
ਚਾਰਾ ਘਪਲੇ ਦੇ ਤਿੰਨ ਮਾਮਲਿਆਂ 'ਚ ਸਜ਼ਾ ਮਿਲਣ ਤੋਂ ਬਾਅਦ ਰਾਂਚੀ ਦੀ ਬਿਰਸਾ ਮੁੰਡਾ ਜੇਲ 'ਚ ਬੰਦ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਕਰਾਰ ਦੇ ਦਿਤਾ|
ਚਾਰਾ ਘਪਲੇ ਦੇ ਤਿੰਨ ਮਾਮਲਿਆਂ 'ਚ ਸਜ਼ਾ ਮਿਲਣ ਤੋਂ ਬਾਅਦ ਰਾਂਚੀ ਦੀ ਬਿਰਸਾ ਮੁੰਡਾ ਜੇਲ 'ਚ ਬੰਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਅੱਜ ਇਥੇ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਦੁਮਕਾ ਟਰੈਜ਼ਰੀ 'ਚੋਂ ਤਿੰਨ ਕਰੋੜ 13 ਲੱਖ ਰੁਪਏ ਦੇ ਗਬਨ ਦੇ ਮਾਮਲੇ 'ਚ ਵੀ ਦੋਸ਼ੀ ਕਰਾਰ ਦੇ ਦਿਤਾ।ਅਦਾਲਤ ਨੇ ਬਿਹਾਰ ਦੇ ਦੂਜੇ ਸਾਬਕਾ ਮੁੱਖ ਮੰਤਰੀ ਜਗਨ ਨਾਥ ਮਿਸ਼ਰਾ ਸਮੇਤ 12 ਜਣਿਆਂ ਨੂੰ ਇਸ ਮਾਮਲੇ 'ਚ ਸਬੂਤਾਂ ਦੀ ਕਮੀ ਕਰ ਕੇ ਬਰੀ ਕਰ ਦਿਤਾ। ਇਸ ਮਾਮਲੇ 'ਚ ਸਜ਼ਾ 21 ਤੋਂ 23 ਮਾਰਚ ਵਿਚਕਾਰ ਸੁਣਾਈ ਜਾਵੇਗੀ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਸ਼ਿਵਪਾਲ ਸਿੰਘ ਨੇ ਲਾਲੂ ਸਮੇਤ 19 ਜਣਿਆਂ ਨੂੰ ਦੋਸ਼ੀ ਕਰਾਰ ਦਿਤਾ ਹੈ। ਆਰ.ਜੇ.ਡੀ. ਦੇ ਸੀਨੀਅਰ ਆਗੂ ਰਘੂਵੰਸ਼ ਪ੍ਰਸਾਦ ਸਿੰਘ ਨੇ ਲਾਲੂ ਨੂੰ ਦੋਸ਼ੀ ਕਰਾਰ ਦਿਤੇ ਜਾਣ ਅਤੇ ਜਗਨ ਨਾਥ ਮਿਸ਼ਰਾ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਸੀ.ਬੀ.ਆਈ. ਦਾ ਖੇਡ ਦਸਿਆ ਹੈ ਅਤੇ ਕਿਹਾ ਕਿ ਆਰ.ਜੇ.ਡੀ. ਇਸ ਮਾਮਲੇ 'ਚ ਵੀ ਝਾਰਖੰਡ ਹਾਈ ਕੋਰਟ ਜਾਵੇਗੀ।
Lallu Prasad Yadav
ਚਾਰਾ ਘਪਲੇ ਦੇ ਤਿੰਨ ਮਾਮਲਿਆਂ 'ਚ ਪਹਿਲਾਂ ਹੀ ਸਜ਼ਾ ਪਾ ਚੁੱਕੇ ਲਾਲੂ ਪ੍ਰਸਾਦ ਯਾਦ ਨੂੰ ਦੇਵਘਰ ਟਰੈਜ਼ਰੀ ਅਤੇ ਚਾਈਬਾਸਾ ਟਰੈਜ਼ਰੀ ਦੇ ਗਬਨ ਦੇ ਦੋ ਮਾਮਲਿਆਂ 'ਚ ਲੜੀਵਾਰ 23 ਦਸੰਬਰ ਅਤੇ 24 ਜਨਵਰੀ ਨੂੰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਦੇਵਘਰ ਮਾਮਲੇ 'ਚ ਉਨ੍ਹਾਂ ਦੀ ਜ਼ਮਾਨਤ ਅਪੀਲ ਹਾਈ ਕੋਰਟ ਨੇ ਖ਼ਾਰਜ ਕਰ ਦਿਤੀ ਹੈ ਜਦਕਿ ਚਾਈਬਾਸਾ ਟਰੈਜ਼ਰੀ ਮਾਮਲੇ 'ਚ ਉਨ੍ਹਾਂ ਦੀ ਜ਼ਮਾਨਤ ਅਪੀਲ ਵਿਚਾਰਅਧੀਨ ਹੈ, ਜਿਸ 'ਤੇ 23 ਮਾਰਚ ਨੂੰ ਸੁਣਵਾਈ ਹੋਵੇਗੀ।
ਲਾਲੂ ਦੀ ਤਬੀਅਤ ਖ਼ਰਾਬ ਹੋਣ ਮਗਰੋਂ ਸਨਿਚਰਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਹਸਪਪਤਾਲ ਤੋਂ ਹੀ ਉਨ੍ਹਾਂ ਨੂੰ ਫ਼ੈਸਲਾ ਸੁਣਾਉਣ ਲਈ ਅਦਾਲਤ 'ਚ ਲਿਆਂਦਾ ਗਿਆ ਸੀ। (ਪੀਟੀਆਈ)