
ਮੱਲਿਕਾਰਜੁਨ ਖੜਗੇ ਨੂੰ ਮਿਲੀਆਂ 7897 ਵੋਟਾਂ
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਕਰੀਬ 24 ਸਾਲਾਂ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦੇ ਕਿਸੇ ਨੇਤਾ ਨੂੰ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਸੀਤਾਰਾਮ ਕੇਸਰੀ ਗੈਰ-ਗਾਂਧੀ ਪ੍ਰਧਾਨ ਰਹਿ ਚੁੱਕੇ ਹਨ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ 17 ਅਕਤੂਬਰ ਨੂੰ ਵੋਟਿੰਗ ਹੋਈ ਸੀ।
ਇਹ ਮੁਕਾਬਲਾ ਪਾਰਟੀ ਦੇ ਸੀਨੀਅਰ ਨੇਤਾ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਕਾਰ ਸੀ। ਜਿਸ ਵਿਚੋਂ ਮਲਿਕਾਰਜੁਨ ਖੜਗੇ ਸ਼ਸ਼ੀ ਥਰੂਰ ਨੂੰ ਹਰਾਉਣ ਵਿਚ ਸਫਲ ਰਹੇ। ਮੱਲਿਕਾਰਜੁਨ ਖੜਗੇ ਨੂੰ 7,897 ਵੋਟਾਂ ਮਿਲੀਆਂ, ਜਦਕਿ ਸ਼ਸ਼ੀ ਥਰੂਰ ਨੂੰ 1,072 ਵੋਟਾਂ ਮਿਲੀਆਂ। ਕਾਂਗਰਸ ਦੇ ਲਗਭਗ 9900 ਡੈਲੀਗੇਟ ਪਾਰਟੀ ਪ੍ਰਧਾਨ ਦੀ ਚੋਣ ਲਈ ਵੋਟ ਪਾਉਣ ਦੇ ਯੋਗ ਸਨ।
ਉਧਰ ਵੋਟਾਂ ਦੀ ਗਿਣਤੀ ਦੌਰਾਨ ਸ਼ਸ਼ੀ ਥਰੂਰ ਦੀ ਟੀਮ ਨੇ ਪਾਰਟੀ ਦੀ ਮੁੱਖ ਚੋਣ ਅਥਾਰਟੀ ਨੂੰ ਪੱਤਰ ਲਿਖ ਕੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੌਰਾਨ "ਬਹੁਤ ਗੰਭੀਰ ਬੇਨਿਯਮੀਆਂ" ਦਾ ਮੁੱਦਾ ਉਠਾਇਆ ਅਤੇ ਮੰਗ ਕੀਤੀ ਕਿ ਸੂਬੇ ਵਿਚ ਪਈਆਂ ਸਾਰੀਆਂ ਵੋਟਾਂ ਨੂੰ ਰੱਦ ਕੀਤਾ ਜਾਵੇ। ਥਰੂਰ ਦੀ ਪ੍ਰਚਾਰ ਨੇ ਪੰਜਾਬ ਅਤੇ ਤੇਲੰਗਾਨਾ ਵਿਚ ਵੀ ਚੋਣਾਂ ਦੇ ਸੰਚਾਲਨ ਵਿਚ "ਗੰਭੀਰ ਮੁੱਦੇ" ਉਠਾਏ ਸਨ।
ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ 'ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਜਦੋਂ ਮੀਡੀਆ ਨੇ ਕਾਂਗਰਸ 'ਚ ਉਹਨਾਂ ਦੀ ਭਵਿੱਖ ਦੀ ਭੂਮਿਕਾ 'ਤੇ ਸਵਾਲ ਕੀਤਾ ਤਾਂ ਰਾਹੁਲ ਨੇ ਜਵਾਬ ਦਿੱਤਾ- ਖੜਗੇ ਜੀ ਨੂੰ ਪੁੱਛੋ, ਉਹ ਮੇਰੀ ਭੂਮਿਕਾ ਤੈਅ ਕਰਨਗੇ। ਹਾਲਾਂਕਿ ਇਸ ਬਿਆਨ ਦੇ ਕੁਝ ਹੀ ਮਿੰਟਾਂ ਬਾਅਦ ਕਾਂਗਰਸ ਨੇ ਅਧਿਕਾਰਤ ਤੌਰ 'ਤੇ ਖੜਗੇ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ। ਸ਼ਸ਼ੀ ਥਰੂਰ ਨੇ ਇਕ ਟਵੀਟ ਵਿਚ ਖੜਗੇ ਨੂੰ ਵਧਾਈ ਦਿੱਤੀ ਅਤੇ ਉਹਨਾਂ ਦਾ ਸਮਰਥਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ।