
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਈਡੀ ਦੀ ਪੁੱਛਗਿੱਛ ਨੂੰ ਲੈ ਕੇ ਭਾਜਪਾ 'ਤੇ ਰਾਹੁਲ ਗਾਂਧੀ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ।
ਨਵੀਂ ਦਿੱਲੀ: ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛਗਿੱਛ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਨੈਸ਼ਨਲ ਹੈਰਾਲਡ ਮਾਮਲੇ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਯਾਨੀ ਮੰਗਲਵਾਰ ਨੂੰ ਫਿਰ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਏ ਹਨ। ਉਹਨਾਂ ਨੂੰ ਸੋਮਵਾਰ ਨੂੰ ਵੀ ਈਡੀ ਦਫ਼ਤਰ ਬੁਲਾਇਆ ਗਿਆ ਅਤੇ ਕਰੀਬ 11 ਘੰਟੇ ਤੱਕ ਪੁੱਛਗਿੱਛ ਕੀਤੀ ਗਈ।
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਈਡੀ ਦੀ ਪੁੱਛਗਿੱਛ ਨੂੰ ਲੈ ਕੇ ਭਾਜਪਾ 'ਤੇ ਰਾਹੁਲ ਗਾਂਧੀ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ ਹੈ।ਉਹਨਾਂ ਨੇ ਪ੍ਰੈੱਸ ਕਾਨਫਰੰਸ 'ਚ ਸਵਾਲ ਕੀਤਾ, ''ਆਖਿਰ ਭਾਜਪਾ ਦੇ ਨਿਸ਼ਾਨੇ 'ਤੇ ਰਾਹੁਲ ਗਾਂਧੀ ਅਤੇ ਕਾਂਗਰਸ ਹੀ ਕਿਉਂ? ਕੀ ਈਡੀ ਦੀ ਕਾਰਵਾਈ ਜਨਤਕ ਮੁੱਦਿਆਂ ਨੂੰ ਉਠਾਉਣ ਵਾਲੀ ਆਵਾਜ਼ ਨੂੰ ਦਬਾਉਣ ਦੀ ਸਾਜ਼ਿਸ਼ ਹੈ? ਕੀ ਰਾਹੁਲ ਗਾਂਧੀ ਮੋਦੀ ਸਰਕਾਰ ਵੱਲੋਂ ਕੁੱਝ ਧਨਾਢਾਂ ਦੇ ਹਿੱਤਾਂ ਵਿਚ ਅੜਿੱਕਾ ਬਣ ਗਏ ਹਨ?
ਰਣਦੀਪ ਸੁਰਜੇਵਾਲਾ ਨੇ ਕਿਹਾ, "ਜਦੋਂ ਚੀਨ ਨੇ ਸਾਡੇ ਦੇਸ਼ ਦੀ ਜ਼ਮੀਨ 'ਤੇ ਜ਼ਬਰਦਸਤੀ ਕਬਜ਼ਾ ਕੀਤਾ ਅਤੇ ਸਾਡੇ ਸੈਨਿਕ ਸ਼ਹੀਦ ਹੋਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਕੋਈ ਨਹੀਂ ਆਇਆ ਹੈ'। ਉਦੋਂ ਵਿਰੋਧੀ ਧਿਰ ਦੀ ਇਕੋ ਇਕ ਆਵਾਜ਼ ਰਾਹੁਲ ਗਾਂਧੀ ਨੇ ਇਸ ਝੂਠ 'ਤੇ ਸਰਕਾਰ ਨੂੰ ਘੇਰਿਆ ਅਤੇ ਦੇਸ਼ ਦੀ ਮਿੱਟੀ ਲਈ, ਸ਼ਹੀਦ ਹੋਏ ਜਵਾਨਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ। ਅੱਜ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਮੋਦੀ ਜੀ ਚੀਨ ਨੂੰ ਭਾਰਤ ਦੀ ਸਰਹੱਦ ਤੋਂ ਪਿੱਛੇ ਨਹੀਂ ਹਟਾ ਸਕੇ। ਇਸੇ ਕਾਰਨ ਇਹਨਾਂ ਨੂੰ ਰਾਹੁਲ ਗਾਂਧੀ ਨਾਲ ਸਮੱਸਿਆ ਹੈ”। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਮਹਿੰਗਾਈ, ਵਿਗੜਦੀ ਆਰਥਿਕਤਾ, ਡਿੱਗਦੇ ਰੁਪਏ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਦੇਸ਼ ਵਿਚ ਨਫ਼ਰਤ ਦੇ ਮਾਹੌਲ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ, ਇਸ ਲਈ ਮੋਦੀ ਸਰਕਾਰ ਈਡੀ ਰਾਹੀਂ ਉਹਨਾਂ ’ਤੇ ਹਮਲਾ ਕਰ ਰਹੀ ਹੈ।
ਸੁਰਜੇਵਾਲਾ ਨੇ ਕਿਹਾ, ''ਭਾਜਪਾ ਸੱਤਾ ਦੀਆਂ ਏਜੰਸੀਆਂ ਦੇ ਡਰ ਤੋਂ ਕਿੰਨੇ ਲੋਕ ਸਮਝੌਤਾ ਕਰਕੇ, ਭਾਜਪਾ ਨੂੰ ਮੁਆਫੀ ਦੇ ਕੇ ਭਾਜਪਾ 'ਚ ਦਾਖਲ ਹੋਏ ਹਨ। ਹੁਣ ਉਹ ਦੁੱਧ ਨਾਲ ਧੋਤੇ ਗਏ ਹਨ। ਪਰ ਇਹ ਰਾਹੁਲ ਗਾਂਧੀ ਹੀ ਹਨ ਜਿਨ੍ਹਾਂ ਨੇ ਸਰਕਾਰ ਦੀਆਂ ਅੱਖਾਂ ਵਿਚ ਰੜਕ ਕੇ ਜਨਤਾ ਦੇ ਸਵਾਲ ਚੁੱਕੇ ਹਨ। ਨੈਸ਼ਨਲ ਹੈਰਾਲਡ ਦੀ ਮਲਕੀਅਤ ਵਾਲੀ ਕਾਂਗਰਸ ਦੁਆਰਾ ਸਪਾਂਸਰਡ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਵਿਚ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਨੌਂ ਮਹੀਨੇ ਪਹਿਲਾਂ ਮਨੀ ਲਾਂਡਰਿੰਗ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਸੀ। ਨੈਸ਼ਨਲ ਹੈਰਾਲਡ ਅਖਬਾਰ ਐਸੋਸੀਏਟਿਡ ਜਰਨਲਜ਼ ਲਿਮਿਟੇਡ (ਏਜੇਐਲ) ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਜਿਸਦੀ ਮਲਕੀਅਤ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਹੈ।