
ਖਹਿਰਾ ਨੇ ਕਿਹਾ ਕਿ ਜਦ ਤੋਂ ਕੈਪਟਨ ਨੇ ਪੰਜਾਬ ਕਾਂਗਰਸ ਦੀ ਵਾਗਡੋਰ ਸੰਭਾਲੀ ਹੈ ਉਸ ਨੇ ਮੁਕਾਬਲੇ ਦੇ ਡਰੋਂ ਕਿਸੇ ਵੀ ਜੱਟ ਸਿੱਖ ਲੀਡਰ ਨੂੰ ਉੱਠਣ ਨਹੀਂ ਦਿੱਤਾ।
ਚੰਡੀਗੜ੍ਹ: ਸਿੱਧੂ ਦੇ ਅਸਤੀਫ਼ੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਏਕਤਾ ਪਾਰਟੀ ਦੇ ਮੁਖੀ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਉਸ ਨੇ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਵਿਖੇ ਕੈਪਟਨ ਬਾਦਲ ਦੀ ਆਪਸੀ ਗੰਢ ਤੁੱਪ ਬਾਰੇ ਸੱਚ ਬੋਲਿਆ ਸੀ। ਖਹਿਰਾ ਨੇ ਕਿਹਾ ਕਿ ਸਮੁੱਚਾ ਵਜਾਰਤ ਵਿਚ ਫੇਰ ਬਦਲ ਮਹਿਜ ਇਕ ਡਰਾਮਾ ਸੀ ਜੋ ਕਿ ਕੈਪਟਨ ਅਤੇ ਬਾਦਲਾਂ ਦੇ ਰਿਸ਼ਤਿਆਂ ਦਾ ਖੁਲਾਸਾ ਕਰਨ ਵਾਲੇ ਸਿੱਧੂ ਨੂੰ ਸਬਕ ਸਿਖਾਉਣ ਲਈ ਘੜਿਆ ਗਿਆ ਸੀ।
Navjot Singh Sidhu
ਖਹਿਰਾ ਨੇ ਕਿਹਾ ਕਿ ਜਦ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੀ ਵਾਗਡੋਰ ਸੰਭਾਲੀ ਹੈ ਉਸ ਨੇ ਮੁਕਾਬਲੇ ਦੇ ਡਰੋਂ ਕਿਸੇ ਵੀ ਜੱਟ ਸਿੱਖ ਲੀਡਰ ਨੂੰ ਉੱਠਣ ਨਹੀਂ ਦਿੱਤਾ, ਕੈਪਟਨ ਦੇ ਇਰਦ ਗਿਰਦ ਕੇਵਲ ਖੁਸ਼ਾਮਦੀ ਲੀਡਰਾਂ ਲਈ ਹੀ ਸਥਾਨ ਹੈ। ਖਹਿਰਾ ਨੇ ਕਿਹਾ ਕਿ ਤੇਜ਼ ਤਰਾਰ ਕਾਰਜਸ਼ੈਲੀ ਕਾਰਨ ਸਿੱਧੂ ਦੀ ਲੋਕਪ੍ਰਿਅਤਾ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਸੀ, ਵਿਸ਼ੇਸ਼ ਤੌਰ ‘ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਉਸ ਦੀਆਂ ਨਜਦੀਕੀਆਂ ਕਾਰਨ ਉਸ ਦੇ ਸਨਮਾਨ ਵਿਚ ਵਾਧਾ ਹੋਇਆ।
Capt. Amrinder singh and Badal
ਖਹਿਰਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਨ ਇਕ ਰਜਵਾੜਾਸ਼ਾਹੀ ਆਗੂ ਕੈਪਟਨ ਅਮਰਿੰਦਰ ਸਿੰਘ ਕੋਲੋਂ ਇੱਕ ਚੰਗੇ ਈਮਾਨਦਾਰ ਆਗੂ ਨੂੰ ਬਚਾਉਣ ਵਿਚ ਫੇਲ ਰਹੀ ਹੈ। ਖਹਿਰਾ ਨੇ ਸਿੱਧੂ ਨੂੰ ਸੁਝਾਅ ਦਿੱਤਾ ਕਿ ਉਹ ਕਾਂਗਰਸ ਪਾਰਟੀ ਛੱਡਣ ਅਤੇ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਰਵਾਇਤੀ ਭ੍ਰਿਸ਼ਟ ਰਜਵਾੜਾਸ਼ਾਹੀ ਆਗੂਆਂ ਦੇ ਚੁੰਗਲ ਤੋਂ ਪੰਜਾਬ ਨੂੰ ਅਜ਼ਾਦ ਕਰਵਾਉਣ ਲਈ ਤੀਜੇ ਬਦਲ ਨੂੰ ਮਜ਼ਬੂਤ ਕਰਨ ਲਈ ਯਤਨ ਕਰਨ।