
ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਵੋਟਾਂ ਦੀ ਝਾਕ 'ਚ ਨਿਯਮਾਂ ਨੂੰ ਛਿੱਕੇ ਟੰਗ ਕੇ ਹਰਿਆਣਾ 'ਚ ਸਥਿਤ ਡੇਰਾ ਸਿਰਸਾ ਦੇ ਮੁਖੀ ਨੂੰ ਮੁਹੱਈਆ ਕਰਵਾਈ ਸੁਰੱਖਿਆ ਛਤਰੀ ਕੈਪਟਨ..
ਬਠਿੰਡਾ, 27 ਅਗੱਸਤ (ਸੁਖਜਿੰਦਰ ਮਾਨ) : ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਵੋਟਾਂ ਦੀ ਝਾਕ 'ਚ ਨਿਯਮਾਂ ਨੂੰ ਛਿੱਕੇ ਟੰਗ ਕੇ ਹਰਿਆਣਾ 'ਚ ਸਥਿਤ ਡੇਰਾ ਸਿਰਸਾ ਦੇ ਮੁਖੀ ਨੂੰ ਮੁਹੱਈਆ ਕਰਵਾਈ ਸੁਰੱਖਿਆ ਛਤਰੀ ਕੈਪਟਨ ਸਰਕਾਰ ਦੌਰਾਨ ਵੀ ਜਾਰੀ ਰਹੀ। ਹਾਲਾਂਕਿ ਡੇਰਾ ਮੁਖੀ ਹਰਿਆਣਾ ਪੁਲਿਸ ਦੇ ਨਾਲ-ਨਾਲ ਕੇਂਦਰ ਵਲੋਂ ਜ਼ੈੱਡ ਪਲੱਸ ਸੁਰੱਖਿਆ ਵੀ ਮੁਹੱਈਆ ਕਰਵਾਈ ਹੋਈ ਸੀ। ਜੇਕਰ ਸੌਦਾ ਸਾਧ ਦੀ ਪੇਸ਼ੀ ਵਾਲੇ ਦਿਨ ਪੰਜਾਬ ਪੁਲਿਸ ਦੇ ਇਨ੍ਹਾਂ ਅੰਨ੍ਹੇ ਡੇਰਾ ਭਗਤ ਪੁਲਿਸ ਮੁਲਾਜ਼ਮਾਂ ਨੇ ਸੌਦਾ ਸਾਧ ਨੂੰ ਹਰਿਆਣਾ ਪੁਲਿਸ ਦੀ ਕਸਟੱਡੀ ਵਿਚੋਂ ਸੌਦਾ ਸਾਧ ਨੂੰ ਭਜਾਉਣ ਦੀ ਕੋਸ਼ਿਸ਼ ਨਾ ਕੀਤੀ ਹੁੰਦੀ ਤਾਂ ਇਹ ਰਾਜ ਕਦੇ ਬਾਹਰ ਨਹੀਂ ਸੀ ਨਿਕਲਣਾ।
ਸੂਤਰਾਂ ਅਨੁਸਾਰ ਹਰਿਆਣਾ ਦੀ ਪੰਚਕੂਲਾ ਪੁਲਿਸ ਵਲੋਂ ਦੇਸ਼ ਧ੍ਰੋਹ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਸੌਦਾ ਸਾਧ ਦੇ ਸੁਰੱਖਿਆ ਕਰਮਚਾਰੀਆਂ ਵਿਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਵੀ ਯੋਗਦਾਨ ਰਿਹਾ ਹੈ। ਇਸ ਤੋਂ ਇਲਾਵਾ ਪੰਚਕੂਲੇ ਤੋਂ ਫ਼ਰਾਰ ਹੋ ਕੇ ਸਿਰਸਾ ਪੁੱਜੇ ਦੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਵੀ ਸਿਰਸਾ ਦੀ ਸਦਰ ਪੁਲਿਸ ਨੇ ਦੋ ਸਰਕਾਰੀ ਏਕੇ-47 ਅਸਲਾ ਤੇ ਦੋ ਪਿਸਤੌਲਾਂ ਸਮੇਤ ਕਾਬੂ ਕਰ ਲਿਆ। ਹਰਿਆਣਾ ਦੀ ਸਿਰਸਾ ਪੁਲਿਸ ਦੇ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਰੋਹਿਤ ਅਤੇ ਸਤਵੀਰ ਨੇ ਪੁਛਗਿਛ ਦੌਰਾਨ ਇਹ ਮੰਨਿਆ ਹੈ ਕਿ ਦੋ ਥਾਣੇਦਾਰਾਂ ਸਹਿਤ ਕੁੱਲ ਸੱਤ ਪੰਜਾਬ ਪੁਲਿਸ ਦੇ ਜਵਾਨ ਡੇਰਾ ਮੁਖੀ ਦੀ ਸੁਰੱਖਿਆ ਵਿਚ ਲੱਗੇ ਹੋਏ ਸਨ।
ਸੂਤਰਾਂ ਅਨੁਸਾਰ ਪਟਿਆਲਾ ਦੇ ਸਤਵੀਰ ਸਿੰਘ ਤੋਂ ਇਲਾਵਾ ਕਾਂਸਟੇਬਲ ਪ੍ਰਵੀਨ ਕੁਮਾਰ ਵੀ ਲੰਮੇ ਸਮੇਂ ਸਮੇਂ ਤੋਂ ਡੇਰਾ ਮੁਖੀ ਦੀ ਸੁਰੱਖਿਆ 'ਚ ਡਟਿਆ ਹੋਇਆ ਸੀ। ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਐਸ.ਐਸ.ਪੀ ਅਸ਼ਵਿਨ ਸੈਨਵੀ ਨੇ ਪੰਜਾਬ ਪੁਲਿਸ ਦੇ ਦੋ ਜਵਾਨਾਂ ਨੂੰ ਹਥਿਆਰਾਂ ਸਹਿਤ ਕਾਬੂ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇੰਨ੍ਹਾਂ ਵਿਰੁਧ ਸਦਰ ਥਾਣੇ 'ਚ ਧਾਰਾ 188 ਅਤੇ ਆਰਮਜ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਸ੍ਰੀ ਸੈਨਵੀ ਨੇ ਇਹ ਵੀ ਦਸਿਆ ਕਿ ਇੰਨ੍ਹਾਂ ਦੋਨਾਂ ਵਿਰੁਧ ਪੰਚਕੂਲਾ ਦੇ ਥਾਣਾ ਸੈਕਟਰ ਪੰਜ ਵਿਖੇ ਵੀ ਦੇਸ ਧਿਰੋਹ ਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ਼ ਹੈ, ਜਿਸ ਦੇ ਚਲਦੇ ਪੁਛਪਛੜਾਲ ਲਈ ਪੰਚਕੂਲਾ ਪੁਲਿਸ ਨੂੰ ਸੌਂਪਿਆ ਜਾਵੇਗਾ।