
ਅਕਾਲੀ ਦਲ ਬਾਦਲ ਲਈ ਪੰਜਾਬ ’ਚ ਅਪਣੀ ਹੋਂਦ ਬਰਕਰਾਰ ਰਖਣੀ ਵੱਡੀ ਚੁਨੌਤੀ
Lok Sabha Elections 2024 ਕੋਟਕਪੂਰਾ (ਗੁਰਿੰਦਰ ਸਿੰਘ): ਪੰਜਾਬ ਸਮੇਤ ਗੁਆਂਢੀ ਰਾਜਾਂ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਪੰਜਾਬੀਆਂ ਦੇ ਤਰਾਈ ਇਲਾਕੇ ਵਿਚ ਅਕਾਲੀ ਦਲ ਦੇ ਉਮੀਦਵਾਰ ਖੜੇ ਕਰਨ ਦੇ ਦਾਅਵੇ ਕਰਨ ਵਾਲੇ ਬਾਦਲ ਪ੍ਰਵਾਰ ਨੂੰ ਚੰਡੀਗੜ੍ਹ ਤੋਂ ਚੋਣ ਲੜਨ ਲਈ ਉਮੀਦਵਾਰ ਨਾ ਮਿਲਣ ਦੀ ਰਾਜਨੀਤਕ ਅਤੇ ਪੰਥਕ ਹਲਕਿਆਂ ’ਚ ਬਹੁਤ ਚਰਚਾ ਹੈ।
ਇਸ ਵਾਰ ਅਕਾਲੀ ਦਲ ਬਾਦਲ ਨੇ ਉਪਰੋਕਤ ਦਰਸਾਏ ਰਾਜਾਂ ਜਾਂ ਦਿੱਲੀ ਵਿਚ ਤਾਂ ਉਮੀਦਵਾਰ ਕੀ ਖੜੇ ਕਰਨੇ ਸਨ, ਉਲਟਾ ਬਾਦਲ ਦਲ ਨੂੰ ਪੰਜਾਬ ਵਿਚ ਵੀ ਆਪਣੀ ਹੋਂਦ ਬਰਕਰਾਰ ਰੱਖਣ ਦੀ ਚੁਨੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵੇਲੇ ਬਾਦਲ ਦਲ ਅਪਣੇ ਸੱਭ ਤੋਂ ਜ਼ਿਆਦਾ ਮਾੜੇ ਦੌਰ ਵਿਚੋਂ ਲੰਘ ਰਿਹਾ ਹੈ। ਸਾਲ 2017 ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਸਮੇਤ ਸੰਗਰੂਰ ਅਤੇ ਜਲੰਧਰ ਲੋਕ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿਚ ਵੀ ਬਾਦਲ ਦਲ ਦੇ ਉਮੀਦਵਾਰਾਂ ਦੀ ਨਿਰਾਸ਼ਾਜਨਕ ਰਹੀ ਕਾਰਗੁਜ਼ਾਰੀ ਕਾਰਨ ਪਾਰਟੀ ਲਈ ਅਪਣੀ ਹੋਂਦ ਬਰਕਰਾਰ ਰਖਣੀ ਇਸ ਵੇਲੇ ਸੱਭ ਤੋਂ ਵੱਡੀ ਚੁਨੌਤੀ ਹੈ।
ਬਾਦਲ ਦਲ ਵਲੋਂ ਕਰੀਬ 15 ਦਿਨ ਪਹਿਲਾਂ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀ ਇਕੋ ਇਕ ਸੀਟ ਤੋਂ ਅਪਣੇ ਟਕਸਾਲੀ ਅਕਾਲੀ ਆਗੂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੂੰ ਉਮੀਦਵਾਰ ਐਲਾਨਿਆਂ ਗਿਆ ਪਰ ਉਸ ਨੇ ਅਕਾਲੀ ਦਲ ਦੀ ਟਿਕਟ ਠੁਕਰਾ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਨੂੰ ਤਰਜੀਹ ਦਿਤੀ। ਅਕਾਲੀ ਦਲ ਨੂੰ 14 ਮਈ ਦੇ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅਖ਼ੀਰਲੇ ਦਿਨ ਤਕ ਕੋਈ ਵੀ ਉਮੀਦਵਾਰ ਚੰਡੀਗੜ੍ਹ ਸੀਟ ਲਈ ਨਹੀਂ ਲਭਿਆ, ਜਦਕਿ ਬਾਦਲ ਦਲ ਦੇ ਜਨਰਲ ਸਕੱਤਰ ਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਅਕਾਲੀ ਦਲ ਵਲੋਂ ਬਕਾਇਦਾ ਚੰਡੀਗੜ੍ਹ ਵਿਚ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਵੀ ਲਾਇਆ ਗਿਆ ਸੀ।
ਅਕਾਲੀ ਦਲ ਵਲੋਂ ਚੰਡੀਗੜ੍ਹ ਸੀਟ ਤੋਂ ਭਾਜਪਾ ਅਤੇ ਕਾਂਗਰਸ ਵਿਚੋਂ ਕਿਸ ਉਮੀਦਵਾਰ ਦੀ ਹਮਾਇਤ ਕੀਤੀ ਜਾਵੇਗੀ, ਇਸ ਉਪਰ ਵੀ ਸੱਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਅਕਾਲੀ ਦਲ ਦਾ ਇਸ ਵਾਰ ਭਾਜਪਾ ਅਤੇ ਬਸਪਾ ਨਾਲ ਚੋਣ ਗਠਜੋੜ ਟੁੱਟ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਲੋਂ ਚੰਡੀਗੜ੍ਹ ਸੀਟ ਤੋਂ ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ।
(For more Punjabi news apart from Discussion in political and sectarian circles of Badal Dal not getting a candidate from Chandigarh, stay tuned to Rozana Spokesman)