
ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕਰਕੇ ਕਿਹਾ ਕਿ ਉਹਨਾਂ ਨੂੰ ਕਾਂਗਰਸ ਦੇ ਚਿੰਤਨ ਸ਼ਿਵਰ ਬਾਰੇ ਲਗਾਤਾਰ ਸਵਾਲ ਕੀਤੇ ਜਾ ਰਹੇ ਹਨ।
ਨਵੀਂ ਦਿੱਲੀ: ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਇਕ ਵਾਰ ਫਿਰ ਕਾਂਗਰਸ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਾਂਗਰਸ ਦੇ ਚਿੰਤਨ ਸ਼ਿਵਰ ਤੋਂ ਕੋਈ ਸਾਰਥਕ ਪ੍ਰਾਪਤੀ ਨਹੀਂ ਹੋਈ ਹੈ। ਹਾਲਾਂਕਿ ਇਸ ਨਾਲ ਕਾਂਗਰਸ ਲੀਡਰਸ਼ਿਪ ਨੂੰ ਸਥਿਤੀ ਨੂੰ ਲੰਮਾ ਖਿੱਚਣ ਦਾ ਸਮਾਂ ਮਿਲ ਗਿਆ ਹੈ। ਘੱਟੋ-ਘੱਟ ਗੁਜਰਾਤ ਅਤੇ ਹਿਮਾਚਲ ਵਿਚ ਚੁਣਾਵੀ ਹਾਰ ਤੱਕ।
ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕਰਕੇ ਕਿਹਾ ਕਿ ਉਹਨਾਂ ਨੂੰ ਕਾਂਗਰਸ ਦੇ ਚਿੰਤਨ ਸ਼ਿਵਰ ਬਾਰੇ ਲਗਾਤਾਰ ਸਵਾਲ ਕੀਤੇ ਜਾ ਰਹੇ ਹਨ। ਮੇਰੇ ਹਿਸਾਬ ਨਾਲ ਕਾਂਗਰਸ ਨੂੰ ਚਿੰਤਨ ਸ਼ਿਵਿਰ ਤੋਂ ਕੁਝ ਵੀ ਸਾਰਥਕ ਨਹੀਂ ਮਿਲਿਆ। ਹਾਲਾਂਕਿ ਕਾਂਗਰਸ ਲੀਡਰਸ਼ਿਪ ਨੂੰ ਮੌਜੂਦਾ ਮੁੱਦਿਆਂ ਨੂੰ ਘੱਟੋ-ਘੱਟ ਗੁਜਰਾਤ ਅਤੇ ਹਿਮਾਚਲ ਚੋਣਾਂ ਤੱਕ ਟਾਲਣ ਦਾ ਸਮਾਂ ਮਿਲਿਆ ਹੈ। ਹਾਲ ਹੀ ਵਿਚ ਕਾਂਗਰਸ ਨੇ ਰਾਜਸਥਾਨ ਵਿਚ ਚਿੰਤਨ ਸ਼ਿਵਿਰ ਦਾ ਆਯੋਜਨ ਕੀਤਾ ਸੀ, ਜਿਸ ਵਿਚ ਪਾਰਟੀ ਨੇ ਅੱਗੇ ਦੀ ਰਣਨੀਤੀ 'ਤੇ ਚਰਚਾ ਕੀਤੀ ਸੀ। ਪ੍ਰਸ਼ਾਂਤ ਕਿਸ਼ੋਰ ਨੇ ਹੁਣ ਇਸ ਬਾਰੇ ਟਵੀਟ ਕੀਤਾ ਹੈ।
ਪ੍ਰਸ਼ਾਂਤ ਕਿਸ਼ੋਰ ਨੇ ਜਿੱਥੇ ਚਿੰਤਨ ਸ਼ਿਵਰ ਨੂੰ ਅਸਫਲ ਦੱਸਿਆ ਹੈ, ਉਥੇ ਹੀ ਉਹਨਾਂ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ ਕਾਂਗਰਸ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਵੀ ਹਾਰ ਦਾ ਮੂੰਹ ਦੇਖਣਾ ਪਵੇਗਾ। ਦੱਸ ਦੇਈਏ ਕਿ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਇਸ ਸਾਲ ਦੇ ਅਖੀਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਧਰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਐਲਾਨ ਕੀਤਾ ਹੈ ਕਿ ਉਹ ਬਿਹਾਰ ਦੇ ਲੋਕਾਂ ਨਾਲ ਕੰਮ ਕਰਨਗੇ। ਇਸ ਨਾਲ ਉਹਨਾਂ ਦੇ ਕਾਂਗਰਸ ਵਿਚ ਜਾਣ ਦੀਆਂ ਅਟਕਲਾਂ ਵੀ ਖਤਮ ਹੋ ਗਈਆਂ ਸਨ।