮ ਵੋਟਿੰਗ ਸਮੂਹ ਹਨ ਅਤੇ ਅੰਬੇਦਕਰ ਦਾ ਸਤਿਕਾਰ ਕਰਦੇ ਹਨ।

ਹਿਸਾਰ ਦੇ ਮਹਾਰਾਜਾ ਅਗਰਸੇਨ ਹਵਾਈ ਅੱਡੇ ’ਤੇ ਨਵੀਂ ਟਰਮੀਨਲ ਇਮਾਰਤ ਦਾ ਨੀਂਹ ਪੱਥਰ ਰੱਖਣ ਅਤੇ ਅਯੁੱਧਿਆ ਲਈ ਵਪਾਰਕ ਉਡਾਣ ਨੂੰ ਹਰੀ ਝੰਡੀ ਵਿਖਾਉਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ 2013 ’ਚ ਵਕਫ ਕਾਨੂੰਨ ’ਚ ਕਾਂਗਰਸ ਵਲੋਂ ਕੀਤੀਆਂ ਗਈਆਂ ਤਬਦੀਲੀਆਂ ਨੂੰ ਲੈ ਕੇ ਕਾਂਗਰਸ ’ਤੇ ਹਮਲਾ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਨੇ ਧਰਮ ਦੇ ਅਧਾਰ ’ਤੇ ਰਾਖਵਾਂਕਰਨ ਨਾ ਹੋਣ ਦੀ ਵਕਾਲਤ ਕੀਤੀ ਸੀ ਅਤੇ ਸੰਵਿਧਾਨ ਵੀ ਇਸ ’ਤੇ ਰੋਕ ਲਗਾਉਂਦਾ ਹੈ, ਪਰ ਕਰਨਾਟਕ ਦੀ ਕਾਂਗਰਸ ਸਰਕਾਰ ਨੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਓ.ਬੀ.ਸੀ. ਦੇ ਅਧਿਕਾਰਾਂ ਨੂੰ ਖੋਹ ਕੇ ਧਰਮ ਦੇ ਅਧਾਰ ’ਤੇ ਟੈਂਡਰਾਂ ’ਚ ਰਾਖਵਾਂਕਰਨ ਦਿਤਾ। 

ਮੋਦੀ ਨੇ ਕਿਹਾ ਕਿ ਕਾਂਗਰਸ ਦੀ ਤੁਸ਼ਟੀਕਰਨ ਦੀ ਨੀਤੀ ਦਾ ਸੱਭ ਤੋਂ ਵੱਡਾ ਸਬੂਤ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਵਕਫ ਕਾਨੂੰਨ ’ਚ ਕੀਤੀਆਂ ਗਈਆਂ ਸੋਧਾਂ ਹਨ। ਉਨ੍ਹਾਂ ਕਿਹਾ, ‘‘ਆਜ਼ਾਦੀ ਤੋਂ ਲੈ ਕੇ 2013 ਤਕ ਵਕਫ ਕਾਨੂੰਨ ਸੀ। ਪਰ ਚੋਣਾਂ ਜਿੱਤਣ ਅਤੇ ਤੁਸ਼ਟੀਕਰਨ ਅਤੇ ਵੋਟ ਬੈਂਕ ਦੀ ਸਿਆਸਤ ਕਰਨ ਲਈ ਕਾਂਗਰਸ ਨੇ 2013 ਦੇ ਅਖੀਰ ਵਿਚ ਵਕਫ ਕਾਨੂੰਨ ਵਿਚ ਸੋਧ ਕੀਤੀ ਤਾਂ ਜੋ ਉਹ ਚੋਣਾਂ ਵਿਚ (ਕੁੱਝ ਮਹੀਨੇ ਬਾਅਦ 2014 ਵਿਚ) ਵੋਟਾਂ ਪ੍ਰਾਪਤ ਕਰ ਸਕੇ।’’ ਮੋਦੀ ਨੇ ਕਿਹਾ ਕਿ ਕਾਂਗਰਸ ਵਲੋਂ ਕੀਤੇ ਗਏ ਬਦਲਾਅ ਬਾਬਾ ਸਾਹਿਬ ਦਾ ਸੱਭ ਤੋਂ ਵੱਡਾ ਅਪਮਾਨ ਹਨ ਕਿਉਂਕਿ ਉਨ੍ਹਾਂ ਨੇ ਅੰਬੇਦਕਰ ਦੇ ਬਣਾਏ ਸੰਵਿਧਾਨ ਦੀ ਉਲੰਘਣਾ ਕੀਤੀ ਹੈ। 

ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅੰਬੇਡਕਰ ਵਲੋਂ ਬਣਾਏ ਸੰਵਿਧਾਨ ਨੂੰ ਤਬਾਹ ਕਰਨ ਵਾਲੀ ਬਣ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਇਹ ਵੀ ਦੋਸ਼ ਲਾਇਆ ਕਿ ਪਾਰਟੀ ਨੇ ਸੱਤਾ ’ਚ ਰਹਿੰਦਿਆਂ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪਿਛੜੇ ਵਰਗਾਂ ਨੂੰ ‘ਦੂਜੇ ਦਰਜੇ ਦੇ ਨਾਗਰਿਕ’ ਬਣਾ ਦਿਤਾ ਸੀ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਸੰਵਿਧਾਨ ’ਚ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਿਛੜੇ ਵਰਗਾਂ ਲਈ ਰਾਖਵਾਂਕਰਨ ਦਾ ਪ੍ਰਬੰਧ ਹੈ ਪਰ ਕਾਂਗਰਸ ਨੇ ਕਦੇ ਉਨ੍ਹਾਂ ਦੀ ਪਰਵਾਹ ਨਹੀਂ ਕੀਤੀ। 

ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਸਾਲਾਂ ਦੇ ਸ਼ਾਸਨ ਦੌਰਾਨ ਪਾਰਟੀ ਦੇ ਨੇਤਾਵਾਂ ਦੇ ਸਵੀਮਿੰਗ ਪੂਲ ਤਕ ਪਾਣੀ ਪਹੁੰਚਦਾ ਸੀ ਪਰ ਪਿੰਡਾਂ ਤਕ ਟੂਟੀ ਦਾ ਪਾਣੀ ਨਹੀਂ ਪਹੁੰਚਦਾ ਸੀ, ਜਿਸ ਨਾਲ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਿਛੜੇ ਵਰਗਾਂ ਦੇ ਲੋਕ ਪ੍ਰਭਾਵਤ ਹੋਏ ਸਨ। ਉਨ੍ਹਾਂ ਕਿਹਾ, ‘‘ਪਿਛਲੇ 6-7 ਸਾਲਾਂ ’ਚ ਸਾਡੀ ਸਰਕਾਰ ਨੇ 12 ਕਰੋੜ ਤੋਂ ਵੱਧ ਪੇਂਡੂ ਘਰਾਂ ਨੂੰ ਨਲ ਦੇ ਪਾਣੀ ਦੇ ਕੁਨੈਕਸ਼ਨ ਦਿਤੇ ਹਨ। ਹੁਣ 80 ਫੀ ਸਦੀ ਘਰਾਂ ਨੂੰ ਟੂਟੀ ਦਾ ਪਾਣੀ ਮਿਲ ਰਿਹਾ ਹੈ ਅਤੇ ਅਸੀਂ ਇਸ ਨੂੰ ਬਾਕੀ ਸਾਰੇ ਘਰਾਂ ਤਕ ਪਹੁੰਚਾਉਣ ਲਈ ਵਚਨਬੱਧ ਹਾਂ।’’ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 11 ਕਰੋੜ ਪਖਾਨੇ ਬਣਾਏ ਹਨ ਅਤੇ ਕਿਹਾ ਕਿ ਪਹਿਲਾਂ ਪਖਾਨੇ ਦੀ ਘਾਟ ਕਾਰਨ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਿਛੜੇ ਵਰਗਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। 

ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਸਰਕਾਰ ਵੇਲੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਬੈਂਕ ਵੀ ਖੁੱਲ੍ਹੇ ਨਹੀਂ ਸਨ ਅਤੇ ਬੀਮਾ ਅਤੇ ਕਰਜ਼ੇ ਲੈਣਾ ਉਨ੍ਹਾਂ ਲਈ ਸੁਪਨਾ ਵਰਗਾ ਸੀ। ਉਨ੍ਹਾਂ ਕਿਹਾ ਕਿ ਜਦੋਂ ਬਾਬਾ ਸਾਹਿਬ ਜਿਉਂਦੇ ਸਨ ਤਾਂ ਕਾਂਗਰਸ ਨੇ ਉਨ੍ਹਾਂ ਦਾ ਅਪਮਾਨ ਕੀਤਾ ਅਤੇ ਉਹ ਦੋ ਵਾਰ ਚੋਣਾਂ ’ਚ ਹਾਰ ਗਏ। ਉਸ ਸਮੇਂ ਦੀ ਕਾਂਗਰਸ ਸਰਕਾਰ ਉਨ੍ਹਾਂ ਨੂੰ ਬਾਹਰ ਕਢਣਾ ਚਾਹੁੰਦੀ ਸੀ। 

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਸਟਮ ਤੋਂ ਬਾਹਰ ਰੱਖਣ ਦੀ ਸਾਜ਼ਸ਼ ਰਚੀ ਗਈ ਸੀ। ਜਦੋਂ ਅੰਬੇਡਕਰ ਨਹੀਂ ਰਹੇ ਤਾਂ ਕਾਂਗਰਸ ਨੇ ਉਨ੍ਹਾਂ ਦੀਆਂ ਯਾਦਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ। ਉਹ ਅਪਣੇ ਵਿਚਾਰਾਂ ਨੂੰ ਖਤਮ ਕਰਨਾ ਚਾਹੁੰਦੀ ਸੀ, ‘‘ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੂੰ ਮੁੰਬਈ ਦੀ ਇੰਦੂ ਮਿੱਲ ’ਚ ਅੰਬੇਡਕਰ ਦੀ ਯਾਦਗਾਰ ਸਥਾਪਤ ਕਰਨ ਲਈ ਸੰਘਰਸ਼ ਕਰਨਾ ਪਿਆ।’’ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅੰਬੇਡਕਰ ਦੇ ਜੀਵਨ ਨਾਲ ਜੁੜੇ ਸਥਾਨਾਂ ਨੂੰ ‘ਪੰਚ ਤੀਰਥ’ ਵਜੋਂ ਵਿਕਸਤ ਕੀਤਾ ਹੈ। 

ਮੋਦੀ ਨੇ ਦੋਸ਼ ਲਾਇਆ, ‘‘ਜਦੋਂ ਵੀ ਕਾਂਗਰਸ ਦੀ ਸਰਕਾਰ ਨੂੰ ਖਤਰਾ ਹੁੰਦਾ ਹੈ ਤਾਂ ਉਸ ਨੇ ਸੰਵਿਧਾਨ ਨੂੰ ਕੁਚਲ ਦਿਤਾ।’’ ਮੋਦੀ ਨੇ ਅਪਣੇ ਦਾਅਵੇ ਨੂੰ ਮਜ਼ਬੂਤ ਕਰਨ ਲਈ 1975-77 ਦੀ ਐਮਰਜੈਂਸੀ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਸੰਵਿਧਾਨ ਦੀ ਭਾਵਨਾ ਇਕਸਸਮਾਨ ਸਿਵਲ ਕੋਡ ਹੋਣਾ ਹੈ, ਜਿਸ ਨੂੰ ਮੈਂ ਧਰਮ ਨਿਰਪੱਖ ਸਿਵਲ ਕੋਡ ਕਹਿੰਦਾ ਹਾਂ। ਪਰ ਕਾਂਗਰਸ ਨੇ ਇਸ ਨੂੰ ਕਦੇ ਲਾਗੂ ਨਹੀਂ ਕੀਤਾ।’’ 

ਮੋਦੀ ਸਰਕਾਰ ਸਿਰਫ਼ ਅੰਬੇਦਕਰ ਦੇ ਨਾਂ ’ਤੇ ਬਿਆਨਬਾਜ਼ੀ ਕਰਦੀ ਹੈ, ਭਾਜਪਾ-ਆਰ.ਐਸ.ਐਸ. ਨੂੰ ਅੰਬੇਦਕਰ ਦੇ ਦੁਸ਼ਮਣ: ਖੜਗੇ 

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਮੋਦੀ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਡਾ. ਬੀ.ਆਰ. ਅੰਬੇਦਕਰ ਦੀ ਵਿਰਾਸਤ ਬਾਰੇ ਸਿਰਫ ਚੰਗੀਆਂ-ਚੰਗੀਆਂ ਗੱਲਾਂ ਕਰ ਰਹੀ ਹੈ ਪਰ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਕੁੱਝ ਨਹੀਂ ਕਰ ਰਹੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ)-ਆਰ.ਐਸ.ਐਸ. ਸੰਵਿਧਾਨ ਨਿਰਮਾਤਾ ਦੇ ਦੁਸ਼ਮਣ ਹਨ।

ਅੰਬੇਦਕਰ ਨਾਲ ਕਾਂਗਰਸ ਦੇ ਵਿਵਹਾਰ ਦੀ ਆਲੋਚਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਖੜਗੇ ਨੇ ਅੰਬੇਦਕਰ ਦੀ ਇਕ ਚਿੱਠੀ ਦਾ ਹਵਾਲਾ ਦਿਤਾ ਜਿਸ ਵਿਚ ਉਨ੍ਹਾਂ ਨੇ 1952 ਦੀਆਂ ਚੋਣਾਂ ਵਿਚ ਅਪਣੀ ਹਾਰ ਲਈ ਐਸ.ਏ. ਡਾਂਗੇ ਅਤੇ ਵੀ.ਡੀ. ਸਾਵਰਕਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। 

ਅੰਬੇਦਕਰ ਦੀ ਜਯੰਤੀ ਦੇ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੜਗੇ ਨੇ ਦੇਸ਼ ਵਿਆਪੀ ਜਾਤੀ ਮਰਦਮਸ਼ੁਮਾਰੀ ਦੇ ਨਾਲ-ਨਾਲ ਨਿੱਜੀ ਵਿਦਿਅਕ ਸੰਸਥਾਵਾਂ ’ਚ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਿਛੜੇ ਵਰਗਾਂ ਲਈ ਰਾਖਵਾਂਕਰਨ ਲਾਗੂ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿਤਾ। ਉਨ੍ਹਾਂ ਕਿਹਾ ਕਿ ਸੰਵਿਧਾਨ ਅੰਬੇਦਕਰ ਵਲੋਂ ਨਾਗਰਿਕਾਂ ਨੂੰ ਤੋਹਫ਼ਾ ਹੈ ਕਿਉਂਕਿ ਇਹ ਉਨ੍ਹਾਂ ਨੂੰ ਸਮਾਜਕ, ਆਰਥਕ ਅਤੇ ਸਿਆਸੀ ਨਿਆਂ ਦਾ ਅਧਿਕਾਰ ਦਿੰਦਾ ਹੈ। 

ਉਨ੍ਹਾਂ ਕਿਹਾ, ‘‘ਅਸੀਂ ਏ.ਆਈ.ਸੀ.ਸੀ. ਸੈਸ਼ਨ ’ਚ ਸਮਾਜਕ ਨਿਆਂ ਦੇ ਵਿਚਾਰਾਂ ਨੂੰ ਅੱਗੇ ਵਧਾਇਆ।’’ ਖੜਗੇ ਨੇ ਕਿਹਾ ਕਿ ਕਾਂਗਰਸ ਪੰਜ ਮੁੱਦਿਆਂ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜਿਨ੍ਹਾਂ ਲਈ ਉਹ ਕੋਸ਼ਿਸ਼ ਕਰ ਰਹੀ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿਆਪੀ ਜਾਤੀ ਮਰਦਮਸ਼ੁਮਾਰੀ ਜ਼ਰੂਰੀ ਹੈ। 

ਉਨ੍ਹਾਂ ਕਿਹਾ, ‘‘ਕੇਂਦਰ 2011 ਦੀ ਮਰਦਮਸ਼ੁਮਾਰੀ ਦੇ ਅਧਾਰ ’ਤੇ ਨੀਤੀਆਂ ਬਣਾ ਰਿਹਾ ਹੈ ਅਤੇ 2021 ਦੀ ਮਰਦਮਸ਼ੁਮਾਰੀ ਬਾਰੇ ਕੁੱਝ ਵੀ ਪਤਾ ਨਹੀਂ ਹੈ ਜੋ ਹੋਣਾ ਸੀ। ਨੀਤੀਆਂ ਮਰਦਮਸ਼ੁਮਾਰੀ ਦੇ ਆਧਾਰ ’ਤੇ ਬਣਾਈਆਂ ਜਾਂਦੀਆਂ ਹਨ। ਅਸੀਂ ਮੰਗ ਕਰਦੇ ਹਾਂ ਕਿ ਆਮ ਮਰਦਮਸ਼ੁਮਾਰੀ ਦੇ ਨਾਲ-ਨਾਲ ਜਾਤ ਅਧਾਰਤ ਮਰਦਮਸ਼ੁਮਾਰੀ ਵੀ ਕਰਵਾਈ ਜਾਵੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿਹੜੇ ਵਰਗ ਨੇ ਕਿੰਨੀ ਤਰੱਕੀ ਕੀਤੀ ਹੈ।’’ ਹਾਲਾਂਕਿ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਜਾਤੀ ਗਣਨਾ ਕਰਵਾਉਣ ਲਈ ਤਿਆਰ ਨਹੀਂ ਹੈ। ਖੜਗੇ ਨੇ ਰਾਖਵਾਂਕਰਨ ’ਤੇ 50 ਫ਼ੀ ਸਦੀ ਦੀ ਹੱਦ ਨੂੰ ਹਟਾਉਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ। 

ਅੰਬੇਦਕਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਸਾਰੇ ਭਾਰਤੀਆਂ ਲਈ ਬਰਾਬਰ ਅਧਿਕਾਰ ਯਕੀਨੀ ਬਣਾਉਣ ’ਚ ਅੰਬੇਦਕਰ ਦੇ ਯੋਗਦਾਨ ’ਤੇ ਚਾਨਣਾ ਪਾਇਆ। ਰਾਹੁਲ ਗਾਂਧੀ ਨੇ ਕਿਹਾ, ‘‘ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ।’’

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਅੰਬੇਦਕਰ ਨੂੰ ਸ਼ਰਧਾਂਜਲੀ ਦਿਤੀ ਅਤੇ ਲੋਕਾਂ ਨੂੰ ਸੰਵਿਧਾਨ ਅਤੇ ਇਸ ਦੀਆਂ ਕਦਰਾਂ ਕੀਮਤਾਂ ਦੀ ਰੱਖਿਆ ਕਰਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਏ.ਆਈ.ਸੀ.ਸੀ. ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਵੀ ਅੰਬੇਦਕਰ ਨੂੰ ਸ਼ਰਧਾਂਜਲੀ ਦਿਤੀ ਅਤੇ ਸਮਾਜਕ ਨਿਆਂ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਪ੍ਰਤੀ ਕਾਂਗਰਸ ਦੀ ਵਚਨਬੱਧਤਾ ਦੁਹਰਾਈ। 

1891 ’ਚ ਇਕ ਦਲਿਤ ਪਰਵਾਰ ’ਚ ਜਨਮੇ ਅੰਬੇਦਕਰ ਇਕ ਹੁਸ਼ਿਆਰ ਵਿਦਿਆਰਥੀ ਸਨ ਜਿਨ੍ਹਾਂ ਨੇ ਵਿਦੇਸ਼ ’ਚ ਉੱਚ ਸਿੱਖਿਆ ਪ੍ਰਾਪਤ ਕੀਤੀ। ਭਾਰਤੀ ਸਮਾਜ ’ਚ ਉਸ ਨੂੰ ਜਿਸ ਭੇਦਭਾਵ ਦਾ ਸਾਹਮਣਾ ਕਰਨਾ ਪਿਆ, ਉਸ ਨੇ ਉਸਨੂੰ ਇਕ ਸਮਰਪਿਤ ਸਮਾਜ ਸੁਧਾਰਕ ’ਚ ਬਦਲ ਦਿਤਾ। ਉਸ ਨੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਵਜੋਂ ਸੇਵਾ ਨਿਭਾਈ ਅਤੇ 1956 ’ਚ ਉਸ ਦੀ ਮੌਤ ਹੋ ਗਈ।

ਭਾਜਪਾ ਜਾਂ ਕਾਂਗਰਸ ਹੇਠ ਪਛੜੀਆਂ ਸ਼੍ਰੇਣੀਆਂ ਦੀ ਸਥਿਤੀ ’ਚ ਕੋਈ ਬਦਲਾਅ ਨਹੀਂ ਹੋਇਆ : ਮਾਇਆਵਤੀ 

ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ’ਚ ਬਹੁਜਨਾਂ ਦੀ ਸਮਾਜਕ, ਆਰਥਕ ਅਤੇ ਸਿਆਸੀ ਸਥਿਤੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਸਨ ’ਚ ਓਨੀ ਹੀ ਤਰਸਯੋਗ ਹੈ, ਜਿੰਨੀ ਕਾਂਗਰਸ ਦੇ ਸ਼ਾਸਨ ਕਾਲ ’ਚ ਹੈ। 

ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ ਜਯੰਤੀ ਦੇ ਮੌਕੇ ’ਤੇ ਉਨ੍ਹਾਂ ਇਹ ਵੀ ਕਿਹਾ ਕਿ ਰਾਖਵਾਂਕਰਨ ਦੇ ਉਨ੍ਹਾਂ ਦੇ ਸੰਵਿਧਾਨਕ ਅਧਿਕਾਰ ’ਤੇ ਯੋਜਨਾਬੱਧ ਹਮਲੇ ਕਾਰਨ ਉਨ੍ਹਾਂ ਦੀ ਸਥਿਤੀ ਹੁਣ ‘ਚੰਗੇ ਦਿਨਾਂ’ ਦੀ ਬਜਾਏ ਬੁਰੇ ਦਿਨਾਂ ’ਚ ਬਦਲ ਰਹੀ ਹੈ, ਜੋ ਬਹੁਤ ਦੁਖਦਾਈ ਅਤੇ ਚਿੰਤਾਜਨਕ ਹੈ। 

ਮਾਇਆਵਤੀ ਨੇ ਕਿਹਾ, ‘‘ਅੱਜ ਅੰਬੇਦਕਰਵਾਦੀ ਪਾਰਟੀ ਬਸਪਾ ਦੀ ਅਗਵਾਈ ਹੇਠ ਸੰਵਿਧਾਨ ਨਿਰਮਾਤਾ ਭਾਰਤ ਰਤਨ ਬੋਧੀਸਤਵ, ਸੱਭ ਤੋਂ ਪੂਜਨੀਕ ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਨੂੰ ਉਨ੍ਹਾਂ ਦੀ ਜਯੰਤੀ ’ਤੇ ਦੇਸ਼ ਭਰ ’ਚ ਨਮਨ, ਹਾਰ ਅਤੇ ਸ਼ਰਧਾਂਜਲੀ ਦਿਤੀ ਗਈ, ਜਿਸ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।’’

ਮਾਇਆਵਤੀ ਨੇ ਕਿਹਾ ਕਿ ਦੇਸ਼ ਦੇ ਸਾਰੇ ਦਲਿਤਾਂ, ਆਦਿਵਾਸੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਹੋਰ ਅਣਗੌਲੇ ਲੋਕਾਂ ਨੂੰ ਸਹੀ ਅਰਥਾਂ ਵਿਚ ਮਿਸ਼ਨਰੀ ਅੰਬੇਦਕਰਵਾਦੀ ਬਣਨਾ ਪਵੇਗਾ ਕਿਉਂਕਿ ਉਨ੍ਹਾਂ ਦੀ ਆਪਸੀ ਏਕਤਾ ਅਤੇ ਸੱਤਾ ਦੀ ਮਾਸਟਰ ਕੁੰਜੀ ਦੀ ਪ੍ਰਾਪਤੀ ਨਾਲ ਹੀ ਉਹ ਜ਼ੁਲਮ ਅਤੇ ਬੇਇਨਸਾਫੀ ਆਦਿ ਤੋਂ ਆਜ਼ਾਦੀ ਪ੍ਰਾਪਤ ਕਰ ਸਕਦੇ ਹਨ ਅਤੇ ਹਾਕਮ ਜਮਾਤ ਬਣ ਸਕਦੇ ਹਨ। 

ਬਾਅਦ ’ਚ ਜਾਰੀ ਇਕ ਬਿਆਨ ’ਚ ਬਸਪਾ ਸੁਪਰੀਮੋ ਨੇ ਕਿਹਾ ਕਿ ਸਾਰੇ ਬਹੁਜਨਾਂ ਦੀਆਂ ਲੱਖਾਂ ਸਮੱਸਿਆਵਾਂ ਦਾ ਇਕੋ-ਇਕ ਇਲਾਜ ਉਨ੍ਹਾਂ ਦੀ ਆਪਸੀ ਏਕਤਾ ਅਤੇ ਵੋਟਾਂ ਰਾਹੀਂ ਸੱਤਾ ਦੀ ਮਾਸਟਰ ਕੁੰਜੀ ਹਾਸਲ ਕਰਨਾ ਹੈ। ਇਸ ਲਈ ਵਿਰੋਧੀਆਂ ਦੀਆਂ ਸਾਰੀਆਂ ਚਾਲਾਂ ਨੂੰ ਨਾਕਾਮ ਕਰਨਾ ਪਵੇਗਾ।

ਸੰਵਿਧਾਨ ਅੰਬੇਦਕਰ ਦਾ ਦੇਸ਼ ਨੂੰ ਤੋਹਫ਼ਾ : ਅਖਿਲੇਸ਼ ਯਾਦਵ 

ਲਖਨਊ : ਡਾ. ਭੀਮਰਾਓ ਅੰਬੇਦਕਰ ਦੀ ਜੈਯੰਤੀ ’ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਕਿਹਾ ਕਿ ਸੰਵਿਧਾਨ ਬਾਬਾ ਸਾਹਿਬ ਦਾ ਦੇਸ਼ ਨੂੰ ਤੋਹਫ਼ਾ ਹੈ ਅਤੇ ਜਦੋਂ ਤਕ ਇਹ ਸੁਰੱਖਿਅਤ ਰਹੇਗਾ, ਲੋਕਾਂ ਦੇ ਅਧਿਕਾਰ ਸੁਰੱਖਿਅਤ ਰਹਿਣਗੇ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ‘ਐਕਸ’ ’ਤੇ ਇਕ ਪੋਸਟ ’ਚ ਲੋਕਾਂ ਨੂੰ ਸੰਵਿਧਾਨ ਨੂੰ ਬਚਾਉਣ ਲਈ ‘ਪੀ.ਡੀ.ਏ.’ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋਣ ਦਾ ਸੱਦਾ ਦਿਤਾ। 

ਯਾਦਵ ਵਲੋਂ ਤਿਆਰ ਕੀਤਾ ਗਿਆ ‘ਪੀ.ਡੀ.ਏ.’ ਸੰਖੇਪ ਰੂਪ ‘ਪਿਛੜੇ’ (ਪੱਛੜੀਆਂ ਸ਼੍ਰੇਣੀਆਂ), ਦਲਿਤ ਅਤੇ ‘ਘੱਟਗਿਣਤੀ’ (ਘੱਟ ਗਿਣਤੀਆਂ) ਦੇ ਸੁਮੇਲ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਆਓ ਅਸੀਂ ਅਪਣੇ ਸਵੈ-ਮਾਣ ਦੀ ਭਾਵਨਾ ਨੂੰ ਮਜ਼ਬੂਤ ਕਰੀਏ ਅਤੇ ਸਮਾਜਕ ਨਿਆਂ ਦਾ ਰਾਜ ਸਥਾਪਤ ਕਰਨ ਲਈ ਇਕਜੁੱਟ ਹੋਈਏ ਅਤੇ ਬਾਬਾ ਸਾਹਿਬ ਦੇ ਤੋਹਫ਼ੇ ਅਤੇ ਵਿਰਾਸਤ ਸੰਵਿਧਾਨ ਅਤੇ ਰਾਖਵਾਂਕਰਨ ਨੂੰ ਬਚਾਉਣ ਲਈ ਪੀ.ਡੀ.ਏ. ਦੇ ਅੰਦੋਲਨ ਨੂੰ ਨਵੀਂ ਤਾਕਤ ਦੇਈਏ।’’    

ਅੰਬੇਦਕਰ ਨੇ ਅਪਣਾ ਜੀਵਨ ਹਿੰਦੂਆਂ ਨੂੰ ਇਕਜੁੱਟ ਕਰਨ ਲਈ ਸਮਰਪਤ ਕਰ ਦਿਤਾ : ਮੋਹਨ ਭਾਗਵਤ 

ਕਾਨਪੁਰ : ਰਾਸ਼ਟਰੀ ਸਵੈਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਹਿੰਦੂਆਂ ਨੂੰ ਇਕਜੁੱਟ ਕਰਨ ਲਈ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ ਭਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਚਪਨ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਹ ਸਮਾਜਕ ਸਦਭਾਵਨਾ ਅਤੇ ਕੌਮੀ ਵਿਕਾਸ ਲਈ ਵਚਨਬੱਧ ਰਹੇ।

ਕਾਨਪੁਰ ਦੇ ਕਰਾਵਲੋ ਨਗਰ ’ਚ ਨਵੇਂ ਬਣੇ ਆਰ.ਐੱਸ.ਐੱਸ. ਦੇ ਖੇਤਰੀ ਦਫਤਰ ‘ਕੇਸ਼ਵ ਭਵਨ’ ਦੇ ਉਦਘਾਟਨ ਮੌਕੇ ਭਾਗਵਤ ਨੇ ਕਿਹਾ, ‘‘ਬਾਬਾ ਸਾਹਿਬ ਨੂੰ ਅਪਣੀ ਜ਼ਿੰਦਗੀ ’ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਚਪਨ ਤੋਂ ਹੀ, ਉਨ੍ਹਾਂ ਨੂੰ ਵਿਤਕਰੇ ਅਤੇ ਨਾਬਰਾਬਰੀ ਦਾ ਸਾਹਮਣਾ ਕਰਨਾ ਪਿਆ। ਫਿਰ ਵੀ, ਉਨ੍ਹਾਂ ਨੇ ਅਪਣੀ ਸਾਰੀ ਜ਼ਿੰਦਗੀ ਹਿੰਦੂ ਸਮਾਜ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ। ਸਮਾਜਕ ਏਕਤਾ ਅਤੇ ਤਰੱਕੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ।’’

ਭਾਗਵਤ ਨੇ ਅਪਣੇ ਸੰਬੋਧਨ ’ਚ ਅੰਬੇਦਕਰ ਅਤੇ ਆਰ.ਐਸ.ਐਸ. ਦੇ ਸੰਸਥਾਪਕ ਡਾ. ਕੇਸ਼ਵ ਬਲੀਰਾਮ ਹੈਡਗੇਵਾਰ ਦੀ ਤੁਲਨਾ ਕਰਦਿਆਂ ਕਿਹਾ ਕਿ ਦੋਹਾਂ ਨੇ ਸਮਾਜ ਦੇ ਵਿਕਾਸ ਲਈ ਅਪਣਾ ਜੀਵਨ ਸਮਰਪਿਤ ਕਰ ਦਿਤਾ ਅਤੇ ਕੌਮੀ ਵਿਕਾਸ ਦਾ ਦ੍ਰਿਸ਼ਟੀਕੋਣ ਸਾਂਝਾ ਕੀਤਾ।  

ਭਾਜਪਾ ਮਜਬੂਰੀ ’ਚ ਅੰਬੇਦਕਰ ਅੱਗੇ ਝੁਕੀ, ‘ਆਪ’ ਉਨ੍ਹਾਂ ਦੇ ਰਾਹ ’ਤੇ ਚੱਲੀ : ਕੇਜਰੀਵਾਲ

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਭਾਜਪਾ ਮਜਬੂਰੀ ’ਚ ਡਾ. ਬੀ.ਆਰ. ਅੰਬੇਦਕਰ ਅੱਗੇ ਝੁਕਦੀ ਹੈ ਪਰ ਉਨ੍ਹਾਂ ਦੇ ਆਦਰਸ਼ਾਂ ਖਾਸ ਕਰ ਕੇ ਸਿੱਖਿਆ ਦੇ ਖੇਤਰ ’ਚ ਉਨ੍ਹਾਂ ਦੇ ਆਦਰਸ਼ਾਂ ਨੂੰ ਕਾਇਮ ਰੱਖਣ ’ਚ ਅਸਫਲ ਰਹੀ ਹੈ। 

ਅੰਬੇਦਕਰ ਦੀ ਜਯੰਤੀ ਮੌਕੇ ‘ਆਪ’ ਹੈੱਡਕੁਆਰਟਰ ’ਚ ਕਰਵਾਏ ਇਕ ਪ੍ਰੋਗਰਾਮ ’ਚ ਕੇਜਰੀਵਾਲ ਨੇ ਕਿਹਾ, ‘‘ਅਸੀਂ ਅਪਣੀ ਪਾਰਟੀ ਅਤੇ ਸਰਕਾਰ ਚਲਾਉਂਦੇ ਹੋਏ ਬਾਬਾ ਸਾਹਿਬ ਦੇ ਮਾਰਗ ’ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ, ਬਹੁਤ ਸਾਰੀਆਂ ਪਾਰਟੀਆਂ ਅਤੇ ਨੇਤਾ ਉਨ੍ਹਾਂ ਨੂੰ ਸਿਰਫ ਵਿਖਾਵੇ ਲਈ ਯਾਦ ਕਰਦੇ ਹਨ, ਉਹ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਨਹੀਂ ਕਰਦੇ। ਉਦਾਹਰਣ ਵਜੋਂ, ਕੋਈ ਹੋਰ ਪਾਰਟੀ ਸਿੱਖਿਆ ਨੂੰ ਤਰਜੀਹ ਨਹੀਂ ਦਿੰਦੀ, ਜੋ ਉਨ੍ਹਾਂ ਦੇ ਮੁੱਖ ਸਿਧਾਂਤਾਂ ’ਚੋਂ ਇਕ ਸੀ।’’

ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੀ ਭਾਜਪਾ ਸਰਕਾਰ ਸਰਕਾਰੀ ਸਕੂਲਾਂ ’ਚ ਪਿਛਲੀ ‘ਆਪ’ ਸਰਕਾਰ ਵਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਨੂੰ ਰੋਕ ਕੇ ਅੰਬੇਦਕਰ ਦੇ ਸੁਪਨੇ ਦੇ ਵਿਰੁਧ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਮੈਨੂੰ ਭਾਜਪਾ ਸ਼ਾਸਿਤ ਇਕ ਸੂਬੇ ਦਾ ਨਾਂ ਦੱਸੋ ਜਿੱਥੇ ਸਿੱਖਿਆ ਦੇ ਖੇਤਰ ਵਿਚ ਚੰਗਾ ਕੰਮ ਕੀਤਾ ਗਿਆ ਹੈ। ਪਹਿਲਾਂ ਮੈਂ ਸੋਚਦਾ ਸੀ ਕਿ ਉਨ੍ਹਾਂ ’ਚ ਸਿੱਖਿਆ ’ਚ ਸੁਧਾਰ ਕਰਨ ਦੀ ਯੋਗਤਾ ਦੀ ਘਾਟ ਹੈ ਪਰ ਹੁਣ ਮੈਨੂੰ ਯਕੀਨ ਹੈ ਕਿ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ। ਉਹ ਮਜਬੂਰੀ ’ਚ ਬਾਬਾ ਸਾਹਿਬ ਅੱਗੇ ਝੁਕਦੇ ਹਨ। ਉਹ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੇ ਸਰਬਵਿਆਪੀ ਬਾਲਗ ਵੋਟ ਲਈ ਲੜਾਈ ਲੜੀ, ਜਿਸ ਦਾ ਕਈਆਂ ਨੇ ਵਿਰੋਧ ਕੀਤਾ।’’

ਇਸ ਮੌਕੇ ਦਿੱਲੀ ‘ਆਪ’ ਦੇ ਮੁਖੀ ਸੌਰਭ ਭਾਰਦਵਾਜ ਨੇ ਕਿਹਾ ਕਿ ‘ਆਪ‘ ਬਾਬਾ ਸਾਹਿਬ ਦੇ ਆਦਰਸ਼ਾਂ ’ਤੇ ਕੰਮ ਕਰ ਰਹੀ ਹੈ। ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਸੰਵਿਧਾਨ ਰਾਹੀਂ ਕਰੋੜਾਂ ਭਾਰਤੀਆਂ ਨੂੰ ਅਧਿਕਾਰ ਦੇਣ ਦਾ ਸਿਹਰਾ ਅੰਬੇਦਕਰ ਨੂੰ ਦਿਤਾ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement