
ਮੁੱਖ ਮੰਤਰੀ ਮਾਨ ਨੇ PM ਮੋਦੀ 'ਤੇ ਹਮਲਾ ਬੋਲਿਆ, ਕਿਹਾ- ਮੋਦੀ ਨੇ ਸਿਰਫ ਬਿਆਨਬਾਜ਼ੀ ਕੀਤੀ ਅਤੇ ਦੇਸ਼ ਦੀ ਜਨਤਾ ਨਾਲ ਝੂਠ ਬੋਲਿਆ
ਰਾਏਪੁਰ /ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਬਸਤਰ ਪਹੁੰਚੇ। ਇਥੇ ਦੋਵਾਂ ਨੇਤਾਵਾਂ ਨੇ ਜਗਦਲਪੁਰ 'ਚ ਇਕ ਚੋਣ ਸਭਾ ਨੂੰ ਸੰਬੋਧਨ ਕੀਤਾ। ਜਨ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕੇਜਰੀਵਾਲ ਕਾਰਨ ਹੁਣ ਹੋਰ ਪਾਰਟੀਆਂ ਨੂੰ ਵੀ ਆਪਣਾ ਚੋਣ ਮਨੋਰਥ ਪੱਤਰ ਬਦਲਣਾ ਪੈ ਰਿਹਾ ਹੈ। ਉਹ ਵੀ ਹੁਣ ਆਪਣੇ ਚੋਣ ਮਨੋਰਥ ਪੱਤਰ ਵਿਚ ਸਿੱਖਿਆ ਅਤੇ ਸਿਹਤ ਨੂੰ ਵਿਸ਼ੇਸ਼ ਮਹੱਤਵ ਦੇ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਕੁੱਟਮਾਰ ਦੇ ਮਾਮਲੇ ’ਚ 13 ਵਿਦਿਆਰਥੀਆਂ ਖਿਲਾਫ਼ ਪਰਚਾ ਦਰਜ
ਵਿਰੋਧੀ ਪਾਰਟੀਆਂ ਨੂੰ ਘੇਰਦੀਆਂ ਮਾਨ ਨੇ ਕਿਹਾ ਕਿ ਛੱਤੀਸਗੜ੍ਹ ਦਾ ਪੈਸਾ ਕੁੱਝ ਸਿਆਸੀ ਪਾਰਟੀਆਂ ਨੇ ਲੁੱਟਿਆ ਹੈ। ਇਨ੍ਹਾਂ ਲੋਕਾਂ ਨੇ ਸਰਕਾਰੀ ਖਜ਼ਾਨੇ ਨੂੰ ਲੁੱਟ ਕੇ ਖਾਲੀ ਕਰ ਦਿਤਾ ਹੈ। ਭਾਸ਼ਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਨਰਿੰਦਰ ਮੋਦੀ ਸਿਰਫ ਬਿਆਨਬਾਜ਼ੀ ਕਰਦੇ ਹਨ ਅਤੇ ਦੇਸ਼ ਦੀ ਜਨਤਾ ਨਾਲ ਝੂਠ ਬੋਲਦੇ ਹਨ। ਮੈਨੂੰ ਇਹ ਵੀ ਸ਼ੱਕ ਹੈ ਕਿ ਉਹ ਚਾਹ ਬਣਾਉਣਾ ਵੀ ਨਹੀਂ ਜਾਣਦਾ।
ਇਹ ਵੀ ਪੜ੍ਹੋ: ਪ੍ਰਨੀਤ ਕੌਰ ਨੇ ਪਟਿਆਲਾ ਦੇ ਲੋਕਾਂ ਨੂੰ ਕੇਂਦਰ ਦੀ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਲਾਭ ਉਠਾਉਣ ਦੀ ਕੀਤੀ ਅਪੀਲ
ਉਨ੍ਹਾਂ ਕਿਹਾ ਕਿ ਅਸੀਂ ਭਾਜਪਾ ਵਾਂਗ ‘ਜੁਮਲਾ’ ਨਹੀਂ ਕਹਿੰਦੇ। ਅਸੀਂ ਉਹੀ ਕਰਦੇ ਹਾਂ ਜੋ ਅਸੀਂ ਗਾਰੰਟੀ ਦਿੰਦੇ ਹਾਂ। ਅਸੀਂ ਦਿੱਲੀ ਅਤੇ ਪੰਜਾਬ ਵਿਚ ਕੰਮ ਕੀਤਾ ਹੈ। ਪੰਜਾਬ ਵਿਚ ਸਿਰਫ਼ ਡੇਢ ਸਾਲ ਵਿਚ ਸਾਡੀ ਸਰਕਾਰ ਨੇ 36,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿਤੀਆਂ ਹਨ ਅਤੇ 28,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ। ਪੰਜਾਬ ਵਿਚ ਸਾਡੀ ਸਰਕਾਰ ਨੇ ਆਮ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦਿਤੀ ਹੈ। ਹੁਣ ਪੰਜਾਬ ਵਿਚ 90 ਫ਼ੀ ਸਦੀ ਤੋਂ ਵੱਧ ਘਰਾਂ ਵਿਚ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਅਤੇ ਬਿਜਲੀ 24 ਘੰਟੇ ਮਿਲਦੀ ਹੈ।
ਇਹ ਵੀ ਪੜ੍ਹੋ: ਕਾਂਗਰਸ ਨੇ ਉੱਤਰ ਪੂਰਬ ਨੂੰ ਭਾਰਤ ਦੇ ਨਕਸ਼ੇ ਤੋਂ ਹਟਾਇਆ, BJP ਬੋਲੀ- ਰਾਹੁਲ ਗਾਂਧੀ ਦਾ ਏਜੰਡਾ ਦੇਸ਼ ਨੂੰ ਟੁਕੜੇ-ਟੁਕੜੇ ਕਰਨਾ
ਅਸੀਂ ਪੰਜਾਬ ਦੇ ਲੋਕਾਂ ਦੇ ਬਿਹਤਰ ਇਲਾਜ ਲਈ ਡੇਢ ਸਾਲ ਵਿਚ 700 ਮੁਹੱਲਾ ਕਲੀਨਿਕ ਖੋਲ੍ਹੇ ਹਨ। ਜਿੱਥੇ ਲੋਕਾਂ ਦਾ ਮੁਫ਼ਤ ਇਲਾਜ, ਦਵਾਈਆਂ ਅਤੇ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅਸੀਂ ਪੰਜਾਬ ਵਿਚ ‘ਸਕੂਲ ਆਫ਼ ਐਮੀਨੈਂਸ’ ਖੋਲ੍ਹੇ ਹਨ ਜਿੱਥੇ ਬੱਚੇ ਮੁਫ਼ਤ ਵਿਚ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਲੋਕਾਂ ਨੂੰ ਸੰਬੋਧਨ ਕਰਦਿਆਂ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜਿਸ ਸਮੇਂ ਕਸ਼ਮੀਰ 'ਚ ਦੇਸ਼ ਦੇ ਜਵਾਨ ਸ਼ਹੀਦ ਹੋ ਰਹੇ ਸਨ, ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਭਾਜਪਾ ਦਫ਼ਤਰ 'ਚ ਜਸ਼ਨ ਮਨਾ ਰਹੇ ਸਨ।
ਇਹ ਵੀ ਪੜ੍ਹੋ: ਈ.ਡੀ. ਡਾਇਰੈਕਟਰ ਸੰਜੇ ਮਿਸ਼ਰਾ ਦਾ ਕਾਰਜਕਾਲ ਖਤਮ; ਰਾਹੁਲ ਨਵੀਨ ਡਾਇਰੈਕਟਰ-ਇਨ-ਚਾਰਜ ਨਿਯੁਕਤ
ਇਸ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਦੇ ਨਾਲ-ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਮੌਜੂਦ ਸਨ। ਉਨ੍ਹਾਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਜਵਾਨਾਂ ਦੀ ਸ਼ਹਾਦਤ 'ਤੇ ਦੁਖੀ ਨਹੀਂ ਹਨ? ਕੀ ਇਸ ਘਟਨਾ ਨੂੰ ਟਾਲਿਆ ਨਹੀਂ ਜਾ ਸਕਦਾ ਸੀ? ਕੇਜਰੀਵਾਲ ਨੇ ਕਿਹਾ ਕਿ ਜਦੋਂ ਤੋਂ ਦੇਸ਼ ਦੀਆਂ 28 ਪਾਰਟੀਆਂ ਨੇ ਭਾਰਤ ਗਠਜੋੜ ਦਾ ਗਠਨ ਕੀਤਾ ਹੈ, ਉਦੋਂ ਤੋਂ ਭਾਜਪਾ ਵਾਲੇ ਦੇਸ਼ ਦਾ ਨਾਂ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਹ ਦੇਸ਼ ਕਿਸੇ ਦੇ ਬਾਪ ਦਾ ਨਹੀਂ। ਇਹ ਦੇਸ਼ 140 ਕਰੋੜ ਲੋਕਾਂ ਦਾ ਦੇਸ਼ ਹੈ ਅਤੇ ਭਾਰਤ ਹਰ ਕਿਸੇ ਦੇ ਦਿਲ ਵਿਚ ਵਸਦਾ ਹੈ। ਲੋਕ ਭਾਰਤ ਨੂੰ ਪਿਆਰ ਕਰਦੇ ਹਨ।