
“ਸੋਨੀਆ ਗਾਂਧੀ ਜੀ, ਸਿਆਸਤ ਪੂਰੇ ਦੇਸ਼ ਵਿਚ ਕਰ ਲਿਓ ਪਰ ਪੰਜਾਬ ਨੂੰ ਬਖ਼ਸ਼ ਦਿਓ। ਪੰਜਾਬ ਨੇ ਬਹੁਤ ਕਾਲੇ ਦਿਨ ਦੇਖੇ ਨੇ”
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਹੈ। ਫੇਸਬੁੱਕ ਲਾਈਵ ਦੌਰਾਨ ਜਾਖੜ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ ਚਾਪਲੂਸਾਂ ਨਾਲ ਘਿਰੀ ਹੋਈ ਹੈ। ਇਸ ਕਾਰਨ ਕਾਂਗਰਸ ਨੂੰ ਨੁਕਸਾਨ ਹੋ ਰਿਹਾ ਹੈ। ਉਹਨਾਂ ਨੇ ਸੋਨੀਆਂ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਬਖ਼ਸ਼ ਦੇਣ। ਉਹਨਾਂ ਕਿਹਾ ਕਿ ਸੋਨੀਆ ਗਾਂਧੀ ਪੂਰੇ ਦੇਸ਼ ਦੀ ਰਾਜਨੀਤੀ ਕਰਨ ਪਰ ਪੰਜਾਬ ਨੂੰ ਬਖਸ਼ ਦੇਣ, ਪੰਜਾਬ ਨੇ ਬਹੁਤ ਕਾਲੇ ਦਿਨ ਦੇਖੇ। ਪੰਜਾਬ ਨੂੰ ਧਰਮ ਦੇ ਅਧਾਰ 'ਤੇ ਨਹੀਂ ਦੇਖ ਸਕਦੇ, ਪੰਜਾਬ ਇਕ ਹੈ।
ਉਹਨਾਂ ਕਿਹਾ, “ਕਾਂਗਰਸ ਨਾਲ ਰਿਸ਼ਤਾ ਤਾਂ ਟੁੱਟ ਗਿਆ ਪਰ 3 ਪੀੜ੍ਹੀਆਂ ਤੇ 50 ਸਾਲਾਂ ਦਾ ਸਬੰਧ ਹੁਣ ਵੀ ਹੈ। ਜਿੱਥੇ ਪਾਰਟੀ ਲਈ ਗੁੱਸਾ ਹੈ, ਉੱਥੇ ਪਾਰਟੀ ਲਈ ਦਰਦ ਵੀ ਹੈ। ਉਦੈਪੁਰ ਵਿਚ ਜੋ ਹੋ ਰਿਹਾ ਹੈ ਉਸ ਨੂੰ ਦੇਖ ਕੇ ਕਾਂਗਰਸ ’ਤੇ ਤਰਸ ਵੀ ਆ ਰਿਹਾ ਹੈ”। ਅਤਿਵਾਦ ਦੇ ਕਾਲੇ ਦੌਰ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ 25 ਹਜ਼ਾਰ ਪੰਜਾਬੀਆਂ ਨੇ ਅਤਿਵਾਦ ਦੇ ਕਾਲੇ ਦੌਰ ’ਚ ਕੁਰਬਾਨੀਆਂ ਦਿੱਤੀਆਂ ਪਰ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਿਆ। ਅੱਜ ਇਕ ਛੋਟੀ ਸੋਚ ਵਾਲੇ ਅਖੌਤੀ ਆਗੂ ਦੀ ਜ਼ੁਬਾਨ ਨੇ ਉਹ ਕਰਨ ਦੀ ਕੋਸ਼ਿਸ਼ ਕੀਤੀ ਜੋ ਅਤਿਵਾਦ ਦੇ ਕਾਲੇ ਦਿਨਾਂ ’ਚ ਏਕੇ 47 ਦੀਆਂ ਗੋਲੀਆਂ ਵੀ ਨਹੀਂ ਕਰ ਸਕੀਆਂ ਪਰ ਪੰਜਾਬੀਆਂ ਨੇ ਮਾਹੌਲ ਨੂੰ ਸੰਭਾਲਿਆ। ਪੰਜਾਬੀਆਂ ਨੇ ਪੰਜਾਬ ਨੂੰ ਕਾਂਗਰਸ ਦੇ ਆਗੂਆਂ ਦੀ ਕਾਲੀ ਨਜ਼ਰ ਨਹੀਂ ਲੱਗਣ ਦਿੱਤੀ।
ਵਿਧਾਨ ਸਭਾ ਚੋਣਾਂ ਬਾਰੇ ਜਾਖੜ ਨੇ ਕਿਹਾ ਕਿ ਸਿੱਖਾਂ ਨੇ ਪੰਥਕ ਪਾਰਟੀ ਨੂੰ ਵੋਟ ਨਹੀਂ ਦਿੱਤੀ, ਹਿੰਦੂਆਂ ਨੇ ਭਾਜਪਾ ਨੂੰ ਵੋਟ ਨਹੀਂ ਦਿੱਤੀ ਤੇ ਨਾ ਹੀ ਦਲਿਤ ਭਾਈਚਾਰੇ ਨੇ ਕਾਂਗਰਸ ਨੂੰ ਵੋਟ ਦਿੱਤੀ। ਪੰਜਾਬੀਆਂ ਨੇ ਹਿੰਦੂ, ਮੁਸਲਿਮ, ਸਿੱਖ, ਕਰੀਸ਼ਚਨ ਜਾਂ ਦਲਿਤ ਹੋਣ ਦੇ ਨਾਤੇ ਨਹੀਂ ਸਗੋਂ ਪੰਜਾਬੀ ਹੋਣ ਦੇ ਨਾਤੇ ਰੰਗਲੇ ਪੰਜਾਬ ਦੀ ਆਸ ਵਿਚ ਵੋਟ ਪਾਈ। ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਸੱਚਮੁੱਚ ਕਾਂਗਰਸ ਨੂੰ ਚਿੰਤਾ ਹੁੰਦੀ ਤਾਂ ਕਾਂਗਰਸ ਉੱਤਰ ਪ੍ਰਦੇਸ਼ 'ਚ ਹਾਰ ਲਈ ਕਮੇਟੀ ਬਣਾ ਦਿੰਦੀ। 403 'ਚੋਂ 300 ਸੀਟਾਂ 'ਤੇ ਕਾਂਗਰਸੀ ਉਮੀਦਵਾਰ ਨੂੰ 2 ਹਜ਼ਾਰ ਵੋਟਾਂ ਵੀ ਨਾ ਮਿਲਣ ਦਾ ਕਾਰਨ ਲੱਭਦੀ। ਇਸ ਤੋਂ ਵੱਧ ਵੋਟਾਂ ਪੰਚਾਇਤ ਦੇ ਉਮੀਦਵਾਰ ਨੂੰ ਮਿਲਦੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਦੀ ਇਸ ਦੁਰਦਸ਼ਾ ਲਈ ਉਮੀਦਵਾਰ ਨਹੀਂ ਸਗੋਂ ਚੋਟੀ ਦੇ ਆਗੂ ਅਤੇ ਪਾਰਟੀ ਲੀਡਰਸ਼ਿਪ ਜ਼ਿੰਮੇਵਾਰ ਹੈ।
ਜਾਖੜ ਨੇ ਕਿਹਾ ਕਿ ਕਾਂਗਰਸ ਨੂੰ ਉਮੀਦ ਸੀ ਕਿ ਪਾਰਟੀ ਉੱਤਰਾਖੰਡ ਅਤੇ ਪੰਜਾਬ ਵਿਚ ਚੰਗਾ ਪ੍ਰਦਰਸ਼ਨ ਕਰੇਗੀ ਪਰ ਅਜਿਹਾ ਨਹੀਂ ਹੋਇਆ। ਉਹਨਾਂ ਸਵਾਲ ਕੀਤਾ ਕਿ ਕੀ ਕੋਈ ਦੱਸੇਗਾ ਕਿ ਉਤਰਾਖੰਡ ਦੇ ਮੁੱਖ ਮੰਤਰੀ ਉਮੀਦਵਾਰ ਹਰੀਸ਼ ਰਾਵਤ ਦੀ ਇਕ ਲੱਤ ਪੰਜਾਬ ਅਤੇ ਦੂਜੀ ਦੇਹਰਾਦੂਨ ਵਿਚ ਸੀ,ਕੀ ਇਹ ਸੋਚ ਕੇ ਰਾਵਤ ਨੂੰ ਇੰਚਾਰਜ ਬਣਾ ਕੇ ਭੇਜਿਆ ਗਿਆ ਸੀ? ਹਰੀਸ਼ ਰਾਵਤ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ।
ਅੰਬਿਕਾ ਸੋਨੀ ’ਤੇ ਸ਼ਬਦੀ ਵਾਰ ਕਰਦਿਆਂ ਸੁਨਿਲ ਜਾਖੜ ਨੇ ਕਿਹਾ ਕਿ ਉਹਨਾਂ ਦੀ ਜ਼ੁਬਾਨ ਨੇ ਕਾਂਗਰਸ ਦਾ ਬੇੜਾ ਗਰਕ ਕੀਤਾ। ਅੰਬਿਕਾ ਸੋਨੀ ਨੇ ਪੰਜਾਬ, ਸਿੱਖ ਅਤੇ ਸਿੱਖੀ ਦੇ ਮੱਥੇ ’ਤੇ ਕਲੰਕ ਲਾਗਇਆ। ਹਿੰਦੂਆਂ ਦਾ ਅਪਮਾਨ ਕੀਤਾ। ਕੀ ਅਜਿਹੇ ਨੇਤਾ ਨੂੰ ਕਾਂਗਰਸ ’ਚ ਰਹਿਣ ਦਾ ਹੱਕ ਹੈ? ਸੋਨੀਆ ਗਾਂਧੀ ਨੂੰ ਉਹਨਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਸਿੱਖ ਕੌਣ ਹਨ? ਹਿੰਦੂ ਸਿੱਖ ਭਾਈਚਾਰੇ ਵਿਚ ਦਰਾਰ ਪਾਉਣ ਦੀ ਇਹ ਕੋਸ਼ਿਸ਼ ਬੇਨਕਾਬ ਕਰਨਾ ਜ਼ਰੂਰੀ ਹੈ। ਅਕਾਲ ਤਖਤ ਦੇ ਜਥੇਦਾਰ ਦਾ ਇਹ ਬਿਆਨ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਣਾ ਚਾਹੀਦਾ ਹੈ ਕਿ ਪੰਜਾਬ ਵਿਚ ਹਿੰਦੂ-ਸਿੱਖ ਮਾਇਨੇ ਨਹੀਂ ਰੱਖਦਾ।
ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦਾ ਬੇੜਾ ਉਹਨਾਂ ਲੋਕਾਂ ਨੇ ਗਰਕ ਕੀਤਾ ਜਿਨ੍ਹਾਂ ਨੂੰ ਪੰਜਾਬ, ਪੰਜਾਬੀਅਤ ਅਤੇ ਸਿੱਖੀ ਬਾਰੇ ਕੁਝ ਨਹੀਂ ਪਤਾ। ਇਹ ਸਾਡੀ ਵਿਚਾਰਧਾਰਾ ਨਾਲ ਜੁੜਿਆ ਮੁੱਦਾ ਹੈ। ਜਦੋਂ ਤੱਕ ਇਹ ਲੋਕ ਤੁਹਾਡੇ ਨਾਲ ਰਹਿਣਗੇ, ਉਦੋਂ ਤੱਕ ਪੰਜਾਬ ਵਿਚ ਕਾਂਗਰਸ ਦੇ ਪੈਰ ਨਹੀਂ ਲੱਗ ਸਕਣਗੇ, ਇਸ ਨੂੰ ਪੱਲੇ ਬੰਨ੍ਹ ਲਓ । ਜਾਖੜ ਨੇ ਕਿਹਾ ਕਿ ਮੇਰੇ ਲਈ ਮੇਰਾ ਸਨਮਾਨ ਬਹੁਤ ਮਾਇਨੇ ਰੱਖਦਾ ਹੈ। ਜਿਸ ਦਿਨ ਮੈਨੂੰ ਨੋਟਿਸ ਭੇਜਿਆ ਗਿਆ ਉਸ ਦਿਨ ਹੀ ਕਾਂਗਰਸ ਨਾਲੋਂ ਰਿਸ਼ਤਾ ਟੁੱਟ ਗਿਆ ਸੀ ਪਰ 50 ਸਾਲ ਵਿਚ ਆ ਜਾਂਦੇ ਸਨ।